ਅਕਾਲ ਅਕੈਡਮੀ ਦੇ ਵਿਦਿਆਰਥੀਆਂ ਨੇ ਗੱਤਕਾ ਚੈਂਪੀਅਨਸ਼ਿਪ ਵਿੱਚ ਗੱਡੇ ਜਿੱਤ ਦੇ ਝੰਡੇ
ਚੰਡੀਗੜ੍ਹ : ਕਲਗੀਧਰ ਟਰਸਟ ਬੜੂ ਸਾਹਿਬ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਕਮਾਲਪੁਰ ਦੇ ਵਿਦਿਆਰਥੀਆਂ ਨੇ 12ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਗਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਆਪਣੇ ਨਾਮ ਕਰਕੇ ਸਕੂਲ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
ਇਹ ਰਾਸ਼ਟਰੀ ਪੱਧਰੀ ਚੈਂਪੀਅਨਸ਼ਿਪ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (NGAI) ਵੱਲੋਂ ਤਿੰਨ ਦਿਨਾਂ ਲਈ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਆਯੋਜਿਤ ਕੀਤੀ ਗਈ ਸੀ, ਜਿਸ ਵਿੱਚ ਦੇਸ਼ ਭਰ ਦੇ 14 ਸੂਬਿਆਂ ਤੋਂ 500 ਤੋਂ ਵੱਧ ਖਿਡਾਰੀ ਸ਼ਾਮਿਲ ਹੋਏ। ਪੰਜਾਬ ਸਟੇਟ ਟੀਮ ਦੀ ਨੁਮਾਇੰਦਗੀ ਕਰਦਿਆਂ ਅਕਾਲ ਅਕੈਡਮੀ ਕਮਾਲਪੁਰ ਦੇ ਵਿਦਿਆਰਥੀਆਂ ਨੇ ਵੱਖ-ਵੱਖ ਇਵੈਂਟਾਂ ਵਿੱਚ ਮੈਡਲ ਜਿੱਤੇ ਜਿਵੇ ਇਸ਼ਪ੍ਰੀਤ ਕੌਰ, ਜੈਸਮੀਨ ਕੌਰ ਅਤੇ ਪਵਨੀਤ ਕੌਰ (ਉਮਰ ਵਰਗ 19) ਨੇ ਸਿੰਗਲ ਸੋਟੀ ਟੀਮ ਇਵੈਂਟ ਵਿੱਚੋਂ ਸੋਨ ਤਗਮਾ (ਗੋਲਡ) ਹਾਸਿਲ ਕੀਤਾ, ਗੁਰਨੀਤ ਕੌਰ (ਉਮਰ ਵਰਗ 19) ਨੇ ਫਰੀ ਸਟਿਕ ਟੀਮ ਇਵੈਂਟ ਵਿੱਚੋਂ ਸੋਨ ਤਗਮਾ (ਗੋਲਡ) ਹਾਸਿਲ ਕੀਤਾ, ਸਮਨਪ੍ਰੀਤ ਕੌਰ ਨੇ (ਉਮਰ ਵਰਗ 14) ਫਰੀ ਸੋਟੀ ਵਿਅਕਤੀਗਤ ਵਿੱਚੋਂ ਚਾਂਦੀ ਦਾ ਤਗਮਾ (ਸਿਲਵਰ) ਹਾਸਿਲ ਕੀਤਾ ਅਤੇ ਦਮਨਪ੍ਰੀਤ ਕੌਰ ਨੇ (ਉਮਰ ਵਰਗ 14) ਸਿੰਗਲ ਸੋਟੀ ਟੀਮ ਇਵੈਂਟ ਵਿੱਚੋਂ ਕਾਂਸੀ ਤਗਮਾ (ਬ੍ਰਾਂਜ਼) ਹਾਸਿਲ ਕੀਤਾ ਗਿਆ। ਇਹ ਉਪਲਬਧੀਆਂ ਸਿਰਫ਼ ਵਿਦਿਆਰਥੀਆਂ ਦੀ ਹੀ ਨਹੀਂ, ਸਗੋਂ ਕੋਚ ਸ਼ੈਰੀ ਸਿੰਘ ਦੀ ਅਟੁੱਟ ਮਿਹਨਤ ਦਾ ਨਤੀਜਾ ਵੀ ਹਨ। ਕੋਚ ਸ਼ੈਰੀ ਸਿੰਘ ਨੇ ਸਿਰਫ਼ ਵਿਦਿਆਰਥੀਆਂ ਨੂੰ ਸਿਖਲਾਈ ਨਹੀਂ ਦਿੱਤੀ, ਬਲਕਿ ਆਪਣੀ ਪ੍ਰਦਰਸ਼ਨਸ਼ੀਲਤਾ ਨਾਲ ਦੋ ਗੋਲਡ ਮੈਡਲ ਜਿੱਤ ਕੇ "ਸਰਵੋਤਮ ਖਿਡਾਰੀ" ਦਾ ਖਿਤਾਬ ਵੀ ਹਾਸਿਲ ਕੀਤਾ। ਅਕਾਲ ਅਕੈਡਮੀ ਕਮਾਲਪੁਰ ਦੇ ਪ੍ਰਿੰਸੀਪਲ ਅਮਨਦੀਪ ਕੌਰ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਪੂਰੇ ਸਕੂਲ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ, “ਇਹ ਉਪਲਬਧੀ ਸਾਡੀ ਅਕਾਦਮੀ ਦੇ ਉੱਚ ਸਿੱਖਿਆ ਅਤੇ ਖੇਡ ਮਿਆਰ ਨੂੰ ਦਰਸਾਉਂਦੀ ਹੈ। ਅਸੀਂ ਆਪਣੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦੇ ਹਾਂ।”