ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੀਤੇ ਜਾ ਰਹੇ ਈ-ਚਲਾਨ: CCTV ਰਾਹੀਂ ਰੱਖੀ ਜਾ ਰਹੀ ਹੈ ਬਾਜ਼ ਨਜ਼ਰ
• ਸੀ.ਸੀ.ਟੀ.ਵੀ ਪ੍ਰਕੀਰਿਆ ਰਾਹੀ ਸ਼ਹਿਰ ਦੀ ਟਰੈਫਿਕ ਤੇ ਰੱਖੀ ਜਾ ਰਹੀ ਹੈ ਬਾਜ ਨਜਰ
• ਚਾਲਕ ਆਪਣੇ ਵਹੀਕਲ ਕੇਵਲ ਪਾਰਕਿੰਗ ਵਿੱਚ ਹੀ ਕਰਨ ਪਾਰਕ-ਰਣਜੀਤ ਸਿੰਘ ਬੈਂਸ
ਮਾਲੇਰਕੋਟਲਾ 17 ਮਾਰਚ 2025 - ਐਸ.ਐਸ.ਪੀ ਮਾਲੇਰਕੋਟਲਾ ਸ. ਗਗਨ ਅਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐਸ.ਪੀ ਸਪੈਸ਼ਲ ਬ੍ਰਾਂਚ ਕਮ ਟਰੈਫਿਕ ਮਾਲੇਰਕੋਟਲਾ ਰਣਜੀਤ ਸਿੰਘ ਬੈਂਸ ਅਤੇ ਇੰਚਾਰਜ ਟਰੈਫਿਕ ਐਸ.ਆਈ ਬਲਵੀਰ ਸਿੰਘ ਅਤੇ ਏ.ਐਸ.ਆਈ ਗੁਰਮੁੱਖ ਸਿੰਘ ਵੱਲੋਂ ਸ਼ਹਿਰ ਵਿੱਚ ਟਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਹਨਾ ਯਤਨਾਂ ਸਦਕਾਂ ਸ਼ਹਿਰ ਵਿੱਚ ਬਹੁਤ ਹੱਦ ਤੱਕ ਟਰੈਫਿਕ ਸਮੱਸਿਆ ਨੂੰ ਹੱਲ ਕੀਤਾ ਗਿਆ ਹੈ। ਸ਼ਹਿਰ ਦੇ ਲੋਕਾਂ ਦੇ ਸਹਿਯੋਗ ਸਦਕਾਂ ਟਰੈਫਿਕ ਦੀ ਸਮੱਸਿਆ ਉੱਪਰ ਕਟੰਰੋਲ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਅਤੇ ਏ.ਡੀ.ਜੀ ਟਰੈਫਿਕ ਦੀਆਂ ਹਦਾਇਤਾਂ ਅਨੁਸਾਰ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਵੀਂ ਸੁਰੂ ਕੀਤੀ ਈ-ਚਲਾਨ ਪ੍ਰਣਾਲੀ ਰਾਹੀਂ ਟਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਮਾਲੇਰਕੋਟਲਾ ਕੰਟਰੋਲ ਰੂਮ ਉੱਪਰ ਸਥਾਪਿਤ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਟਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਦਿਆਂ ਈ-ਚਲਾਨ ਮਸ਼ੀਨ ਰਾਹੀਂ ਆਨਲਾਇਨ ਚਲਾਨ ਕੀਤੇ ਜਾ ਰਹੇ ਹਨ। ਜਿਸ ਵਿੱਚ ਮੁੱਖ ਤੌਰ ਤੇ ਟਰੈਫਿਕ ਚਲਾਨ ਤਿੰਨ ਸਵਾਰੀ, ਗਲਤ ਪਾਰਕਿੰਗ ਅਤੇ ਟਰੈਫਿਕ ਨਾਕੇ ਤੇ ਪੁਲਿਸ ਇਸ਼ਾਰੇ ਦੀ ਉਲੰਘਣਾਂ ਕਰਨ ਵਾਲਿਆਂ ਖਿਲਾਫ ਕੀਤੇ ਰਹੇ ਹਨ।
ਇਸ ਤੋਂ ਇਲਾਵਾ ਡੀ.ਐਸ.ਪੀ ਸਪੈਸ਼ਲ ਬ੍ਰਾਂਚ ਕਮ ਟਰੈਫਿਕ ਮਾਲੇਰਕੋਟਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਬਲਿਕ ਲਈ ਕਾਰ ਪਾਰਕਿੰਗ ਲਈ ਸ਼ਹਿਰ ਵਿੱਚ ਵੱਖ-ਵੱਖ ਥਾਵਾਂ (ਕਾਲੀ ਮਾਤਾ ਮੰਦਰ ਦੇ ਪਿਛਲੇ ਪਾਸੇ, ਕਲੱਬ ਚੌਂਕ ਨੇੜੇ ਕੈਪੀਟਲ ਬੈਂਕ, ਸਰਹੰਦੀ ਗੇਟ ਸਾਹਮਣੇ ਇੰਪਰੂਵਮੈਂਟ ਟਰੱਸਟ ਦੀ ਜਗ੍ਹਾ ਵਿੱਚ, ਹਨੂੰਮਾਨ ਮੰਦਰ) ਤੇ ਪ੍ਰਾਈਵੇਟ ਤੌਰ ਤੇ ਪਬਲਿਕ ਦੇ ਸਹਿਯੋਗ ਨਾਲ ਕਾਰ ਪਾਰਕਿੰਗ ਖੋਲੀਆਂ ਗਈਆਂ ਹਨ। ਜਿਸ ਸਬੰਧੀ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਟਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਵਾਹਨਾਂ ਦੀ ਸਹੀ ਜਗ੍ਹਾ ਪਾਰਕਿੰਗ ਕਰਨ ਅਤੇ ਦੋ ਪਹੀਆ ਵਾਹਨ ਪਰ ਤਿੰਨ ਸਵਾਰੀ ਸਫਰ ਕਰਨ ਤੋਂ ਗੁਰੇਜ ਕਰਨ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ।