ਸੀਜੀਸੀ ਲਾਂਡਰਾ ਨੇ ਹਰੀ ਊਰਜਾ ਅਤੇ ਵਾਤਾਵਰਣ ਸਥਿਰਤਾ ਸੰਬੰਧੀ ਉਭਰਦੇ ਰੁਝਾਨਾਂ ’ਤੇ ਅੰਤਰਰਾਸ਼ਟਰੀ ਕਾਨਫੰਸ
ਹਰਜਿੰਦਰ ਸਿੰਘ ਭੱਟੀ
- ‘ਈਮਰਜਿੰਗ ਟਰੈਂਡਸ ਇਨ ਗਰੀਨ ਐਨਰਗੀ ਐਂਡ ਇਨਵਾਇਅਰਮੈਂਟ ਸਸਟੇਨੇਬਿਲਟੀ’ ਵਿਸ਼ੇ ਸੰਬੰਧੀ ਕੀਤੀ ਵਿਚਾਰ-ਚਰਚਾ
ਮੋਹਾਲੀ, 28 ਸਤੰਬਰ 2024 - ਬਾਇਓਟੈਕਨਾਲੋਜੀ ਵਿਭਾਗ, ਸੀਸੀਟੀ, ਸੀਜੀਸੀ ਲਾਂਡਰਾਂ ਵੱਲੋਂ ‘ਈਮਰਜਿੰਗ ਟਰੈਂਡਸ ਇਨ ਗਰੀਨ ਐਨਰਗੀ ਐਂਡ ਇਨਵਾਇਅਰਮੈਂਟ ਸਸਟੇਨੇਬਿਲਟੀ’ ਵਿਸ਼ੇ ਸੰੰਬੰਧੀ ਦੋ ਰੋਜ਼ਾ ਡੀਐਸਟੀ ਐਸਈਆਰਬੀ ਸਪਾਂਸਰਡ ਅੰਤਰਰਾਸ਼ਟਰੀ ਕਾਨਫਰੰਸ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਕਾਨਫਰੰਸ ਵਿੱਚ ਹਰੀ ਊਰਜਾ ਅਤੇ ਵਾਤਾਵਰਣ ਸਥਿਰਤਾ ਵਿੱਚ ਉੱਭਰਦੇ ਰੁਝਾਨਾਂ ਅਤੇ ਨਵੀਨਤਾਕਾਰੀ ਰਣਨੀਤੀਆਂ ਸੰਬੰਧੀ ਵਿਚਾਰ ਚਰਚਾ ਕਰਨ ਲਈ ਦੁਨੀਆ ਭਰ ਦੇ 500 ਤੋਂ ਵੱਧ ਖੋਜਕਰਤਾਵਾਂ, ਅਕਾਦਮਿਕ ਅਤੇ ਉਦਯੋਗਿਕ ਮਾਹਰਾਂ ਨੇ ਸ਼ਮੂਲੀਅਤ ਕੀਤੀ। ਇਸ ਦੇ ਨਾਲ ਹੀ ਇੱਕ ਕਾਨਫਰੰਸ ਸੋਵੀਨਾਰ ਵੀ ਜਾਰੀ ਕੀਤਾ ਗਿਆ ਜਿਸ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਦਵਾਨਾਂ ਵੱਲੋਂ ਪੇਸ਼ ਪ੍ਰਕਾਸ਼ਨ ਸ਼ਾਮਲ ਸਨ।
ਇਸ ਕਾਨਫਰੰਸ ਦੀ ਸ਼ੁਰੂਆਤ ਸੀਜੀਸੀ ਲਾਂਡਰਾ ਦੇ ਕੈਂਪਸ ਡਾਇਰੈਕਟਰ ਡਾ.ਪੀਐਨ ਰੀਸ਼ੀਕੇਸ਼ਾ, ਡਾ.ਰੁਚੀ ਸਿੰਗਲਾ, ਡਾਇਰੈਕਟਰ ਆਫ਼ ਰਿਸਰਚ ਐਂਡ ਇਨੋਵੇਸ਼ਨ ਅਤੇ ਡਾ.ਪਾਲਕੀ ਸਾਹਿਬ, ਡਾਇਰੈਕਟਰ ਪ੍ਰਿੰਸੀਪਲ, ਸੀਸੀਟੀ, ਸੀਜੀਸੀ ਲਾਂਡਰਾਂ ਦੇ ਸਵਾਗਤੀ ਭਾਸ਼ਣ ਨਾਲ ਹੋਈ। ਰਵਾਇਤੀ ਸ਼ਮ੍ਹਾ ਰੌਸ਼ਨ ਸਮਾਰੋਹ ਉਪਰੰਤ ਮੁੱਖ ਮਹਿਮਾਨ, ਡਾ.