ਕਿਸਾਨਾਂ ਨੂੰ ਮੁੱਖ ਖੇਤੀਬਾੜੀ ਅਧਿਕਾਰੀ ਨੇ ਖੇਤਾਂ ਦੀ ਰਹਿੰਦ ਖੂੰਦ ਨੂੰ ਅੱਗ ਲਾਉਣ ਦੀ ਬਜਾਏ ਵਾਹੂਣ ਦੀ ਕੀਤੀ ਅਪੀਲ
ਰੋਹਿਤ ਗੁਪਤਾ
ਗੁਰਦਾਸਪੁਰ 13 ਮਈ 2025 - ਬਹੁਤ ਸਾਰੇ ਕਿਸਾਨਾਂ ਵੱਲੋਂ ਕਣਕ ਦੇ ਨਾੜ ਦੀ ਤੂੜੀ ਬਣਾ ਲਈ ਗਈ ਹੈ ਪ੍ਰੰਤੂ ਪਿਛਲੇ ਦਿਨੀਂ ਬਰਸਾਤ ਹੋ ਜਾਣ ਕਾਰਨ ਕੁਝ ਤੂੜੀ ਬਣਾਉਣ ਵਾਲੀ ਰਹਿੰਦੀ ਹੈ ਜਾਂ ਤੂੜੀ ਦੀ ਮੰਗ ਘੱਟ ਹੋਣ ਕਾਰਨ ਕੁਝ ਕਿਸਾਨ ਰਹਿੰਦ ਖੂਹੰਦ ਨੂੰ ਅੱਗ ਲਗਾ ਦਿੰਦੇ ਹਨ ਜਿਸ ਨਾਲ ਮੌਜੂਦਾ ਹਾਲਾਤਾਂ ਵਿਚ ਕੁਝ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ।
ਬਲਾਕ ਗੁਰਦਾਸਪੁਰ ਦੇ ਪਿੰਡ ਪੰਧੇਰ ਵਿਚ ਕਿਸਾਨ ਬੂਟਾ ਸਿੰਘ ਦੇ ਖੇਤਾਂ ਵਿਚ ਇਸ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਮੋਜੂਦਾ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨ ਵੀਰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਅਤੇ ਜਲਦ ਤੋ ਜਲਦ ਖੇਤਾ ਨੂੰ ਵਾਹ ਦੇਣ। ਨਾੜ ਸੁੱਕਾ ਹੋਣ ਕਾਰਨ ਅੱਗ ਦੇਰ ਰਾਤ ਤੱਕ ਬੱਲਦੀ ਰਹਿੰਦੀ ਹੈ। ਜਿਸ ਨਾਲ ਰਾਤ ਨੂੰ ਬਲੈਕਆਉਟ ਦੋਰਾਨ ਪ੍ਰਸ਼ਾਸਨ ਅਤੇ ਤੁਹਾਨੂੰ ਮੁਸ਼ਕਲ ਪੇਸ਼ ਆ ਸਕਦੀ ਹੈ।ਹੁਣ ਤਾਂ ਆਪਣੇ ਕੋਲ ਸਮਾਂ ਵੀ ਬਹੁਤ ਹੈ ਰਹਿੰਦ ਖੂੰਹਦ ਵੀ ਕੋਈ ਜਿਆਦਾ ਨਹੀਂ ਹੈ, ਅਸਾਨੀ ਨਾਲ ਵਿੱਚ ਵਾਹ ਕੇ ਵਧੀਆ ਖਾਦ ਦਾ ਕੰਮ ਲਿਆ ਜਾ ਸਕਦਾ ਹੈ।
