ਕੈਨੇਡਾ 'ਚ 20 ਸਾਲਾ ਭਾਰਤੀ ਸਿੱਖ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ
ਐਡਮਿੰਟਨ (ਕੈਨੇਡਾ), 8 ਦਸੰਬਰ, 2024 : ਕੈਨੇਡਾ ਦੇ ਐਡਮਿੰਟਨ ਵਿੱਚ ਇੱਕ 20 ਸਾਲਾ ਭਾਰਤੀ ਸਿੱਖ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ 6 ਦਸੰਬਰ ਦੀ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਹਰਸ਼ਨਦੀਪ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਕੈਨੇਡਾ ਦੇ ਐਡਮਿੰਟਨ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਨ ਵਾਲੇ ਹਰਸ਼ਨਦੀਪ ਸਿੰਘ ਨੂੰ ਦੋ ਵਿਅਕਤੀਆਂ ਇਵਾਨ ਰੇਨ (30) ਅਤੇ ਜੂਡਿਥ ਸੌਲਟੌਕਸ (30) ਨੇ ਉਸ ਸਮੇਂ ਮਾਰ ਦਿੱਤਾ, ਜਦੋਂ ਉਹ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਗਸ਼ਤ ਕਰ ਰਿਹਾ ਸੀ।
ਹਰਸ਼ਨਦੀਪ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਦਾ ਪੋਸਟਮਾਰਟਮ ਸੋਮਵਾਰ ਨੂੰ ਕੀਤਾ ਗਿਆ ਹੈ। 6 ਦਸੰਬਰ, 2024 ਨੂੰ ਸਿੰਘ ਦੀ ਮੌਤ ਦੇ ਸਬੰਧ ਵਿਚ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ 'ਤੇ ਫਸਟ-ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਹੈ।