ਕੈਨੇਡਾ `ਚ ਵਿਦੇਸ਼ੀ ਕਾਮਿਆਂ ਨੂੰ ਪੱਕੇ ਕਰਨ ਬਾਰੇ, ਉੱਘੇ ਪੱਤਰਕਾਰ ਜੌਹਲ ਵਲੋਂ PM ਕਾਰਨੀ ਨੂੰ ਚਿੱਠੀ
ਇਮੀਗ੍ਰੇਸ਼ਨ ਮੰਤਰੀ ਵਲੋਂ ਕੀਤਾ ਜਾਵੇਗਾ ਵਿਚਾਰ - ਕਾਰਨੀ ਦਾ ਜਵਾਬ
ਬਲਜਿੰਦਰ ਸੇਖਾ
ਟੋਰਾਂਟੋ, 19 Dec 2025- ਬੀਤੇ ਸਾਲਾਂ ਤੋਂ ਵਿਦੇਸ਼ੀ ਨੌਜਵਾਨ ਕੈਨੇਡਾ ਵਿੱਚ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਲੈ ਕੇ ਵੱਡੀ ਗਿਣਤੀ ਵਿੱਚ ਜਾਂਦੇ ਰਹੇ ਸਨ ਜਿਨ੍ਹਾਂ ਵਿੱਚ ਸਭ ਤੋਂ ਵੱਧ ਗਿਣਤੀ ਭਾਰਤੀਆਂ (ਖਾਸ ਤੌਰ `ਤੇ ਪੰਜਾਬੀਆਂ) ਦੀ ਹੈ। ਇਸੇ ਦੌਰਾਨ ਸਰਕਾਰ ਵਲੋਂ ਸਖਤ ਕੀਤੇ ਜਾ ਚੁੱਕੇ ਵੀਜਾ ਅਤੇ ਇਮੀਗ੍ਰੇਸ਼ਨ ਕਾਨੂੰਨਾਂ ਕਾਰਨ ਹੁਣ ਬਹੁਤ ਸਾਰੇ ਨੌਜਵਾਨਾਂ ਵਰਕ ਪਰਮਿਟ ਖਤਮ ਹੋਣ ਤੋਂ ਬਾਅਦ ਦੇਸ਼ ਛੱਡਣ ਲਈ ਮਜਬੂਰ ਹਨ। ਇਸ ਸੰਵੇਨਦਸ਼ੀਲ ਮੁੱਦੇ ਬਾਰੇ ਬੀਤੇ ਦਿਨ ਕੈਨੇਡਾ ਵਿੱਚ ਉੱਘੇ ਪੱਤਰਕਾਰ ਅਤੇ ਸਮਾਜ ਸੇਵੀ ਸਤਪਾਲ ਸਿੰਘ ਜੌਹਲ ਵਲੋਂ ਇਕ ਵਿਸਥਾਰਿਤ ਪੱਤਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਲਿਖਿਆ ਗਿਆ ਸੀ ਜਿਸ ਵਿੱਚ ਸ. ਜੌਹਲ ਨੇ ਕਿਹਾ ਕਿ ਕਾਨੂੰਨੀ ਤੌਰ `ਤੇ ਕੈਨੇਡਾ ਵਿੱਚ ਪੁੱਜੇ ਅਤੇ ਦੇਸ਼ ਰਹਿੰਦੇ ਹੋਏ ਸਾਰੇ ਕਾਨੂੰਨਾਂ ਦੀ ਪਾਲਣਾ ਕਰ ਰਹੇ ਨੌਜਵਾਨ ਮੁੰਡੇ ਅਤੇ ਕੁੜੀਆਂ ਨੂੰ ਪੱਕੇ ਹੋਣ ਦਾ ਵਿਸ਼ੇਸ਼ ਮੌਕਾ ਦੇਣ ਲਈ ਇਕ ਖਾਤ ਨੀਤੀ ਬਣਾਉਣ ਬਾਰੇ ਵਿਚਾਰ ਕੀਤਾ ਜਾਵੇ। ਜੌਹਲ ਨੇ ਲਿਖਿਆ ਕਿ ਕੈਨੇਡਾ ਨੂੰ ਵਿਦੇਸ਼ਾਂ ਤੋਂ ਇਮੀਗ੍ਰੇਸ਼ਨ ਦੀ ਲੋੜ ਹੈ ਜਿਸ ਕਰਕੇ ਦੇਸ਼ ਵਿੱਚ ਆਏ ਹੋਏ ਚੰਗੇ ਲੋਕਾਂ ਲਈ ਸਥਾਪਿਤੀ ਦੇ ਰਾਹ ਔਖੇ ਨਹੀਂ ਕੀਤੇ ਜਾਣੇ ਚਾਹੀਦੇ।
ਉਨ੍ਹਾਂ ਇਹ ਵੀ ਲਿਖਿਆ ਕਿ ਜੇਕਰ ਕੈਨੇਡਾ ਵਿੱਚ ਯੋਗਦਾਨ ਪਾ ਰਹੇ ਕੋਈ ਮਿਹਨਤੀ ਨੌਜਵਾਨ ਆਪਣੀ ਮਰਜੀ ਨਾਲ਼ ਆਪਣੇ ਦੇਸ਼ ਵਾਪਿਸ ਨਹੀਂ ਜਾਣਾ ਚਾਹੁੰਦੇ ਤਾਂ ਉਨ੍ਹਾਂ ਨੂੰ ਨਿਕਲ਼ ਜਾਣ ਲਈ ਮਜ਼ਬੂਰ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਕੈਨੇਡਾ ਨੂੰ ਨੌਜਵਾਨ ਪੀੜ੍ਹੀ ਦੀ ਸਖਤ ਜਰੂਰਤ ਹੈ । ਇਸ ਕਰਕੇ ਹੀ ਇਨ੍ਹਾਂ ਨੌਜਵਾਨਾਂ ਨੂੰ ਕੈਨੇਡਾ ਵਿੱਚ ਆਉਣ ਦਿੱਤਾ ਗਿਆ ਸੀ। ਦੋ ਸਫਿਆਂ ਦੇ ਆਪਣੇ ਪੱਤਰ ਵਿੱਚ ਨਾਮਵਰ ਪੱਤਰਕਾਰ ਜੌਹਲ ਨੇ ਪ੍ਰਧਾਨ ਮੰਤਰੀ ਕਾਰਨੀ ਨੂੰ ਸਾਫ ਲਿਖਿਆ ਕਿ ਪੱਕੀ ਇਮੀਗ੍ਰੇਸ਼ਨ ਦੇਣ ਤੋਂ ਪਹਿਲਾਂ ਹਰੇਕ ਕੇਸ ਦੀ ਬਾਰੀਕ-ਬੀਨੀ ਨਾਲ਼ ਘੋਖ ਕਰਨਾ ਜਰੂਰੀ ਹੈ ਤਾਂ ਕਿ ਅਪਰਾਧਿਕ ਪਿਛੋਕੜ ਵਾਲੇ ਅਰਜੀਕਰਤਾਵਾਂ ਨੂੰ ਕੈਨੇਡਾ ਵਿੱਚ ਟਿਕੇ ਰਹਿਣ ਦਾ ਮੌਕਾ ਨਾ ਮਿਲੇ। ਇਸ ਪੱਤਰ ਦੇ ਜਵਾਬ ਵਿੱਚ ਬੀਤੇ ਕੱਲ੍ਹ ਕਾਰਨੀ ਨੇ ਜੌਹਲ ਨੂੰ ਲਿਖਿਆ ਕਿ ਉਨ੍ਹਾਂ ਦੇ ਪੱਤਰ ਨਾਲ਼ ਗਹੁ ਨਾਲ਼ ਪੜ੍ਹਿਆ ਗਿਆ ਹੈ ਜਿਸ ਨੂੰ ਵਿਚਾਰਨ ਵਾਸਤੇ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੂੰ ਭੇਜਿਆ ਜਾ ਰਿਹਾ ਹੈ। ਜੌਹਲ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਕੈਨੇਡਾ ਇਕ ਮਹਾਨ ਦੇਸ਼ ਹੈ ਜਿਸ ਨੂੰ ਕਿਸੇ ਕਿੱਤੇ ਦੇ ਮਾਹਿਰ ਨੌਜਵਾਨਾਂ ਦੀ ਲੋੜ ਹੈ ਅਤੇ ਇਸ ਦੇਸ਼ ਵਿੱਚ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ਼ ਜਿੰਦਗੀ ਸਥਾਪਿਤ ਕਰਨਾ ਸੰਭਾਵ ਹੈ।