ਅੰਮ੍ਰਿਤਸਰ: ਪਾਕਿਸਤਾਨੀ ਹੱਦ 'ਚ ਦਾਖ਼ਲ ਹੋਇਆ ਏਅਰ ਇੰਡੀਆ ਦਾ ਜਹਾਜ਼, DGCA ਵੱਲੋਂ ਜਾਂਚ ਸ਼ੁਰੂ
22 ਜੂਨ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ 'ਗੋ-ਅਰਾਊਂਡ' (ਚੱਕਰ ਕੱਟਣ) ਦੌਰਾਨ ਕੁਝ ਸਮੇਂ ਲਈ ਪਾਕਿਸਤਾਨੀ ਸਰਹੱਦ 'ਚ ਲੰਘਿਆ ਜਹਾਜ਼
ਰਨਵੇਅ 'ਤੇ ਪੰਛੀ ਟਕਰਾਉਣ (Bird Strike) ਦੀ ਘਟਨਾ ਤੋਂ ਬਾਅਦ ਜਹਾਜ਼ ਨੂੰ ਹਵਾ ਵਿੱਚ ਰੁਕਣ ਲਈ ਕਿਹਾ ਗਿਆ ਸੀ
ਪਾਕਿਸਤਾਨ ਏਟੀਸੀ (ATC) ਨਾਲ ਤਾਲਮੇਲ ਕਰਕੇ ਜਹਾਜ਼ ਨੂੰ ਸੁਰੱਖਿਅਤ ਦਿੱਲੀ ਵੱਲ ਮੋੜਿਆ ਗਿਆ
ਨਵੀਂ ਦਿੱਲੀ/ਅੰਮ੍ਰਿਤਸਰ, 24 ਜੂਨ 2026: ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਏਅਰ ਇੰਡੀਆ ਦੀ ਇੱਕ ਫਲਾਈਟ ਨਾਲ ਜੁੜਿਆ ਇੱਕ ਬੇਹੱਦ ਸੰਵੇਦਨਸ਼ੀਲ ਮਾਮਲਾ ਸਾਹਮਣੇ ਆਇਆ ਹੈ। ਸੋਮਵਾਰ (22 ਜੂਨ) ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੈਂਡਿੰਗ ਦੀ ਕੋਸ਼ਿਸ਼ (Go-around manoeuvre) ਦੌਰਾਨ ਇਹ ਜਹਾਜ਼ ਕੁਝ ਸਮੇਂ ਲਈ ਭਾਰਤੀ ਸਰਹੱਦ ਪਾਰ ਕਰਕੇ ਪਾਕਿਸਤਾਨੀ ਹਵਾਈ ਖੇਤਰ (Airspace) ਵਿੱਚ ਦਾਖ਼ਲ ਹੋ ਗਿਆ। NDTV ਦੀ ਰਿਪੋਰਟ ਮੁਤਾਬਿਕ, ਏਅਰਲਾਈਨ ਅਤੇ ਸ਼ਹਿਰੀ ਹਵਾਨਬਾਜ਼ੀ ਡਾਇਰੈਕਟੋਰੇਟ ਜਨਰਲ (DGCA) ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀਜੀਸੀਏ (DGCA) ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਬਿਆਨ ਮੁਤਾਬਕ, 22 ਜੂਨ 2026 ਨੂੰ ਏਅਰ ਇੰਡੀਆ ਦਾ 321 ਜਹਾਜ਼ (VT-PPV), ਫਲਾਈਟ ਨੰਬਰ AI 479 ਦਿੱਲੀ ਤੋਂ ਉਡਾਣ ਭਰ ਕੇ ਅੰਮ੍ਰਿਤਸਰ ਵੱਲ ਆ ਰਿਹਾ ਸੀ। ਜਦੋਂ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ ਦੇ ਨੇੜੇ ਪਹੁੰਚਿਆ ਤਾਂ ਉੱਥੇ ਰਨਵੇਅ 'ਤੇ ਇੱਕ ਪੰਛੀ ਦੇ ਟਕਰਾਉਣ (Bird Strike) ਦੀ ਘਟਨਾ ਵਾਪਰ ਗਈ। ਇਸ ਤੋਂ ਬਾਅਦ ਰਨਵੇਅ ਦੀ ਜਾਂਚ ਲਈ ਜਹਾਜ਼ ਨੂੰ ਤੁਰੰਤ ਲੈਂਡ ਕਰਨ ਦੀ ਬਜਾਏ ਹਵਾ ਵਿੱਚ ਹੀ ਰੁਕਣ ਲਈ ਕਿਹਾ ਗਿਆ।
