ਕੇਂਦਰੀ ਬਜਟ 'ਚ ਪੰਜਾਬ ਦੀ ਅਣਦੇਖੀ ਲਈ 'ਆਪ' ਸਰਕਾਰ ਜ਼ਿੰਮੇਵਾਰ: ਸੁਖਬੀਰ ਬਾਦਲ
ਚੰਡੀਗੜ੍ਹ 1 ਫਰਵਰੀ 2026: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਬਜਟ 2026-27 ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ 'ਨਾਕਾਮ ਅਗਵਾਈ' ਕਾਰਨ ਇਸ ਵਾਰ ਵੀ ਪੰਜਾਬ ਦੇ ਹਿੱਸੇ ਬਜਟ ਵਿੱਚੋਂ ਕੁਝ ਨਹੀਂ ਆਇਆ।
ਸੂਬੇ ਦੇ ਹੱਕਾਂ ਦੀ ਵਕਾਲਤ ਕਰਨ 'ਚ ਨਾਕਾਮ ਰਹੀ ਸਰਕਾਰ
ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਸੂਬੇ ਦੇ ਹੱਕਾਂ ਦੀ ਕੇਂਦਰ ਕੋਲ ਸਹੀ ਢੰਗ ਨਾਲ ਵਕਾਲਤ ਕਰਨ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਾ ਤਾਂ ਕੋਈ ਵਿਸ਼ੇਸ਼ ਆਰਥਿਕ ਪੈਕੇਜ ਮਿਲਿਆ ਹੈ ਅਤੇ ਨਾ ਹੀ ਕਿਸੇ ਵੱਡੇ ਨਵੇਂ ਪ੍ਰੋਜੈਕਟ ਦਾ ਐਲਾਨ ਕੀਤਾ ਗਿਆ ਹੈ।
ਬਾਦਲ ਅਨੁਸਾਰ ਬਜਟ 'ਚ ਕਿਸਾਨਾਂ ਅਤੇ ਸਰਹੱਦੀ ਇਲਾਕਿਆਂ ਲਈ ਕੋਈ ਨਵੀਂ ਯੋਜਨਾ ਨਹੀਂ। ਉਦਯੋਗਪਤੀਆਂ, ਵਪਾਰੀਆਂ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਕੋਈ ਖ਼ਾਸ ਮੌਕੇ ਨਹੀਂ। ਪੰਜਾਬ ਦੇ ਬੁਨਿਆਦੀ ਢਾਂਚੇ ਲਈ ਕਿਸੇ ਵੱਡੇ ਫੰਡ ਦੀ ਅਣਹੋਂਦ। ਸੁਖਬੀਰ ਨੇ ਕੇਂਦਰੀ ਬਜਟ 'ਤੇ ਪਰਕਾਸ਼ ਸਿੰਘ ਬਾਦਲ ਦੇ ਦੌਰ ਯਾਦ ਕੀਤਾ।
ਆਪਣੇ ਬਿਆਨ ਵਿੱਚ ਉਨ੍ਹਾਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਰ ਪ੍ਰਧਾਨ ਮੰਤਰੀ ਕੋਲ ਪੰਜਾਬ ਦਾ ਪੱਖ ਮਜ਼ਬੂਤੀ ਨਾਲ ਰੱਖਿਆ ਸੀ। ਉਨ੍ਹਾਂ ਕਿਹਾ, "ਬਾਦਲ ਸਾਹਿਬ ਦੇ ਯਤਨਾਂ ਸਦਕਾ ਹੀ ਪੰਜਾਬ ਵਿੱਚ AIIMS, ਰਿਫ਼ਾਇਨਰੀ, IIM, IIT ਅਤੇ 4/6 ਲੇਨ ਰਾਸ਼ਟਰੀ ਹਾਈਵੇ ਵਰਗੇ ਵੱਡੇ ਪ੍ਰੋਜੈਕਟ ਆਏ ਸਨ।"