ਇੰਟਰਨੈਟ ਨੂੰ ਬਣਾ ਕੇ ਕੋਚ ਪਾਵਰ ਲਿਫਟਿੰਗ ਵਿੱਚ ਬੈਂਂਕਾਕ ਤੋਂ ਗੋਲਡ ਜਿੱਤ ਲਿਆਏ ਦੋ ਪੰਜਾਬੀ ਗੱਭਰੂ
ਰੋਹਿਤ ਗੁਪਤਾ
ਗੁਰਦਾਸਪੁਰ, 2 ਜੁਲਾਈ 2025 - ਸਿੱਖਣ ਅਤੇ ਮਿਹਨਤ ਕਰਨ ਦਾ ਜਜ਼ਬਾ ਹੋਏ ਤਾਂ ਅਜਿਹੀ ਕੋਈ ਵੀ ਮੰਜ਼ਿਲ ਨਹੀਂ ਜੋ ਹਾਸਲ ਨਾ ਕੀਤੀ ਜਾ ਸਕੇ। ਇਹ ਸਾਬਤ ਕਰ ਦਿੱਤਾ ਹੈ ਗੁਰਦਾਸਪੁਰ ਦੇ ਦੋ ਨੌਜਵਾਨਾਂ ਨੇ ਜਿਹੜੇ ਬਿਨਾਂ ਕਿਸੇ ਕੋਚ ਤੋਂ ਕੋਚਿੰਗ ਲਏ ਪਾਵਰ ਲਿਫਟਿੰਗ ਵਿੱਚ ਬੈਂਕਾਕ ਤੋਂ ਅੰਡਰ 17 ਉਮਰ ਵਰਗ ਵਿੱਚ ਵੱਖ-ਵੱਖ ਗੋਲਡ ਮੈਡਲ ਜਿੱਤ ਲਿਆਏ ਹਨ । ਅੱਜ ਗੁਰਦਾਸਪੁਰ ਪਰਤਨ ਤੇ ਉਹਨਾਂ ਦੇ ਪਰਿਵਾਰਾਂ ਅਤੇ ਪਿੰਡ ਵਾਲਿਆਂ ਵੱਲੋਂ ਜਹਾਜ ਚੌਂਕ ਵਿਖੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ।
ਹੁਨਰਪ੍ਰੀਤ ਸਿੰਘ ਜੋ ਪਿੰਡ ਚੋੜਾ ਕੱਲਾਂ ਦਾ ਰਹਿਣ ਵਾਲਾ ਹੈ ਤੇ ਤਰੁਨਪ੍ਰੀਤ ਸਿੰਘ ਜੋ ਅਲੂਣਾ ਦਾ ਰਹਿਣ ਵਾਲਾ ਹੈ ਇੱਕੋ ਜਿਮ ਵਿੱਚ ਪ੍ਰੈਕਟਿਸ ਕਰਦੇ ਹਨ ਅਤੇ ਉਹਨਾਂ ਨੇ ਇਹ ਮੁਕਾਮ ਬਿਨਾਂ ਕਿਸੇ ਕੋਚ ਤੋਂ ਪ੍ਰੋਫੈਸ਼ਨਲ ਟ੍ਰੇਨਿੰਗ ਲਏ ਹਾਸਿਲ ਕੀਤਾ ਹੈ ਕਿਉਂਕਿ ਪਾਵਰ ਲਿਫਟਿੰਗ ਦਾ ਪ੍ਰੋਫੈਸ਼ਨਲ ਕੋਚ ਆਲੇ ਦੁਆਲੇ ਦੇ ਕਿਸੇ ਸ਼ਹਿਰ ਵਿੱਚ ਉਪਲਬਧ ਨਹੀਂ ਹੈ। ਅਜਿਹੇ ਵਿੱਚ ਉਹਨਾਂ ਨੇ ਇੰਟਰਨੈਟ ਤੇ ਡਾਈਟ ਅਤੇ ਸੈ਼ਡਊਲ ਨੂੰ ਫਾਲੋ ਕਰਕੇ ਆਪਣੇ ਆਪ ਨੂੰ ਇਸ ਕਾਬਲ ਬਣਾਇਆ ਕਿ ਹੁਨਰਪ੍ਰੀਤ ਨੇ 75 ਕਿਲੋ ਗ੍ਰਾਮ ਭਾਰ ਵਰਗ ਅਤੇ ਤਰਨਪ੍ਰੀਤ ਨੇ 67 ਕਿਲੋ ਭਾਰ ਵਰਗ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਗੋਲਡ ਮੈਡਲ ਜਿੱਤਣ ਵਿੱਚ ਕਾਮਯਾਬੀ ਹਾਸਿਲ ਕੀਤੀ ।