ਆਪ’ ਸਰਕਾਰ ਨੇ ਬਿਨਾ ਰਿਸ਼ਵਤ ਸਰਕਾਰੀ ਨੌਕਰੀਆਂ ਦੇਣ ਦਾ ਬਣਾਇਆ ਰਿਕਾਰਡ- ਸਪੀਕਰ ਸੰਧਵਾਂ
- ਸ਼ਹਿਰ ਦੀ ਸਫ਼ਾਈ ਲਈ ਸਭ ਤੋਂ ਵਧੀਆ ਕੰਮ ਕਰਨ ਵਾਲੇ ਪੰਜ ਸਫਾਈ ਸੇਵਕਾਂ ਨੂੰ ਦੁਬਈ ਦੀ ਸੈਰ ਕਰਵਾਈ ਜਾਵੇਗੀ- ਸੰਧਵਾਂ
-ਸਪੀਕਰ ਸੰਧਵਾਂ ਨੇ 150 ਸਫਾਈ ਸੇਵਕਾਂ ਨੂੰ ਸੋਂਪੇ ਨਿਯੁਕਤੀ ਪੱਤਰ
ਪਰਵਿੰਦਰ ਸਿੰਘ ਕੰਧਾਰੀ
ਕੋਟਕਪੂਰਾ, 13 ਮਈ 2025 : ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੁਣ ਤੱਕ 52 ਹਜਾਰ ਤੋਂ ਜਿਆਦਾ ਨੌਜਵਾਨ ਲੜਕੇ-ਲੜਕੀਆਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ ਜਾ ਚੁੱਕੇ ਹਨ, ਇਕ ਵੀ ਸ਼ਿਕਾਇਤ ਸਾਹਮਣੇ ਨਹੀਂ ਆਈ ਕਿ ਕਿਸੇ ਬਿਨੈਕਾਰ ਨੂੰ ਸਿਫਾਰਸ਼ ਪਵਾਉਣ ਜਾਂ ਰਿਸ਼ਵਤ ਦੇਣ ਦੀ ਨੌਬਤ ਸਾਹਮਣੇ ਆਈ ਹੋਵੇ। ਇਹ ਪ੍ਰਗਟਾਵਾ ਸ.ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਨਗਰ ਕੌਂਸਲ ਕੋਟਕਪੂਰਾ ਦਫਤਰ ਵਿੱਚ 150 ਸਫਾਈ ਸੇਵਕਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਕੀਤਾ ।
ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਅ ਦੀ ਰਾਜਨੀਤੀ ਤਹਿਤ ਪਹਿਲੇ ਦਿਨ ਤੋਂ ਹੀ ਵਿਕਾਸ ਕਾਰਜ ਆਰੰਭ ਦਿੱਤੇ ਅਤੇ ਬੇਰੁਜਗਾਰ ਨੌਜਵਾਨਾਂ ਨੂੰ ਮੈਰਿਟ ਦੇ ਟੈਸਟ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ,ਅਸੀਂ ਪੰਜਾਬ ਨੂੰ ਖੁਸ਼ਹਾਲ ਅਤੇ ਰੰਗਲਾ ਬਣਾਉਣ ਲਈ ਬਕਾਇਦਾ ਯਤਨ ਕਰ ਰਹੇ ਹਾਂ।
ਸਪੀਕਰ ਸ. ਸੰਧਵਾਂ ਨੇ ਦੇਸ਼ ਦੇ ਪਹਿਲੇ ਸੋਹਣੇ ਸ਼ਹਿਰ ਇੰਦੋਰ ਦੀ ਉਦਾਹਰਨ ਦਿੰਦਿਆਂ ਆਖਿਆ ਕਿ ਪੰਜਾਬ ਭਰ ਦੀਆਂ ਨਗਰ ਕੌਂਸਲਾਂ, ਨਗਰ ਪੰਚਾਇਤਾਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀਆਂ ਟੀਮਾ ਸਰਕਾਰ ਨੇ ਇੰਦੋਰ ਵਿਖੇ ਭੇਜੀਆਂ ਸਨ ਪਰ ਅੱਜ ਮੈਂ ਇਸ ਮੰਚ ਤੋਂ ਐਲਾਨ ਕਰਦਾ ਹਾਂ ਕਿ ਮੇਰੇ ਵੱਲੋਂ ਦੀਵਾਲੀ ਮੌਕੇ ਉਹਨਾ ਨੂੰ ਪੰਜ ਸਫਾਈ ਸੇਵਕਾਂ ਦੀ ਚੋਣ ਕੀਤੀ ਜਾਵੇਗੀ, ਜਿੰਨਾ ਦੇ ਆਪਣੇ ਇਲਾਕੇ ਨੂੰ ਸੋਹਣਾ ਬਣਾਉਣ ਵਿੱਚ ਯੋਗਦਾਨ ਸਬੰਧੀ ਉਸ ਗਲੀ-ਮੁਹੱਲੇ ਜਾਂ ਇਲਾਕੇ ਦੇ ਲੋਕ ਸਿਫਾਰਸ਼ਾਂ ਕਰਨਗੇ, ਉਹਨਾਂ ਪੰਜ (ਮਰਦ/ਔਰਤਾਂ) ਸਫਾਈ ਸੇਵਕਾਂ ਨੂੰ ਦੁਬਈ ਦੀ ਮੁਫਤ ਸੈਰ ਕਰਵਾਈ ਜਾਵੇਗੀ ਅਤੇ ਉੱਥੋਂ ਦੀ ਸੁੰਦਰਤਾ ਬਾਰੇ ਜਾਣਕਾਰੀ ਵੀ ਪ੍ਰਾਪਤ ਹੋਵੇਗੀ।
ਸਪੀਕਰ ਸ.ਸੰਧਵਾਂ ਨੇ ਸਪੱਸ਼ਟ ਕੀਤਾ ਕਿ ਉਹ ਕੋਟਕਪੂਰਾ ਸ਼ਹਿਰ ਨੂੰ ਇੰਦੋਰ ਤੋਂ ਵੀ ਜਿਆਦਾ ਸੁੰਦਰ ਸ਼ਹਿਰ ਬਣਾਉਣ ਦੇ ਇਛੁੱਕ ਹਨ ਅਤੇ ਇਸ ਲਈ ਸ਼ਹਿਰ ਨਿਵਾਸੀਆਂ ਦੇ ਨਾਲ ਨਾਲ ਸਫਾਈ ਸੇਵਕਾਂ ਦੇ ਦਿ੍ੜ ਇਰਾਦੇ ਅਤੇ ਯੋਗਦਾਨ ਦੀ ਸਖਤ ਜਰੂਰਤ ਹੈ। ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਤੋਂ ਇਲਾਵਾ ਨਵ-ਨਿਯੁਕਤ ਸਫਾਈ ਸੇਵਕਾਂ ਨੇ ਸਪੀਕਰ ਸੰਧਵਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਇਮਾਨਦਾਰੀ ਅਤੇ ਸਮਰਪਿਤ ਭਾਵਨਾ ਨਾਲ ਡਿਊਟੀ ਨਿਭਾਅ ਕੇ ਸ਼ਹਿਰ ਨੂੰ ਬਹੁਤ ਹੀ ਸੁੰਦਰ ਰੂਪ ਦੇਣ ਦੀ ਕੋਸ਼ਿਸ਼ ਕਰਨਗੇ ਅਤੇ ਇਸ ਸਬੰਧੀ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸੇ ਵੀ ਸ਼ਹਿਰ ਨਿਵਾਸੀ ਨੂੰ ਸ਼ਿਕਾਇਤ ਕਰਨ ਦੀ ਨੌਬਤ ਨਾ ਆਵੇ।
ਕਾਰਜ ਸਾਧਕ ਅਫਸਰ ਨਗਰ ਕੋਂਸਲ ਕੋਟਕਪੂਰਾ ਸ.ਅਮਰਇੰਦਰ ਸਿੰਘ ਨੇ ਸਪੀਕਰ ਸੰਧਵਾਂ ਨੂੰ ਜੀ ਆਇਆਂ ਆਖਿਆ, ਜਦਕਿ ਭੁਪਿੰਦਰ ਸਿੰਘ ਸੱਗੂ ਪ੍ਰਧਾਨ ਨਗਰ ਕੌਂਸਲ ਨੇ ਸਪੀਕਰ ਸੰਧਵਾਂ ਸਮੇਤ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਸਮੇਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਵਲੰਟੀਅਰ ਅਤੇ ਇਲਾਕੇ ਦੀਆਂ ਉੱਘੀਆਂ ਸ਼ਖਸ਼ੀਅਤਾਂ ਵੀ ਹਾਜਰ ਸਨ।