ਕਿਸਾਨੀ ਰੋਹ: ਪਿੰਡ ਕੁੱਲਰੀਆਂ ਵਿਖੇ ਆਬਾਦਕਾਰ ਕਿਸਾਨਾਂ ਦੀ ਜ਼ਮੀਨ ਤੇ ਕਬਜ਼ਾ ਕਾਰਵਾਈ ਰੱਦ
ਅਸ਼ੋਕ ਵਰਮਾ
ਮਾਨਸਾ, 16 ਜੂਨ 2026 :ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਵਿਖੇ ਚਾਂਦਪੁਰਾ ਬੰਨ੍ਹ ਦੇ ਨਜ਼ਦੀਕ ਆਬਾਦਕਾਰ ਕਿਸਾਨਾਂ ਦੀ ਜ਼ਮੀਨ ਤੇ ਪ੍ਰਸ਼ਾਸਨ ਵੱਲੋਂ ਸੰਭਾਵੀ ਕਬਜ਼ਾ ਕਾਰਵਾਈ ਦੇ ਖਦਸ਼ੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਅਤੇ ਵਰਕਰਾਂ ਨੇ ਸਾਰਾ ਦਿਨ ਜ਼ਮੀਨ ਦੀ ਰਾਖੀ ਲਈ ਪਹਿਰੇਦਾਰੀ ਕੀਤੀ। ਕਿਸਾਨ ਬੀਤੇ ਕੱਲ੍ਹ 15 ਜੂਨ ਤੋਂ ਹੀ ਜ਼ਮੀਨ ਵਿੱਚ ਡੇਰਾ ਲਾ ਕੇ ਬੈਠ ਗਏ ਸਨ। ਅੱਜ 16 ਜੂਨ ਨੂੰ ਸਵੇਰ ਤੋਂ ਹੀ ਕਿਸਾਨਾਂ ਦੇ ਜਥੇ ਕੁੱਲਰੀਆਂ ਪਹੁੰਚਣੇ ਸ਼ੁਰੂ ਹੋ ਗਏ ਅਤੇ ਇੱਥੇ ਸੈਂਕੜੇ ਕਿਸਾਨਾਂ ਅਤੇ ਔਰਤਾਂ ਦਾ ਇਕੱਠ ਹੋ ਗਿਆ। ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਕਬਜ਼ਾ ਕਾਰਵਾਈ ਰੱਦ ਕਰਨੀ ਹੀ ਬਿਹਤਰ ਸਮਝੀ। ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਸੂਬਾ ਜਥੇਬੰਦਕ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ ਅਤੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਆਬਾਦਕਾਰ ਕਿਸਾਨਾਂ ਨੂੰ ਉਨ੍ਹਾਂ ਦੀ ਇਸ ਲੱਗਭਗ 43 ਏਕੜ ਜ਼ਮੀਨ ਤੋਂ ਕਈ ਵਾਰ ਬੇਦਖ਼ਲ ਕੀਤਾ ਗਿਆ ਪਰ ਜਥੇਬੰਦਕ ਤਾਕਤ ਦੇ ਆਸਰੇ, ਕਿਸਾਨ ਆਪਣੀ ਜ਼ਮੀਨ ਤੇ ਮੁੜ ਕਾਬਜ਼ ਹੋ ਗਏ।
ਉਹਨਾਂ ਕਿਹਾ ਕਿ ਭਾਵੇਂ ਜ਼ਿਲਾ ਕੁਲੈਕਟਰ ਏਡੀਸੀ ਵਿਕਾਸ ਮਾਨਸਾ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਇਹ ਜ਼ਮੀਨ ਜੁਮਲਾ ਮੁਸਤਰਕਾ ਮਾਲਕਾਂ ਦੀ ਹੈ ਨਾ ਕਿ ਪੰਚਾਇਤ ਵਿਭਾਗ ਦੀ। ਇਸ ਦੇ ਬਾਵਜੂਦ ਡੀਡੀਪੀਓ ਮਾਨਸਾ ਵੱਲੋਂ ਕਬਜ਼ਾ ਕਾਰਵਾਈ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਜੋ ਕਿ ਬਿਲਕੁਲ ਗੈਰ ਕਾਨੂੰਨੀ ਅਤੇ ਗੈਰ ਇਖਲਾਕੀ ਹੈ। ਇਸ ਜ਼ਮੀਨ ਦੇ ਚੱਕਬੰਦੀ ਵਿਭਾਗ ਵੱਲੋਂ ਨਿਸ਼ਾਨਦੇਹੀ ਦੇ ਕੇ ਕਿਸਾਨਾਂ ਨੂੰ ਕਬਜ਼ੇ ਦਿੱਤੇ ਗਏ ਸਨ ਅਤੇ ਕਿਸਾਨ ਜੱਦੀ ਪੁਸ਼ਤੀ ਇਸ ਜ਼ਮੀਨ ਤੇ ਕਾਸ਼ਤਕਰ ਕਰਦੇ ਆ ਰਹੇ ਹਨ। ਅੱਜ ਤੱਕ ਇਸ ਜ਼ਮੀਨ ਦਾ ਪੰਚਾਇਤ ਦੇ ਨਾਮ ਕੋਈ ਇੰਤਕਾਲ ਨਹੀਂ ਹੋਇਆ ਸਗੋਂ ਮੁਰੱਬਾਬੰਦੀ ਵਿਭਾਗ ਨੇ ਕਿਸਾਨਾਂ ਨੂੰ ਖੁਦ ਅਲਾਟ ਕੀਤੀ ਹੈ। ਉਸ ਸਮੇਂ ਪੰਚਾਇਤ ਵੱਲੋਂ ਇਸ ਸਬੰਧੀ ਆਮ ਇਜਲਾਸ ਵਿੱਚ ਮਤਾ ਪਾਇਆ ਹੋਇਆ ਮੌਜੂਦ ਹੈ।
ਅੱਜ ਦੀ ਇਸ ਕਬਜ਼ਾ ਕਾਰਵਾਈ ਦੇ ਵਿਰੋਧ ਵਿੱਚ ਜ਼ਮੀਨ ਉੱਤੇ ਹੋਈ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਜਥੇਬੰਦਕ ਸੰਘਰਸ਼ ਅਤੇ ਦ੍ਰਿੜ ਇਰਾਦੇ ਨਾਲ ਜ਼ਮੀਨ ਦੇ ਮਾਲਕੀ ਹੱਕ ਲੈਣ ਤੱਕ ਇਹ ਸੰਘਰਸ਼ ਜਾਰੀ ਰਹੇਗਾ ਅਤੇ ਭਗਵੰਤ ਮਾਨ ਦੀ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਜ਼ਮੀਨ ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ
ਜਥੇਬੰਦੀ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਲਖਬੀਰ ਸਿੰਘ ਅਕਲੀਆ, ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਜਗਤਾਰ ਸਿੰਘ ਦੁੱਗਾਂ ਅਤੇ ਜ਼ਿਲ੍ਹਾ ਮੋਹਾਲੀ ਦੇ ਕਨਵੀਨਰ ਪ੍ਰਦੀਪ ਮੁਸਾਹਿਬ ਨੇ ਕਿਹਾ ਕਿ ਤਿੰਨ ਸਾਲਾਂ ਤੋਂ ਕਿਸਾਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ ਅਤੇ ਪੰਚਾਇਤੀ ਵਿਭਾਗ ਨਜਾਇਜ਼ ਤੌਰ ਤੇ ਜ਼ਮੀਨ ਵਿੱਚ ਹਰ ਸਾਲ ਦਖ਼ਲ ਅੰਦਾਜ਼ੀ ਕਰਦਾ ਆ ਰਿਹਾ ਹੈ।
ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਜਥੇਬੰਦੀ ਆਬਾਦਕਾਰ ਕਿਸਾਨਾਂ ਦੀਆਂ ਜ਼ਮੀਨਾਂ ਦੀ ਰਾਖੀ ਲਈ ਬਚਨਵੱਧ ਹੈ ਅਤੇ ਆਬਾਦਕਾਰਾਂ ਦੀਆਂ ਜ਼ਮੀਨਾਂ ਖੋਹਣ ਦੀ ਕਦਾਚਿੱਤ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇਕਰ ਪ੍ਰਸ਼ਾਸਨ ਨੇ ਭਵਿੱਖ ਵਿੱਚ ਇਸ ਤਰ੍ਹਾਂ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਥੇਬੰਦੀ ਵੱਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਤੁਰੰਤ ਦੇਣ ਅਤੇ ਕਿਸਾਨਾਂ ਖਿਲਾਫ਼ ਦਰਜ ਕੀਤੇ ਝੂਠੇ ਕੇਸ ਰੱਦ ਕਰਨ ਦੀ ਮੰਗ ਕੀਤੀ।
ਅੱਜ ਦੇ ਮੋਰਚੇ ਵਿੱਚ ਮਾਨਸਾ ਦੀ ਸਾਰੀ ਜ਼ਿਲ੍ਹਾ ਕਮੇਟੀ ਜਿਨ੍ਹਾਂ ਵਿੱਚ ਤਾਰਾ ਚੰਦ ਬਰੇਟਾ, ਸਤਪਾਲ ਸਿੰਘ ਬਰ੍ਹੇ, ਦੇਵੀ ਰਾਮ ਰੰਗੜਿਆਲ, ਬਰਨਾਲਾ ਜ਼ਿਲ੍ਹੇ ਦੇ ਜਨਰਲ ਸਕੱਤਰ ਜੁਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਠਿੰਡਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਅਤੇ ਅਮਰਜੀਤ ਸਿੰਘ ਹਨੀ, ਮੱਖਣ ਸਿੰਘ ਦੁੱਗਾਂ, ਤਰਸੇਮ ਸਿੰਘ ਚੱਕ ਅਲੀ ਸ਼ੇਰ, ਬਲਜੀਤ ਸਿੰਘ ਭੈਣੀ ਬਾਘਾ, ਗੁਰਜੰਟ ਸਿੰਘ ਮਘਾਣੀਆਂ, ਬਲਦੇਵ ਸਿੰਘ ਪਿੱਪਲੀਆਂ ਅਤੇ ਹਰਬੰਸ ਸਿੰਘ ਟਾਂਡੀਆਂ ਤੋਂ ਇਲਾਵਾ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ।
- Download Babushahi App
-
-