ਇਸ ਦੌਰਾਨ ਜਦੋਂ ਰਾਡਾਰ ਵੈਕਟਰਿੰਗ (Radar Vectoring) ਰਾਹੀਂ ਜਹਾਜ਼ ਲੈਂਡਿੰਗ ਲਈ ਮੁੜ ਚੱਕਰ ਕੱਟ ਰਿਹਾ ਸੀ, ਤਾਂ ਉਹ ਅਣਜਾਣੇ ਵਿੱਚ ਥੋੜ੍ਹੇ ਸਮੇਂ ਲਈ ਪਾਕਿਸਤਾਨੀ ਹਵਾਈ ਖੇਤਰ ਵਿੱਚ ਚਲਿਆ ਗਿਆ। ਡੀਜੀਸੀਏ ਨੇ ਦੱਸਿਆ ਕਿ ਜਿਵੇਂ ਹੀ ਇਹ ਸਥਿਤੀ ਬਣੀ, ਤੁਰੰਤ ਪਾਕਿਸਤਾਨ ਦੇ ਏਅਰ ਟ੍ਰੈਫਿਕ ਕੰਟਰੋਲ (ATC) ਅਧਿਕਾਰੀਆਂ ਨਾਲ ਸੰਪਰਕ ਸਾਧਿਆ ਗਿਆ ਅਤੇ ਆਪਸੀ ਤਾਲਮੇਲ ਤਹਿਤ ਜਹਾਜ਼ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਅੰਮ੍ਰਿਤਸਰ ਵਿੱਚ ਤੁਰੰਤ ਲੈਂਡਿੰਗ ਸੰਭਵ ਨਾ ਹੋਣ ਕਰਕੇ, ਜਹਾਜ਼ ਨੂੰ ਵਾਪਸ ਦਿੱਲੀ ਵੱਲ ਡਾਇਵਰਟ (Divert) ਕਰ ਦਿੱਤਾ ਗਿਆ, ਜਿੱਥੇ ਉਸ ਨੇ ਸੁਰੱਖਿਅਤ ਲੈਂਡਿੰਗ ਕੀਤੀ। ਏਅਰ ਇੰਡੀਆ ਨੇ ਆਪਣੇ ਬਿਆਨ ਵਿੱਚ ਕਿਹਾ, "22 ਜੂਨ ਨੂੰ ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਫਲਾਈਟ AI 479 ਦੇ ਕਰੂ (Crew) ਮੈਂਬਰਾਂ ਕੋਲੋਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਚੱਕਰ ਕੱਟਣ ਦੌਰਾਨ ਪਾਕਿਸਤਾਨੀ ਹਵਾਈ ਖੇਤਰ ਦੀ ਮਾਮੂਲੀ ਉਲੰਘਣਾ ਹੋਈ ਸੀ। ਇਸ ਘਟਨਾ ਦੀ ਰਿਪੋਰਟ ਰੈਗੂਲੇਟਰੀ ਅਥਾਰਟੀਆਂ ਨੂੰ ਸੌਂਪ ਦਿੱਤੀ ਗਈ ਹੈ ਅਤੇ ਕੰਪਨੀ ਵੱਲੋਂ ਅੰਦਰੂਨੀ ਪੱਧਰ 'ਤੇ ਵੀ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।" ਏਅਰਲਾਈਨ ਨੇ ਜ਼ੋਰ ਦੇ ਕੇ ਕਿਹਾ ਕਿ ਯਾਤਰੀਆਂ ਅਤੇ ਕਰੂ ਮੈਂਬਰਾਂ ਦੀ ਸੁਰੱਖਿਆ ਉਨ੍ਹਾਂ ਦੀ ਹਮੇਸ਼ਾ ਪਹਿਲੀ ਤਰਜੀਹ ਰਹਿੰਦੀ ਹੈ।
- Download Babushahi App
-
-