ਕਣਕ ਦੀ ਬਿਜਾਈ ਤੋਂ ਪਹਿਲਾਂ ਕੀਟਨਾਸ਼ਕ ਅਤੇ ਉੱਲੀਨਾਸ਼ਕਾਂ ਨਾਲ ਬੀਜ ਦੀ ਸੋਧ ਕਰਨ ਜ਼ਰੂਰੀ : ਡਾ. ਅਮਰੀਕ ਸਿੰਘ
ਯੰਗ ਇਨੋਵੇਟਿਵ ਕਿਸਾਨ ਸਮੂਹ,ਖੇਤੀਬਾੜੀ ਵਿਭਾਗ ਅਤੇ ਰਾਉਂਡ ਗਲਾਸ ਫਾਉਂਡੇਸ਼ਨ ਵੱਲੋਂ ਬੀਜ ਸੋਧ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ
ਰੋਹਿਤ ਗੁਪਤਾ
ਗੁਰਦਾਸਪੁਰ : 23 ਅਕਤੂਬਰ ਅਗਸਤ ਮਹੀਨੇ ਦੌਰਾਨ ਪੰਜਾਬ ਖ਼ਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੇ ਪਾਣੀ ਨਾਲ ਆਈ ਗਾਰ ਅਤੇ ਰੇਤ ਨੇ ਇਸ ਖਿੱਤੇ ਦੀ ਸਭ ਤੋਂ ਵੱਧ ਉਪਜਾਊ ਮਿੱਟੀ ਨੂੰ ਪ੍ਰਭਾਵਤ ਕੀਤਾ ਹੈ ਜਿਸ ਨੂੰ ਸੁਧਾਰਨ ਲਈ ਕਿਸਾਨਾਂ ਨੂੰ ਹੁਣ ਤੋਂ ਹੀ ਲੋੜੀਂਦੇ ਉਪਰਾਲੇ ਕਰਨੇ ਪੈਣਗੇ ,ਇਨਾਂ ਉਪਰਾਲਿਆਂ ਵਿਚ ਖੇਤਾਂ ਨੂੰ ਵਾਹੀਯੋਗ ਬਣਾ ਕੇ ਕਣਕ ਦੀ ਬਿਜਾਈ ਕਰਨੀ,ਮਿੱਟੀ ਪਰਖ ਕਰਵਾ ਕੇ ਰਿਪੋਰਟ ਦੇ ਅਧਾਰ ਤੇ ਖਾਦਾਂ ਦੀ ਵਰਤੋਂ ਕਰਨੀ,ਬਿਜਾਈ ਤੋਂ ਪਹਿਲਾਂ ਬੀਜ ਦੀ ਸੋਧ ਕਰਨੀ,ਪੋਟਾਸ਼ ਖਾਦ ਦੀ ਵਰਤੋਂ ਕਰਨੀ ਆਦਿ ਤਾਂ ਜੋ ਕਣਕ ਦੀ ਫ਼ਸਲ ਤੋਂ ਵਧੇਰੇ ਅਤੇ ਗੁਣਵੱਤਾ ਭਰਪੂਰ ਪੈਦਾਵਾਰ ਲਈ ਜਾ ਸਕੇ।ਹੜ੍ਹ ਪ੍ਰਭਾਵਤ ਪਿੰਡਾਂ ਰਸੀਂ ਕੇ ਤਲਾ,ਨਬੀਨਗਰ,ਬਰਿਆਰ,ਰਾਮਪੁਰ ਅਤੇ ਦਬੁਰਜੀ ਵਿਚ ਯੰਗ ਇੰਨੋਵੇਟਿਵ ਸਮੂਹ, ਰਾਊਂਡ ਗਲਾਸ ਫਾਊਂਡੇਸ਼ਨ ਵਲੋਂ ਬੀਜ ਦੀ ਸੋਧ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਡਾਕਟਰ ਅਮਰੀਕ ਸਿੰਘ ਸੰਸਥਾਪਕ ਅਤੇ ਸੰਯੁਕਤ ਨਿਰਦੇਸ਼ਕ (ਖ਼ੇਤੀਬਾੜੀ),ਪ੍ਰਧਾਨ ਗੁਰਬਿੰਦਰ ਸਿੰਘ ਬਾਜਵਾ, ਪਲਵਿੰਦਰ ਸਿੰਘ,ਦਿਲਬਾਗ ਸਿੰਘ ਚੀਮਾ,ਗੁਰਦਿਆਲ ਸਿੰਘ,ਠਾਕੁਰ ਰਾਮੇਸ਼ਵਰ ਸਿੰਘ ,ਗੁਰਮੁਖ ਸਿੰਘ,ਮਨਜੀਤ ਸਿੰਘ ਰਾਉਂਡ ਗਲਾਸ ਫਾਉਂਡੇਸ਼ਨ ਕਿਸਾਨ ਅਮਰੀਕ ਸਿੰਘ,ਹਰਿੰਦਰ ਸਿੰਘ,ਕੁਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਕਣਕ ਫਸਲ ਨੂੰ ਆਮ ਕਰਕੇ ਕੋਈ ਵੀ ਮੁੱਖ ਬਿਮਾਰੀ ਪ੍ਰਭਾਵਤ ਤਾਂ ਨਹੀਂ ਕਰਦੀ ਪਰ ਪਿਛਲੇ ਕੁਝ ਸਾਲਾਂ ਦੌਰਾਨ ਮੌਸਮ ਵਿੱਚ ਆ ਰਹੇ ਬਦਲਾਅ ਕਾਰਨ ਕੁਝ ਬਿਮਾਰੀਆਂ ਕਣਕ ਦੀ ਪੈਦਾਵਾਰ ਤੇ ਕਾਫੀ ਬੁਰਾ ਪ੍ਰਭਾਵ ਪਾ ਰਹੀਆਂ ਹਨ,ਜਿਨਾਂ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ।ਝੂਠੀ ਕਾਂਗਿਆਰੀ,ਪੱਤਿਆਂ ਦੀ ਕਾਂਗਿਆਰੀ ਅਤੇ ਦਾਣੇ ਦੇ ਛਿਲਕੇ ਦੀ ਕਾਲੀ ਨੋਕ ਆਦਿ ਕੁਝ ਅਜਿਹੀਆਂ ਬਿਮਾਰੀਆ ਹਨ, ਜਿਨਾਂ ਦੀ ਰੋਕਥਾਮ ਕੇਵਲ ਫਸਲ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਰਸਾਇਣਾਂ ਨਾਲ ਸੋਧ ਕੇ ਹੀ ਕੀਤੀ ਜਾ ਸਕਦੀ ਹੈ।ਉਨਾਂ ਦੱਸਿਆ ਕਿ ਜੇਕਰ ਖੇਤਾਂ ਵਿੱਚ ਸਿੳਂੁੰਕ ਦੀ ਸਮੱਸਿਆ ਹੈ ਤਾਂ ਸਭ ਤੋਂ ਪਹਿਲਾਂ 160 ਮਿਲੀ ਲਿਟਰ ਕਲੋਰੋਪਾਈਰੀਫਾਸ 20 ਈ.ਸੀ. ਜਾਂ 80 ਮਿਲੀਲਿਟਰ ਨਿਊਨਿਕਸ 20 ( ਇਮਿਡਾਕਲੋਪਰਡਿ+ਹੈਕਸਾਕੋਨੲਜ਼ੋਲ) ਫਿਪਰੋਨਿਲ 5% ਐਸ ਸੀ ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਕੇ 40 ਕਿਲੋ ਬੀਜ ਦੀ ਪੱਕੇ ਫਰਸ਼ , ਤਰਪਾਲ ਜਾਂ ਪਲਾਸਟਿਕ ਦੀ ਸ਼ੀਟ ਤੇ ਪਤਲੀ ਤਹਿ ਵਿਛਾ ਕੇ ਛਿੜਕਾਅ ਕਰਕੇ ਸੁਕਾ ਲਉ।ਨਿਊਨਿਕਸ 20 ਇਮਿਡਾਕਲੋਪਰਿਡ+ ਹੈਕਸਾਕੋਨਾਜ਼ੋਲ ) ਨਾਲ ਸੋਧੇ ਬੀਜ ਵਾਲੀ ਫਸਲ ਨੂੰ ਕਾਂਗਿਆਰੀ ਵੀ ਨਹੀਂ ਲੱਗਦੀ। ਉਨਾਂ ਦੱਸਿਆ ਕਿ ਝੂਠੀ ਕਾਂਗਿਆਰੀ,ਪੱਤਿਆਂ ਦੀ ਕਾਂਗਿਆਰੀ ਅਤੇ ਦਾਣੇ ਦੇ ਛਿਲਕੇ ਦੀ ਕਾਲੀ ਨੋਕ ਬਿਮਾਰੀਆਂ ਦੀ ਰੋਕਥਾਮ ਲਈ ਬੀਜ ਨੂੰ ਸੁਕਾਉਣ ਤੋਂ ਬਾਅਦ ਕਣਕ ਦੇ ਬੀਜ ਨੂੰ ਰੈਕਸਲ ਈਜ਼ੀ / ਓਰੀਅਸ 6 ਐਫ ਐਸ ( ਟੈਬੂਕੋਨਾਜ਼ੋਲ) 13 ਮਿਲੀ ਲਿਟਰ ਪ੍ਰਤੀ 40 ਕਿਲੋ ਬੀਜ ( 13 ਮਿ.