ਦਪਿੰਦਰ ਬਖਸ਼ੀ, ਸੰਯੁਕਤ ਡਾਇਰੈਕਟਰ, ਪੀਐਸਸੀਐਸਟੀ, ਚੰਡੀਗੜ੍ਹ ਨੇ ਉਦਘਾਟਨੀ ਭਾਸ਼ਣ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਰਾਜ ਪੱਧਰੀ ਕਾਰਜ ਯੋਜਨਾਵਾਂ ਦੀ ਲੋੜ ’ਤੇ ਜ਼ੋਰ ਦਿੱਤਾ। ਡਾ.ਬਖਸ਼ੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਲਵਾਯੂ ਪਰਿਵਰਤਨ ਦਾ ਪ੍ਰਭਾਵ ਅਸਵੀਕਾਰਨਯੋਗ ਹੈ ਅਤੇ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸਥਿਰਤਾ ਦਾ ਅੰਬੈਸਡਰ (ਦੂਤ) ਬਣਨਾ ਚਾਹੀਦਾ ਹੈ।ਇਸ ਦੌਰਾਨ ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਰਵਨੀਤ ਕੌਰ ਸਿੱਧੂ, ਡਾਇਰੈਕਟਰ ਐਫਡੀਏ, ਪੰਜਾਬ ਨੇ ਘਰੇਲੂ ਪੱਧਰ ’ਤੇ ਟਿਕਾਊ ਅਭਿਆਸਾਂ ਨੂੰ ਅਪਣਾਉਣ ਦੀ ਮਹੱਤਤਾ ’ਤੇ ਚਾਨਣਾ ਪਾਇਆ, ਜਦ ਕਿ ਸਪ੍ਰੇ ਇੰਜੀਨੀਅਰਿੰਗ ਡਿਵਾਈਸ ਲਿਮਟਿਡ ਦੇ ਡਾਇਰੈਕਟਰ ਸ੍ਰੀ ਰਮਿਤ ਗੁਪਤਾ ਨੇ ਟਿਕਾਊ ਖੇਤੀ ਵਿੱਚ ਖੇਤੀਬਾੜੀ ਇੰਜੀਨੀਅਰਿੰਗ ਦੀ ਵਰਤੋਂ ਸੰਬੰਧੀ ਚਰਚਾ ਕੀਤੀ।
ਇਸ ਮੌਕੇ ਐਨਆਈਟੀ ਜਲੰਧਰ ਤੋਂ ਪ੍ਰੋ.ਬਲਬੀਰ ਸਿੰਘ ਕੈਥ ਵੱਲੋਂ ਮੁੱਖ ਭਾਸ਼ਣ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਟਿਕਾਊ ਖੇਤੀਬਾੜੀ ਅਭਿਆਸਾਂ ਦੀ ਮਹੱਤਤਾ ਅਤੇ ਵਾਤਾਵਰਣ ਅਨੁਕੂਲ (ਈਕੋ ਫਰੈਂਡਲੀ) ਸੁਪਰ ਸ਼ੋਸ਼ਕਾਂ ਦੀ ਵਰਤੋਂ ਸੰੰਬੰਧੀ ਗੱਲ ਕੀਤੀ। ਇਸ ਉਪਰੰਤ ਆਈਆਈਟੀ ਰੋਪੜ ਤੋਂ ਡਾ.ਯਸ਼ਵੀਰ ਸਿੰਘ ਨੇ ਜ਼ਖ਼ਮ ਭਰਨ ਅਤੇ ਟਿਸ਼ੂ ਦੇ ਪੁਨਰਜਨਮ ਵਿੱਚ ਬਾਇਓਮੈਟਰੀਅਲ ਦੀ ਭੂਮਿਕਾ ਸੰਬੰਧੀ ਇੱਕ ਪੇਸ਼ਕਾਰੀ ਦਿੱਤੀ। ਕਾਨਫਰੰਸ ਦੇ ਪਹਿਲੇ ਦਿਨ ਦੀ ਸਮਾਪਤੀ ਸੀਆਈਏਬੀ ਮੋਹਾਲੀ ਦੀ ਡਾ. ਜਈਤਾ ਭੋਮਿਕ ਦੇ ਭਾਸ਼ਣ ਨਾਲ ਹੋਈ, ਜਿਸ ਵਿੱਚ ਉਨ੍ਹਾਂ ਨੇ ਐਗਰੀ ਬਾਇਓਮਾਸ ਲਿਗਨਿਨ ਅਧਾਰਿਤ ਹਰੀ ਅਤੇ ਟਿਕਾਊ ਤਕਨਾਲੋਜੀ ਬਾਰੇ ਚਰਚਾ ਕੀਤੀ ਅਤੇ ਡੀਆਰਡੀਓ, ਲੇਹਲਦਾਖ ਤੋਂ ਡਾ ਵਿਜੇ ਕੇ ਭਾਰਤੀ ਨੇ ਹਿਮਾਲੀਅਨ ਖੇਤਰ ਵਿੱਚ ਪਾਣੀ ਦੀ ਗੁਣਵੱਤਾ ਦੀਆਂ ਚੁਣੌਤੀਆਂ ਸੰਬੰਧੀ ਚਰਚਾ ਕੀਤੀ।
