'ਛਤਰਪਤੀ ਸ਼ਿਵਾਜੀ ਮਹਾਰਾਜ: ਆਧੁਨਿਕ ਭਾਰਤ ਦੇ ਸੰਸਥਾਪਕ' ਵਿਸ਼ੇ ਤੇ ਦੋ-ਰੋਜ਼ਾ ਰਾਸ਼ਟਰੀ ਕਾਨਫਰੰਸ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ, 18 ਫਰਵਰੀ 2025: ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਦੇ ਸਮਾਜਿਕ ਵਿਗਿਆਨ ਸਕੂਲ ਅਧੀਨ ਇਤਿਹਾਸ ਵਿਭਾਗ ਵੱਲੋਂ "ਛਤਰਪਤੀ ਸ਼ਿਵਾਜੀ ਮਹਾਰਾਜ: ਆਧੁਨਿਕ ਭਾਰਤ ਦੇ ਸੰਸਥਾਪਕ" ਵਿਸ਼ੇ 'ਤੇ ਦੋ-ਰੋਜ਼ਾ ਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਸਮਾਰੋਹ ਕਰਵਾਇਆ ਗਿਆ। ਇੰਡੀਅਨ ਕੌਂਸਲ ਆਫ਼ ਹਿਸਟੋਰੀਕਲ ਰਿਸਰਚ ਵੱਲੋਂ ਸਪਾਂਸਰ ਕੀਤੀ ਇਹ ਕਾਨਫਰੰਸ ਨੌਜਵਾਨ ਪੀੜ੍ਹੀ ਨੂੰ ਸ਼ਿਵਾਜੀ ਮਹਾਰਾਜ ਦੀ ਦੂਰਦਰਸ਼ੀ ਲੀਡਰਸ਼ਿਪ, ਫੌਜ ਸ਼ਕਤੀ, ਸਮਾਜਿਕ ਸੁਧਾਰ ਅਤੇ ਸ਼ਾਸਨ ਬਾਰੇ ਜਾਣੂ ਕਰਵਾਉਣ ਲਈ ਕੀਤੀ ਜਾ ਰਹੀ ਹੈ।ਉਦਘਾਟਨੀ ਸੈਸ਼ਨ ਵਿੱਚ ਵਿਦਿਆ ਭਾਰਤੀ ਉੱਤਰੀ ਜ਼ੋਨ ਸੰਗਠਨ ਮੰਤਰੀ ਸ਼੍ਰੀ ਵਿਜੇ ਨੱਡਾ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ, ਜਦਕਿ ਪੰਜਾਬ ਪਲਸ ਨਿਊਜ਼ ਦੇ ਮੁੱਖ ਸੰਪਾਦਕ ਕਰਨਲ (ਸੇਵਾਮੁਕਤ) ਜੈਬੈਂਸ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਸ਼੍ਰੀ ਵਿਜੇ ਨੱਡਾ ਨੇ ਸ਼ਿਵਾਜੀ ਮਹਾਰਾਜ ਦੀ ਦੂਰਦਰਸ਼ੀ ਸੋਚ, ਫੌਜੀ ਪ੍ਰਤਿਭਾ ਅਤੇ ਰਾਜਨੀਤਿਕ ਰਣਨੀਤੀਆਂ 'ਤੇ ਚਾਨਣ ਪਾਇਆ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਸ਼ਿਵਾਜੀ ਮਹਾਰਾਜ ਨੇ 17ਵੀਂ ਸਦੀ ਵਿੱਚ ਮੁਗਲ ਸ਼ਾਸਕ ਔਰੰਗਜ਼ੇਬ ਸਮੇਤ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਪੱਛਮੀ ਮਹਾਰਾਸ਼ਟਰ ਵਿੱਚ ਆਪਣੀ ਰਾਜਵਿਵਸਥਾ ਕਾਇਮ ਕੀਤੀ। ਉਨ੍ਹਾਂ ਦੀਆਂ ਨਵੀਨਤਾਕਾਰੀ ਰਣਨੀਤੀਆਂ ਅਤੇ ਸੁਰੱਖਿਆ ਨੀਤੀਆਂ ਨੇ ਭਾਰਤ ਵਿੱਚ ਆਧੁਨਿਕ ਰੱਖਿਆ ਨੀਤੀਆਂ ਦੀ ਨੀਂਹ ਰੱਖੀ।
ਮੁੱਖ ਮਹਿਮਾਨ ਕਰਨਲ (ਸੇਵਾਮੁਕਤ) ਜੈਬੈਂਸ ਸਿੰਘ ਨੇ ਸ਼ਿਵਾਜੀ ਮਹਾਰਾਜ ਨੂੰ ਰਾਸ਼ਟਰਵਾਦ, ਲੋਕਤੰਤਰ ਅਤੇ ਸਮਾਜਿਕ ਨਿਆਂ ਦੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਵਾਲੇ ਯੋਧੇ ਵਜੋਂ ਉਜਾਗਰ ਕੀਤਾ। ਉਨ੍ਹਾਂ ਨੇ ਸ਼ਿਵਾਜੀ ਦੇ ਅਨੁਸ਼ਾਸ਼ਨ, ਸਵੈ-ਨਿਰਭਰਤਾ, ਅਤੇ ਮਰਾਠਾ ਜਲ ਸੈਨਾ ਦੀ ਅਗਵਾਈ ਕਰਨ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਚਾਨਣ ਪਾਇਆ।ਇਸ ਮੌਕੇ 'ਤੇ ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ.ਕੇ. ਵੁਸਿਰਿਕਾ ਨੇ ਕਿਹਾ ਕਿ ਸ਼ਿਵਾਜੀ ਮਹਾਰਾਜ ਸਿਰਫ਼ ਇੱਕ ਮਹਾਨ ਯੋਧਾ ਨਹੀਂ ਸਨ ਸਗੋਂ ਇੱਕ ਉੱਤਮ ਪ੍ਰਸ਼ਾਸਕ ਵੀ ਸਨ, ਜੋ ਨੈਤਿਕ ਸ਼ਾਸਨ, ਔਰਤਾਂ ਪ੍ਰਤੀ ਸਤਿਕਾਰ ਅਤੇ ਧਾਰਮਿਕ ਸਹਿਣਸ਼ੀਲਤਾ ਦੇ ਹੈਕ ਵਿੱਚ ਰਹੇ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਸ਼ਿਵਾਜੀ ਮਹਾਰਾਜ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ।
ਉਦਘਾਟਨੀ ਸਮਾਗਮ ਵਿੱਚ ਰਜਿਸਟਰਾਰ ਡਾ. ਵਿਜੇ ਸ਼ਰਮਾ, ਆਈਕਿਊਏਸੀ ਡਾਇਰੈਕਟਰ ਪ੍ਰੋ. ਮੋਨੀਸ਼ਾ ਧੀਮਾਨ, ਵੱਖ-ਵੱਖ ਵਿਭਾਗਾਂ ਦੇ ਮੁਖੀ ਸਮੇਤ ਕਈ ਉੱਚ ਅਧਿਕਾਰੀ ਮੌਜੂਦ ਰਹੇ। ਸ਼ੁਰੂਆਤ ਵਿੱਚ ਕਾਨਫਰੰਸ ਕੋਆਰਡੀਨੇਟਰ ਡਾ. ਵਿਪਨ ਪਾਲ ਸਿੰਘ ਨੇ ਸਵਾਗਤੀ ਭਾਸ਼ਣ ਦਿੱਤਾ, ਜਦਕਿ ਪ੍ਰਬੰਧਕੀ ਸਕੱਤਰ ਡਾ. ਸੰਜੀਵ ਕੁਮਾਰ ਨੇ ਕਾਨਫਰੰਸ ਦੀ ਰੂਪ ਰੇਖਾ ਤੇ ਚਾਨਣਾ ਪਾਇਆ। ਅੰਤ ਵਿੱਚ ਇਤਿਹਾਸ ਵਿਭਾਗ ਦੇ ਮੁਖੀ ਡਾ. ਹਰਿਤ ਮੀਨਾ ਨੇ ਸਭ ਦਾ ਰਸਮੀ ਧੰਨਵਾਦ ਕੀਤਾ। ਕਾਨਫਰੰਸ ਦੇ ਪਹਿਲੇ ਦਿਨ ਚਾਰ ਤਕਨੀਕੀ ਸੈਸ਼ਨ ਹੋਏ। ਕਾਨਫਰੰਸ 19 ਫਰਵਰੀ ਨੂੰ ਸਮਾਪਤ ਹੋਵੇਗੀ।