ਇਨਕਲਾਬੀ ਕੇਂਦਰ ਵੱਲੋਂ ਪਹਿਲੇ ਲਾਹੌਰ ਸਾਜ਼ਿਸ਼ ਕੇਸ ਦੇ ਗ਼ਦਰੀ ਸ਼ਹੀਦਾਂ ਨੂੰ ਸ਼ਰਧਾਂਜਲੀ
ਅਸ਼ੋਕ ਵਰਮਾ
ਬਰਨਾਲਾ ,17 ਨਵੰਬਰ 2025 :ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿੱਚ 16 ਨਵੰਬਰ 1915 ਨੂੰ 19 ਵਰ੍ਹਿਆਂ ਦੇ ਭਰ ਜੁਆਨ ਗੱਭਰੂ ਕਰਤਾਰ ਸਿੰਘ ਸਰਾਭਾ, ਵਿਸ਼ਣੂ ਗਣੇਸ਼ ਪਿੰਗਲੇ, ਭਾਈ ਬਖਸ਼ੀਸ਼ ਸਿੰਘ (ਗਿੱਲਵਾਲੀ), ਭਾਈ ਸੁਰੈਣ ਸਿੰਘ ਛੋਟਾ(ਗਿੱਲਵਾਲੀ), ਭਾਈ ਸੁਰੈਣ ਸਿੰਘ ਵੱਡਾ (ਗਿੱਲਵਾਲੀ) , ਭਾਈ ਜਗਤ ਸਿੰਘ (ਸੁੁਰ ਸਿੰਘ), ਭਾਈ ਹਰਨਾਮ ਸਿੰਘ (ਸਿਆਲਕੋਟ) ਸਮੇਤ ਸੱਤ ਗ਼ਦਰੀ ਇਨਕਲਾਬੀਆਂ ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਸੀ।ਇਨਕਲਾਬੀ ਕੇਂਦਰ ਪੰਜਾਬ ਜ਼ਿਲ੍ਹਾ ਬਰਨਾਲਾ ਵੱਲੋਂ ਇਨ੍ਹਾਂ ਮਹਾਨ ਗ਼ਦਰੀ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਵਿਚਾਰ ਚਰਚਾ ਕਰਵਾਈ ਗਈ। ਇਸ ਵਿਚਾਰ ਚਰਚਾ ਵਿੱਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਗਦਰ ਲਹਿਰ ਸ਼ੁਰੂ ਹੋਣ ਸਮੇਂ ਦੇ ਇਤਿਹਾਸਕ ਪ੍ਰਸੰਗ, ਗ਼ਦਰ ਲਹਿਰ ਦੀਆਂ ਅਮਿੱਟ ਦੇਣਾਂ, ਗ਼ਦਰ ਲਹਿਰ ਦੇ ਕਾਮਯਾਬ ਨਾਂ ਹੋਣ ਸਕਣ ਦੇ ਠੋਸ ਵਿਗਿਆਨਕ ਅਧਾਰ ਅਤੇ ਮੌਜੂਦਾ ਚੁਣੌਤੀਆਂ ਦੇ ਦੌਰ ਵਿੱਚ ਗਦਰ ਲਹਿਰ ਦੀ ਮਹਾਨ ਪ੍ਰਸੰਗਕਿਤਾ ਸਬੰਧੀ ਵਿਚਾਰ ਪੇਸ਼ ਕੀਤੇ।
