ਏਸ਼ੀਅਨ ਸੌਫਟ ਟੈਨਿਸ ਚੈਂਪੀਅਨਸ਼ਿਪ 2026 ਦੀਆਂ ਤਿਆਰੀਆਂ ਸੰਬੰਧੀ ਸ਼੍ਰੀਨਗਰ ਵਿਖੇ ਉੱਚ ਪੱਧਰੀ ਮੀਟਿੰਗ ਸੰਪੰਨ
ਡਾ. ਫਾਰੂਕ ਅਬਦੁੱਲਾ ਨੇ ਪੰਜਾਬ ਸੌਫਟ ਟੈਨਿਸ ਐਸੋਸੀਏਸ਼ਨ ਦੇ ਉਪਰਾਲੇ ਦੀ ਕੀਤੀ ਸ਼ਲਾਘਾ
ਲੁਧਿਆਣਾ 09 ਜਨਵਰੀ 2026: ਆਗਾਮੀ ਏਸ਼ੀਅਨ ਸੌਫਟ ਟੈਨਿਸ ਚੈਂਪੀਅਨਸ਼ਿਪ 2026 ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਆਪਸੀ ਤਾਲਮੇਲ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਅੱਜ ਇੱਥੇ ਸ਼੍ਰੀ ਨਰਿੰਦਰ ਪਾਲ ਸਿੰਘ ਦੀ ਯੋਗ ਅਗਵਾਈ ਹੇਠ ਇੱਕ ਵਿਸ਼ੇਸ਼ ਉੱਚ ਪੱਧਰੀ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਖੇਡ ਜਗਤ ਦੇ ਕਈ ਸੀਨੀਅਰ ਅਧਿਕਾਰੀਆਂ ਅਤੇ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਜੰਮੂ-ਕਸ਼ਮੀਰ ਸੌਫਟ ਟੈਨਿਸ ਐਸੋਸੀਏਸ਼ਨ ਦੇ ਚੇਅਰਮੈਨ ਜਨਾਬ ਰਾਜਾ ਗੁਲਾਮ ਨਬੀ ਵਾਨੀ ਨੇ ਚੈਂਪੀਅਨਸ਼ਿਪ ਦੇ ਸਫਲ ਆਯੋਜਨ ਨੂੰ ਯਕੀਨੀ ਬਣਾਉਣ ਲਈ ਆਪਣੇ ਅਹਿਮ ਵਿਚਾਰ ਅਤੇ ਸੁਝਾਅ ਸਾਂਝੇ ਕੀਤੇ।
ਮੀਟਿੰਗ ਦੌਰਾਨ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਸਿਆਸੀ ਆਗੂ ਡਾ. ਫਾਰੂਕ ਅਬਦੁੱਲਾ ਨੇ ਆਪਣਾ ਵਿਸ਼ੇਸ਼ ਸੰਦੇਸ਼ ਭੇਜਦਿਆਂ ਇਸ ਉਪਰਾਲੇ ਦਾ ਭਰਪੂਰ ਸਵਾਗਤ ਕੀਤਾ। ਉਨ੍ਹਾਂ ਇਸ ਚੈਂਪੀਅਨਸ਼ਿਪ ਨੂੰ ਖੇਤਰ ਅਤੇ ਸਮੁੱਚੇ ਭਾਰਤ ਵਿੱਚ ਖੇਡ ਸਭਿਆਚਾਰ, ਖਾਸ ਕਰਕੇ ਸੌਫਟ ਟੈਨਿਸ ਨੂੰ ਪ੍ਰਫੁੱਲਿਤ ਕਰਨ ਲਈ ਇੱਕ ਸਾਰਥਕ ਅਤੇ ਹੌਂਸਲਾ-ਵਧਾਊ ਕਦਮ ਦੱਸਿਆ। ਡਾ. ਅਬਦੁੱਲਾ ਨੇ ਪੰਜਾਬ ਸੌਫਟ ਟੈਨਿਸ ਐਸੋਸੀਏਸ਼ਨ, ਭਾਗ ਲੈਣ ਵਾਲੇ ਸਮੂਹ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਇਸ ਵੱਕਾਰੀ ਟੂਰਨਾਮੈਂਟ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਜ਼ਿਕਰਯੋਗ ਹੈ ਕਿ ਏਸ਼ੀਅਨ ਸੌਫਟ ਟੈਨਿਸ ਚੈਂਪੀਅਨਸ਼ਿਪ 3 ਫਰਵਰੀ ਤੋਂ 9 ਫਰਵਰੀ 2026 ਤੱਕ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੱਸੋਵਾਲ ਵਿਖੇ ਕਰਵਾਈ ਜਾ ਰਹੀ ਹੈ। ਇਹ ਵਿਸ਼ਾਲ ਆਯੋਜਨ ਪੰਜਾਬ ਸੌਫਟ ਟੈਨਿਸ ਐਸੋਸੀਏਸ਼ਨ ਵੱਲੋਂ ਐਮੇਚਿਓਰ ਸੌਫਟ ਟੈਨਿਸ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਅਤੇ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਕੀਤਾ ਜਾ ਰਿਹਾ ਹੈ।
ਮੀਟਿੰਗ ਦੇ ਅੰਤ ਵਿੱਚ ਸਮੂਹ ਟੀਮਾਂ ਅਤੇ ਅਧਿਕਾਰੀਆਂ ਲਈ ਨੇਕ ਇੱਛਾਵਾਂ ਪ੍ਰਗਟ ਕੀਤੀਆਂ ਗਈਆਂ ਅਤੇ ਭਰੋਸਾ ਜਤਾਇਆ ਗਿਆ ਕਿ ਇਹ ਸਮਾਗਮ ਅੰਤਰਰਾਸ਼ਟਰੀ ਪੱਧਰ 'ਤੇ ਖੇਡ ਸੰਬੰਧਾਂ ਨੂੰ ਮਜ਼ਬੂਤ ਕਰੇਗਾ ਅਤੇ ਸੌਫਟ ਟੈਨਿਸ ਨੂੰ ਨਵੀਆਂ ਬੁਲੰਦੀਆਂ 'ਤੇ ਲੈ ਕੇ ਜਾਵੇਗਾ।