ਕਿਰਨਦੀਪ ਨੂੰ ਮਿਲੀ ਨਵੀਂ ਜ਼ਿੰਦਗੀ: ਆਰ.ਬੀ.ਐਸ.ਕੇ. ਅਧੀਨ ਹੋਇਆ ਬੱਚੇ ਦਾ ਆਪ੍ਰੇਸ਼ਨ
ਅਸ਼ੋਕ ਵਰਮਾ
ਨਥਾਣਾ ,17 ਜੁਲਾਈ 2025 :ਸਿਵਲ ਸਰਜਨ ਬਠਿੰਡਾ ਡਾ. ਰਮਨਦੀਪ ਸਿੰਗਲਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਨਥਾਣਾ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ (ਆਰ.ਬੀ.ਐਸ.ਕੇ.) ਪ੍ਰੋਗਰਾਮ ਅਧੀਨ ਸਿਹਤ ਵਿਭਾਗ ਬਲਾਕ ਨਥਾਣਾ ਦੇ ਪਿੰਡ ਮਹਿਰਾਜ ਦੀ ਕਾਲਾ ਪੱਤੀ ਦੇ ਆਂਗਣਵਾੜੀ ਸੈਂਟਰ ਵਿਚ ਪੜ੍ਹਦੀ 3 ਸਾਲਾ ਬੱਚੀ ਦੇ ਦਿਲ ਦਾ ਆਪ੍ਰੇਸ਼ਨ ਮੁਫ਼ਤ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਡਾ. ਨਵਦੀਪ ਕੌਰ ਸਰਾਂ ਨੇ ਦੱਸਿਆ ਕਿ ਨਥਾਣਾ ਵਿਖੇ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਪ੍ਰੋਗਰਾਮ ਅਧੀਨ ਦੋ ਟੀਮਾਂ ਕੰਮ ਕਰ ਰਹੀਆਂ ਹਨ। ਇਨ੍ਹਾਂ ਵਲੋਂ ਸਾਲ ਵਿੱਚ ਇੱਕ ਵਾਰ ਬਲਾਕ ਦੇ ਸਾਰੇ ਸਰਕਾਰੀ ਸਕੂਲ ਅਤੇ ਸਾਲ ਵਿੱਚ ਦੋ ਵਾਰ ਸਾਰੇ ਆਂਗਣਵਾੜੀ ਸੈਂਟਰਾਂ ‘ਤੇ ਜਾ ਕੇ ਬੱਚਿਆਂ ਦਾ ਮੈਡੀਕਲ ਚੈੱਕਅਪ ਕੀਤਾ ਜਾਂਦਾ ਹੈ। ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਪ੍ਰੋਗਰਾਮ ਨਥਾਣਾ ਦੀ ਟੀਮ ਪਿਛਲੇ ਮਹੀਨੇ ਪਿੰਡ ਮਹਿਰਾਜ ਦੀ ਆਂਗਨਵਾੜੀ ਕਾਲਾ ਪੱਤੀ ਵਿਖੇ ਬੱਚਿਆਂ ਦੀ ਸਿਹਤ ਜਾਂਚ ਲਈ ਗਈ। ਟੀਮ ਵਿੱਚ ਡਾ. ਯੋਗੇਸ਼ ਜੋਸ਼ੀ, ਫਾਰਮੇਸੀ ਅਫ਼ਸਰ ਸੁਮਨ ਲਤਾ ਅਤੇ ਸਟਾਫ ਨਰਸ ਅਮਨਦੀਪ ਕੌਰ ਸ਼ਾਮਲ ਸਨ।
ਟੀਮ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਮਹਿਰਾਜ ਵਾਸੀ ਗੁਰਪ੍ਰੀਤ ਸਿੰਘ ਦੀ 3 ਸਾਲਾ ਪੁੱਤਰੀ ਕਿਰਨਦੀਪ ਕੌਰ ਦੇ ਦਿਲ ਵਿਚ ਸੁਰਾਖ ਹੈ, ਜਿਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਉਸਦੇ ਮਾਪਿਆਂ ਨਾਲ ਸੰਪਰਕ ਕੀਤਾ ਗਿਆ ਅਤੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਬੱਚੇ ਦਾ ਮੁਫ਼ਤ ਆਪ੍ਰੇਸ਼ਨ ਕਰਵਾਇਆ ਗਿਆ। ਡਾ. ਯੋਗੇਸ਼ ਜੋਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੇ ਨੂੰ ਹੁਣ ਹਸਪਤਾਲ ਵਿੱਚੋਂ ਛੁੱਟੀ ਮਿਲ ਚੁੱਕੀ ਹੈ ਅਤੇ ਉਹ ਬਿਲਕੁਲ ਤੰਦਰੁਸਤ ਹੈ।
ਬਲਾਕ ਐਜੂਕੇਟਰ ਪਵਨਜੀਤ ਕੌਰ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਪ੍ਰੋਗਰਾਮ ਅਧੀਨ 30 ਦੇ ਕਰੀਬ ਬੀਮਾਰੀਆਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਸਿਹਤ ਵਿਭਾਗ ਦੀ ਇਸ ਯੋਜਨਾ ਦਾ ਬਲਾਕ ਵਿੱਚ ਦਰਜਨਾਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਲਾਭ ਹੋਇਆ ਹੈ, ਲੱਖਾਂ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਆਪ੍ਰੇਸ਼ਨਾਂ ਨੂੰ ਇਸ ਯੋਜਨਾ ਤਹਿਤ ਵੱਡੇ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।