ਉਨਾਂ ਕਿਹਾ ਕਿ ਤੂੜੀ ਬਨਾਉਣ ਉਪਰੰਤ ਬਹੁਤ ਘੱਟ ਮਾਤਰਾ ਵਿੱਚ ਨਾੜ ਖੇਤਾਂ ਵਿੱਚ ਬਚ ਜਾਂਦਾ ਹੈ ,ਜਿਸ ਨੂੰ ਕੁਝ ਕਿਸਾਨ ਅੱਗ ਲਗਾ ਕੇ ਸਾੜ ਦਿੰਦੇ ਹਨ ਜਿਸ ਨਾਲ ਨਾਈਟਰੋਜਨ, ਫਾਸਫੋਰਸ ਅਤੇ ਪੁਟਾਸ਼ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਲਘੂ ਤੱਤ,ਸੂਖਮ ਜੀਵ ਨਸ਼ਟ ਹੋਣ ਦੇ ਨਾਲ ਨਾਲ ਮਿੱਟੀ ਦੇ ਭੌਤਿਕੀ ਅਤੇ ਜੈਵਿਕ ਗੁਣ ਪ੍ਰਭਾਵਤ ਹੁੰਦੇ ਹਨ ।ਉਨਾਂ ਕਿਹਾ ਕਿ ਕਣਕ ਦੇ ਨਾੜ੍ਹ ਦੇ ਸੜ੍ਹਨ ਨਾਲ ਪੈਦਾ ਹੋਏ ਜ਼ਹਿਰੀਲੇ ਧੂੰਏ ਕਾਰਨ ਜ਼ਹਿਰੀਲੀਆਂ ਗੈਸਾਂ ਮਨੁੱਖੀ ਅਤੁ ਪਸ਼ੂਆਂ ਦੀ ਸਿਹਤ ਲਈ ਖਤਰਨਾਕ ਹੁੰਦੀਆਂ ਹਨ।
ਉਨਾਂ ਕੇ ਕਿਹਾ ਕਿ ਨਾੜ੍ਹ ਨੂੰ ਅੱਗ ਲਗਾਉਣ ਨਾਲ ਸੜਕਾਂ ਕਿਨਾਰੇ ਲਗਾਏ ਦਰੱਖਤ ਸੜਕੇ ਨਸ਼ਟ ਹੋ ਜਾਂਦੇ ਹਨ।ਉਨਾਂ ਕਿਹਾ ਕਿ ਬਹੁਤ ਸਾਰੇ ਕਿਸਾਨਾਂ ਦੇ ਮਿੱਤਰ ਪੰਛੀ ਆਪਣੇ ਪਰਿਵਾਰਕ ਵਾਧੇ ਲਈ ਆਂਡੇ ਖੇਤਾਂ ਅਤੇ ਖੇਤਾਂ ਦੀਆਂ ਵੱਟਾਂ ਉੱਪਰ ਦਿੰਦੇ ਹਨ ਅਤੇ ਇਨਾਂ ਅੰਡਿਆਂ ਤੋਂ ਪੈਦਾ ਹੋਣ ਵਾਲੇ ਬੱਚੇ ਜਨਮ ਤੋਂ ਪਹਿਲਾਂ ਹੀ ਅੱਗ ਨਾਲ ਸੜ ਕੇ ਖਤਮ ਹੋ ਜਾਂਦੇ ਹਨ।ਉਨ੍ਹਾਂ ਦੱਸਿਆ ਕਿ ਕਈ ਵਾਰ ਤਾਂ ਨਾੜ ਨੂੰ ਅੱਗ ਲਗਾਉਣ ਨਾਲ ਮਨੁੱਖੀ ਜੀਵਨ ਵੀ ਖਤਰੇ ਵਿਚ ਪੈ ਜਾਂਦਾ ਹੈ।ਉਨਾਂ ਕਿਹਾ ਕਿ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀ ਬਿਜਾਏ ਖੇਤ ਵਿੱਚ ਵਾਹ ਕੇ ਜਾਂ ਹਰੀ ਖਾਦ ਕਰਕੇ ਝੋਨੇ ਦੀ ਲਵਾਈ ਕਰਨੀ ਚਾਹੀਦੀ ਹੈ।