ਉਨ੍ਹਾਂ ਕਿਹਾ ਕਿ 110 ਸਾਲ ਪਹਿਲਾਂ ਉਸ ਸਮੇਂ ਭਾਰਤੀ ਮਿਹਨਤਕਸ਼ ਲੋਕਾਂ ਨੂੰ ਲੁੱਟ ਅਤੇ ਕੁੱਟ ਰਹੇ ਬਰਤਾਨਵੀ ਸਾਮਰਾਜੀਆਂ ਪ੍ਰਤੀ ਜ਼ੰਗ ਦੇ ਮੈਦਾਨ ਵਿੱਚ ਜੂਝਦਿਆਂ ਮੁਕਤੀ ਦਾ ਕਾਰਜ ਦਰਪੇਸ਼ ਸੀ ਤਾਂ ਮੌਜੂਦਾ ਦੌਰ ਸਮੇਂ ਸਾਮਰਾਜੀ ਦਿਉ ਕੱਦ ਦੇਸੀ ਬਦੇਸ਼ੀ ਕਾਰਪੋਰੇਟ ਗਿਰਝਾਂ ਖਿਲਾਫ਼ ਸੰਘਰਸ਼ ਜਾਰੀ ਰੱਖਦਿਆਂ, ਵਿਗਿਆਨਕ ਵਿਚਾਰਾਂ ਨੂੰ ਅਪਨਾਉਣ ਅਤੇ ਨਵਾਂ ਬਰਾਬਰਤਾ ਵਾਲਾ ਸਮਾਜ ਸਿਰਜਣ ਦਾ ਸ਼ਹੀਦਾਂ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਦਾ ਵਡੇਰਾ ਕਾਰਜ ਦਰਪੇਸ਼ ਹੈ। ਇਸੇ ਹੀ ਤਰ੍ਹਾਂ ਨੌਜਵਾਨ ਆਗੂ ਹਰਪ੍ਰੀਤ ਨੇ ਗ਼ਦਰ ਲਹਿਰ ਦੇ ਸ਼ਹੀਦਾਂ ਦੀ ਨਾਂ ਸਿਰਫ ਜੂਝ ਮਰਨ ਦੀ ਭਾਵਨਾ ਸਗੋਂ ਉਨ੍ਹਾਂ ਦੇ ਨਵਾਂ ਬਰਾਬਰਤਾ ਵਾਲਾ ਸਮਾਜ ਸਿਰਜਣ ਦੇ ਵਿਗਿਆਨਕ ਵਿਚਾਰਾਂ ਨੂੰ ਅਪਨਾਉਣ ਦੀ ਲੋੜ ਤੇ ਜੋਰ ਦਿੱਤਾ।
ਸਮਾਗਮ ਦੌਰਾਨ ਜਿੱਥੇ ਬੁਲਾਰਿਆਂ ਨੇ ਵਿਸ਼ੇ'ਤੇ ਕੇਂਦਰਤ ਰਹਿੰਦਿਆਂ ਵਿਚਾਰ ਪੇਸ਼ ਕੀਤੇ ਤਾਂ ਚੇਤੰਨ ਸਰੋਤਿਆਂ ਨੇ ਵੀ ਸਮਾਗਮ ਦੌਰਾਨ ਬੁਲਾਰਿਆਂ ਨੂੰ ਪੂਰਾ ਨਿੱਠ ਕੇ ਸੁਣਿਆ। ਸੋਨੀ ਨੰਦਵਾਲ, ਨਰਿੰਦਰ ਪਾਲ ਸਿੰਗਲਾ ਅਤੇ ਅਜਮੇਰ ਸਿੰਘ ਕਾਲਸਾਂ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸ ਸਮੇਂ ਭੈਣ ਪਰਮਜੀਤ ਕੌਰ ਜੋਧਪੁਰ, ਹਰਚਰਨ ਚਹਿਲ, ਪ੍ਰਿੰਸੀਪਲ ਹਰਨੇਕ ਸਿੰਘ ਸੋਹੀ, ਜਗਰਾਜ ਹਰਦਾਸਪੁਰਾ, ਗੁਰਮੇਲ ਸਿੰਘ ਠੁੱਲੀਵਾਲ, ਪਿਸ਼ੌਰਾ ਸਿੰਘ ਹਮੀਦੀ, ਗੁਲਵੰਤ ਸਿੰਘ ਬਰਨਾਲਾ, ਕਰਮਜੀਤ ਸਿੰਘ ਭੋਤਨਾ ਆਦਿ ਆਗੂਆਂ ਨੇ ਵੀ ਹਾਜ਼ਰੀ ਭਰੀ। ਸਟੇਜ ਸਕੱਤਰ ਦੇ ਫਰਜ਼ ਸਾਥੀ ਰਜਿੰਦਰ ਪਾਲ ਨੇ ਬਾਖ਼ੂਬੀ ਨਿਭਾਉਂਦਿਆਂ ਗ਼ਦਰ ਲਹਿਰ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ। ਸਭਨਾਂ ਸਾਥੀਆਂ ਦਾ ਧੰਨਵਾਦ ਸਾਥੀ ਜਸਪਾਲ ਚੀਮਾ ਨੇ ਕੀਤਾ।