ਸਰਕਾਰੀ ਕਾਲਜ ਰੋਪੜ ਦੇ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਕੋਰਸਾਂ ਅਧੀਨ ਖੂੰਬਾਂ ਦੀ ਖੇਤੀ ਸਬੰਧੀ ਦਿੱਤੀ ਸਿਖਲਾਈ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ, 11 ਫਰਵਰੀ 2025: ਉਚੇਰੀ ਸਿੱਖਿਆ ਵਿਭਾਗ, ਪੰਜਾਬ ਸਰਕਾਰ ਵੱਲੋਂ ਵਿੱਤੀ ਸਹਾਇਤਾ ਨਾਲ ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਕੈਰੀਅਰ ਕੌਂਸਲਿੰਗ ਅਤੇ ਗਾਈਡੈਂਸ ਸੈੱਲ ਦੀ ਅਗਵਾਈ ਹੇਠ ਕਿੱਤਾ ਮੁਖੀ ਕੋਰਸਾਂ ਅਧੀਨ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਇਸੇ ਲੜੀ ਤਹਿਤ ਕਾਲਜ ਦੇ 28 ਵਿਦਿਆਰਥੀਆਂ ਨੇ ਖੂੰਬਾਂ ਦੀ ਖੇਤੀ (ਮਸ਼ਰੂਮ ਫਾਰਮਿੰਗ) ਸਬੰਧੀ ਮੁਫ਼ਤ ਸਵੈ ਰੋਜਗਾਰ ਸਿਖਲਾਈ ਸੰਸਥਾ, ਰੰਗੀਲਪੁਰ ਵਿਖੇ ਦਸ-ਰੋਜਾ ਸਕਿੱਲ ਓਰੀਐਂਟੇਸ਼ਨ ਕੋਰਸ ਵਿੱਚ ਹਿੱਸਾ ਲਿਆ।
ਕੋਰਸ ਦੌਰਾਨ ਖੂੰਬਾਂ ਦੀ ਖੇਤੀ ਦੇ ਮਾਹਿਰ ਸ਼੍ਰੀ ਧਨੇਸ਼ਵਰ ਸਿੰਘ ਮਾਂਝੀ ਨੇ ਵਿਦਿਆਰਥੀਆਂ ਨੂੰ ਖੂੰਬਾਂ ਦੀਆਂ ਵੱਖ-ਵੱਖ ਕਿਸਮਾਂ, ਪੌਸ਼ਟਿਕ ਤੱਤ, ਉਤਪਾਦਨ ਦੀ ਵਿਗਿਆਨਕ ਤਕਨੀਕ ਅਤੇ ਆਰਥਿਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨਾਂ ਨੇ ਖੂੰਬਾਂ ਦੀ ਖੇਤੀ ਲਈ ਧਰਾਤਲ ਤਿਆਰ ਕਰਨ, ਉਗਾਉਣ ਦੀ ਤਕਨੀਕ ਅਤੇ ਉਤਪਾਦਨ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਉਣ ਲਈ ਵੀ ਜਾਣਕਾਰੀ ਦਿੱਤੀ।
ਇਸ ਦਸ-ਰੋਜਾ ਸਿਖਲਾਈ ਕੋਰਸ ਦੀ ਅਗਵਾਈ ਕੋਰਸ ਇੰਚਾਰਜ ਪ੍ਰੋ. ਗੁਰਪ੍ਰੀਤ ਕੌਰ ਅਤੇ ਪ੍ਰੋ. ਪੂਜਾ ਵਰਮਾ ਨੇ ਕੀਤੀ। ਸਮਾਪਤੀ ਸਮਾਰੋਹ ਮੌਕੇ ਸਿਖਲਾਈ ਪ੍ਰਾਪਤ 28 ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਸ਼੍ਰੀ ਗੋਬਿੰਦ ਸਿੰਘ ਅਤੇ ਸਟਾਫ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਨਵੇਂ ਤਕਨੀਕੀ ਹੁਨਰ ਹਾਸਲ ਕਰਨ ਲਈ ਉਤਸ਼ਾਹਤ ਵੀ ਕੀਤਾ। ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਅਜਿਹੇ ਕੋਰਸ ਵਿਦਿਆਰਥੀਆਂ ਨੂੰ ਆਤਮ-ਨਿਰਭਰ ਬਣਾਉਣ ਵਿੱਚ ਅਹਿਮ ਰੋਲ ਅਦਾ ਕਰਦੇ ਹਨ। ਕੈਰੀਅਰ ਕੌਂਸਲਿੰਗ ਅਤੇ ਗਾਈਡੈਂਸ ਸੈੱਲ ਦੇ ਕਨਵੀਨਰ ਪ੍ਰੋ. ਅਰਵਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਸਵੈ ਰੁਜਗਾਰ ਸਬੰਧੀ ਹੁਨਰਮੰਦ ਬਣਾਉਣ ਲਈ ਕਿੱਤਾਮੁਖੀ ਸਿਖਲਾਈ ਦਿੱਤੀ ਜਾ ਰਹੀ ਹੈ।