ਲਿ. ਦਵਾਈ ਨੂੰ 400 ਮਿ.ਲਿ. ਪਾਣੀ ਵਿੱਚ ਘੋਲ ਕੇ40 ਕਿਲੋ ਬੀਜ ਨੂੰ ਲਗਾਉ) ਜਾਂ ਵੀਟਾਵੈਕਸ ਪਾਵਰ 75 ਡਬਲਿਯੂ ਐਸ( ਕਾਰਬੋਕਸਨ+ਟੈਟਰਾਮੀਥਾਈਲ ਥਾਈਯੂਰਮ ਡਾਈਸਲਫਾਈਡ) 120 ਗ੍ਰਾਮ ਜਾਂ ਵੀਟਾਵੈਕਸ 75 ਡਬਲਿਯੂ ਪੀ ( ਕਾਰਬੋਕਸਿਨ) 80 ਗ੍ਰਾਮ ਜਾਂ ਸੀਡੈਕਸ 2 ਡੀ ਐਸ/ਐਕਸਜ਼ੋਲ 2 ਡੀ ਐਸ(ਟੈਬੂਕੋਨਾਜ਼ੋਲ) 40 ਗ੍ਰਾਮ ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ।
ਪ੍ਰਧਾਨ ਗੁਰਬਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਬੀਜ ਸੌਧਣ ਲਈ ਬੀਜ ਸੋਧਕ ਡਰੰਮ ਵਿੱਚ ਸਮਰੱਥਾ ਅਨੁਸਾਰ ਬੀਜ ਪਾ ਕੇ ਸਿਫਾਰਸ਼ ਕੀਤੀ ਮਾਤਰਾ ਵਿੱਚ ਦਵਾਈ ਚੰਗੀ ਤਰਾਂ ਰਲਾ ਦੇਣੀ ਚਾਹੀਦੀ ਹੈ ਅਤੇ ਬੀਜ ਦੀ ਸੋਧ ਬਿਜਾਈ ਤੋਂ ਕਦੇ ਵੀ ਇੱਕ ਮਹੀਨੇ ਤੋਂ ਪਹਿਲਾਂ ਨਾ ਕਰੋ ,ਅਜਿਹਾ ਕਰਨ ਨਾਲ ਬੀਜ ਦੀ ਉਗਣ ਸ਼ਕਤੀ ਤੇ ਬੁਰਾ ਪ੍ਰਭਾਵ ਨਹੀਂ ਪੈਂਦਾ।ਉਨਾਂ ਦੱਸਿਆ ਕਿ ਬੀਜ ਨੂਮ ਸੋਧ ਕਰਨ ਉਪਰੰਤ ਅੱਧਾ ਕਿਲੋ ਕਨਸ਼ੋਰਸ਼ੀਅਮ ਜੀਵਾਣੂੰ ਖਾਦ ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਕੇ ਕਣਕ ਦੇ 40 ਕਿਲੋ ਬੀਜ ਨਾਲ ਚੰਗੀ ਤਰਾਂ ਮਿਲਾ ਦਿਉ।ਕਿਸਾਨ ਹਰਿੰਦਰ ਸਿੰਘ ਨੇ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੀਜ ਸੋਧਣ ਦਾ ਕੰਮ ਪਹਿਲੀ ਵਾਰ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਕਣਕ ਦੀ ਬਿਜਾਈ ਲਈ ਬੀਜ ਦੀ ਕਦੇ ਸੁਧਾਰੀ ਨਹੀਂ ਕੀਤੀ।ਉਨਾਂ ਕਿਹਾ ਕਿ ਇਨਾਂ ਦੋਵੇਂ ਸੰਸਥਾਵਾਂ ਅਤੇ ਖੇਤੀਬਾੜੀ ਵਿਭਾਗ ਤੋਂ ਮਿਲ ਰਹੇ ਸਹਿਯੋਗ ਨਾਲ ਹੜ੍ਹ ਪ੍ਰਭਾਵਤ ਕਿਸਾਨਾਂ ਨੂੰ ਰਾਹਤ ਮਹਿਸੂਸ ਹੋ ਰਹੀ ਹੈ।