ਉਨਾਂ ਕਿਹਾ ਕਿ ਰੀਪਰ ਨਾਲ ਤੂੜੀ ਬਨਾਉਣ ਉਪਰੰਤ 20 ਕਿਲੋੋ ਜੰਤਰ ਦੇ ਬੀਜ ਦਾ ਛੱਟਾ ਦੇ ਕੇ ਬੀਜ ਦੇਣਾ ਚਾਹੀਦਾ ਹੈ ।ਉਨਾਂ ਕਿਹਾ ਕਿ ਹਰੀ ਖਾਦ ਕਰਨ ਨਾਲ ਝੋਨੇ ਦੀ ਫਸਲ ਨੂੰ ਪਾਈ ਜਾਣ ਵਾਲੀ 35% ਰਸਾਇਣਕ ਖਾਦ ਯੂਰੀਆ ਦੀ ਬੱਚਤ ਕੀਤੀ ਜਾ ਸਕਦੀ ਹੈ ਅਤੇ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਵੀ ਹੁੰਦਾ ਹੈ।ਉਨਾਂ ਨੇ ਕਿਹਾ ਕਿ ਕਣਕ ਦੇ ਨਾੜ ਦੀ ਤੂੜੀ ਬਣਾਉਣ ਉਪਰੰਤ ,ਖੇਤ ਨੂੰ ਬਗੈਰ ਵਾਹੇ ਡਰਿੱਲ ਨਾਲ ਮੂੰਗੀ ਦੀ ਬਿਜਾਈ ਕਰਕੇ ਬਾਅਦ ਵਿਚ ਪਾਣੀ ਲਗਾਇਆ ਜਾ ਸਕਦਾ ਹੈ ,ਅਜਿਹਾ ਕਰਨ ਨਾਲ ਮੂੰਗੀ ਦੀ ਬਿਜਾਈ ਨੂੰ ਪਿਛੇਤ ਹੋਣ ਤੋਂ ਬਚਾਇਆ ਜਾ ਸਕਦਾ ਹੈ।ਉਨਾਂ ਹਿਾ ਕਿ ਹਰੀ ਖਾਦ,ਮੂੰਗੀ ਦੀ ਕਾਸਤ ਅਤੇ ਕਣਕ ਦੇ ਨਾੜ ਨੂੰ ਖੇਤਾਂ ਵਿੱਚ ਦਬਾਉਣ ਨਾਲ ਨਾਂ ਸਿਰਫ ਵਧੇਰੇ ਪੈਦਾਵਾਰ ਹੀ ਮਿਲੇਗੀ ਬਲਕਿ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਵੀ ਹੋਵੇਗਾ।ਉਨਾਂ ਕਿਹਾ ਕਿ ਫਸਲੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਸੰਭਾਲ ਕੇ ਜ਼ਮੀਨ ਦੀ ਵਿਗੜ ਰਹੀ ਸਿਹਤ ਅਤੇ ਵਾਤਾਵਰਣ ਨੂੰ ਖਰਾਬ ਹੋਣ ਤੋਂ ਬਚਾਉਣ ਦੀ ਜ਼ਰੂਰਤ ਹੈ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੇ ਨਾੜ ਨੂੰ ਅੱਗ ਨਾ ਲਗਾਈ ਜਾਵੇ ਤਾਂ ਜ਼ੋ ਜ਼ਿਲਾ ਗੁਰਦਾਸਪੁਰ ਦਾ ਵਾਤਾਵਰਨ ਸ਼ੁੱਧ ਰੱਖਣ ਦੇ ਨਾਲ ਨਾਲ ਮਿੱਤਰ ਕੀੜਿਆਂ ਅਤੇ ਪੰਛੀਆਂ ਦੀ ਜਾਨ ਨੂੰ ਬਚਾਇਆ ਜਾ ਸਕਦਾ। ਉਨਾਂ ਕਿਸਾਨਾਂ ਨੂੰ ਅਪੀਲ ਕਿ ਮੌਜੂਦਾ ਹਾਲਾਤਾਂ ਨੂੰ ਮੁੱਖ ਰੱਖਦਿਆਂ ਕਣਕ ਦੇ ਨਾੜ ਨੂੰ ਅੱਗ ਨਾਂ ਲਗਾਈ ਜਾਵੇ ਤਾਂ ਜੋਂ ਕਿਸੇ ਹਾਦਸੇ ਤੋਂ ਬਚਿਆ ਜਾ ਸਕੇ।