ਕਾਨਫਰੰਸ ਦੇ ਦੂਜੇ ਦਿਨ ਪ੍ਰਮੁੱਖ ਬੁਲਾਰਿਆਂ ਦੀ ਅਗਵਾਈ ਵਿੱਚ ਤਕਨੀਕੀ ਸੈਸ਼ਨ ਕਰਵਾਏ ਗਏ। ਪੀਲੋਨ ਯੂਐਸਏ ਦੇ ਸੀਈਓ ਅਤੇ ਸਹਿ ਸੰਸਥਾਪਕ ਡਾ.ਤਾਰਾਕਾ ਰਾਮਜੀ ਮੋਟੂਰੂ ਨੇ ਬਾਇਓਡੀਗ੍ਰੇਡੇਬਲ ਪੈਕੇਜਿੰਗ ਦੇ ਪ੍ਰਭਾਵਾਂ ਬਾਰੇ ਚਰਚਾ ਕਰਦਿਆਂ ਦਿਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਵੱਲੋਂ ਪੇਸ਼ ਕੀਤੀ ਪ੍ਰੈਜ਼ਨਟੇਸ਼ਨ ਨੇ ਵਿਸ਼ਵ ਪੱਧਰ ’ਤੇ ਪਲਾਸਟਿਕ ਦੇ ਕੂੜੇ ਨੂੰ ਘਟਾਉਣ ਲਈ ਈਕੋ ਫਰੈਂਡਲੀ ਪੈਕੇਜਿੰਗ ਹੱਲਾਂ ਵਿੱਚ ਬਦਲਾਅ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਇਸ ਉਪਰੰਤ ਆਈਐੱਨਐੱਸਟੀ, ਮੋਹਾਲੀ ਤੋਂ ਡਾ.ਕੌਸ਼ਿਕ ਘੋਸ਼ ਨੇ ਪੋਰਸ ਕਾਰਬਨ ਟੈਂਪਲੇਟਸ ਉੱਤੇ ਇੱਕ ਸੈਸ਼ਨ ਦਾ ਆਯੋਜਨ ਕੀਤਾ ਜਿਸ ਵਿੱਚ ਮੈਟੀਰੀਅਲ ਸਾਇੰਸ ਅਤੇ ਊਰਜਾ ਸਟੋਰੇਜ ਤਕਨਾਲੋਜੀਆਂ ਵਿੱਚ ਤਰੱਕੀ ਸੰਬੰਧੀ ਚਰਚਾ ਕੀਤੀ ਗਈ। ਕਾਨਫਰੰਸ ਨੂੰ ਅੱਗੇ ਵਧਾਉਂਦਿਆਂ ਐਨਆਈਟੀ ਜਲੰਧਰ ਦੇ ਡਾ.ਜੀਐਨ ਨਿਖਲ ਨੇ ਭੋਜਨ ਦੀ ਰਹਿੰਦ ਖੂੰਹਦ ਨੂੰ ਕੀਮਤੀ ਸਰੋਤਾਂ ਵਿੱਚ ਬਦਲਣ ਦੀ ਸੰਭਾਵਨਾ ਨੂੰ ਦਰਸਾਉਂਦੇ ਹੋਏ, ਭੋਜਨ ਦੀ ਰਹਿੰਦ ਖੂੰਹਦ ਦੀ ਵੈਲੋਰਾਈਜ਼ੇਸ਼ਨ ਲਈ ਐਨਾਰੋਬਿਕ ਬਾਇਓਰੀਫਾਈਨਰੀ ’ਤੇ ਪੇਸ਼ਕਾਰੀ ਕੀਤੀ।
ਇਸ ਉਪਰੰਤ ਆਰਕਸਾਡਾ, ਯੂਕੇ ਦੇ ਤਕਨੀਕੀ ਮੁਖੀ ਡਾ.ਅਮਿਤ ਭੱਟਾਚਾਰੀਆ ਵੱਲੋਂ ਸਮਾਪਤੀ ਸੈਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਹਰੇ ਅਤੇ ਟਿਕਾਊ ਰਸਾਇਣਾਂ ’ਤੇ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਨੇ ਟਿੱਪਣੀ ਕਰਦਿਆਂ ਕਿਹਾ ਕਿ ਸਸਟੇਨੇਬਿਲਟੀ ਸਿਰਫ਼ ਇੱਕ ਟੀਚਾ ਨਹੀਂ ਹੈ, ਇਹ ਰਸਾਇਣ ਵਿਿਗਆਨ ਦੇ ਭਵਿੱਖ ਦੀ ਨੀਂਹ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਉਦਯੋਗਾਂ ਨੂੰ ਹਰਿਆਲੀ ਅਭਿਆਸਾਂ ਨੂੰ ਅਪਣਾਉਣ ਦੀ ਅਪੀਲ ਕੀਤੀ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਸ਼੍ਰੀ ਆਯੂਸ਼ ਗਰਗ, ਫਿਊਚਰ ਈਕੋਵੈਂਚਰਜ਼ ਐਲਐਲਪੀ ਦੇ ਸੰਸਥਾਪਕ ਅਤੇ ਸੀਈਓ, ਅਤੇ ਕੁਦਰਤ ਆਰਗੈਨਿਕ ਫਾਰਮਜ਼ ਦੇ ਸੰਸਥਾਪਕ ਸ਼੍ਰੀ ਧਰਮਿੰਦਰ ਨੇ ਵੀ ਸ਼ਿਰਕਤ ਕੀਤੀ, ਜਿਨ੍ਹਾਂ ਨੇ ਨੌਜਵਾਨ ਦਿਮਾਗਾਂ ਨੂੰ ਵਰਮੀ ਕੰਪੋਸਟਿੰਗ ਅਤੇ ਪੌਂਡ ਰੀਜੁਵੇਨੇਸ਼ਨ ਵਰਗੇ ਹਰੀ ਊਰਜਾ ਹੱਲ ਅਪਣਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਨੌਜਵਾਨ ਖੋਜਕਰਤਾਵਾਂ ਅਤੇ ਵਿਦਵਾਨਾਂ ਨੇ ਪੋਸਟਰ ਪੇਸ਼ਕਾਰੀਆਂ ਅਤੇ ਪ੍ਰੋਜੈਕਟ ਡਿਸਪਲੇ ਜ਼ਰੀਏ ਇੱਕ ਪ੍ਰਦਰਸ਼ਨੀ ਪੇਸ਼ ਕੀਤੀ ਅਤੇ ਸਮਾਪਤੀ ਸਮਾਰੋਹ ਦੌਰਾਨ ਕਈ ਸ਼੍ਰੇਣੀਆਂ ਵਿੱਚ ਨਕਦ ਇਨਾਮਾਂ ਦੇ ਨਾਲ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦਿੱਤੀ ਗਈ। ਪ੍ਰੋਜੈਕਟ ਡਿਸਪਲੇਅ ਵਿੱਚ ਅੰਸ਼ਿਕਾ, ਜਾਨਵੀ ਅਤੇ ਮਾਨਵੀ ਨੇ ਪਹਿਲਾ, ਤਨਵੀ ਅਤੇ ਕਨਿਸ਼ਕਾ ਨੇ ਦੂਜਾ ਅਤੇ ਵੀਰਪਾਲ, ਤਨੂ ਅਤੇ ਸ਼ਿਵਾਨੀ ਸੈਣੀ ਨੇ ਤੀਜਾ ਇਨਾਮ ਪ੍ਰਾਪਤ ਕੀਤਾ। ਪੋਸਟਰ ਪੇਸ਼ਕਾਰੀ ਵਿੱਚ, ਨੇਹਾ ਠਾਕੁਰ ਨੇ ਪਹਿਲਾ ਸਥਾਨ ਹਾਸਲ ਕੀਤਾ, ਪ੍ਰੀਤਮ ਹੈਤ ਅਤੇ ਅਖਿਲੇਸ਼ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਮੌਖਿਕ ਪੇਸ਼ਕਾਰੀਆਂ ਲਈ ਸ੍ਰੀਮਤੀ ਰਾਜਦੀਪ ਕੌਰ ਨੇ ਪਹਿਲਾ ਇਨਾਮ ਜਿੱਤਿਆ, ਦੂਜੇ ਸਥਾਨ ’ਤੇ ਇੰਦੂ ਬਾਲਾ ਅਤੇ ਤੀਜਾ ਇਨਾਮ ਡਾ ਸ਼ਿਵਾਨੀ ਨੇ ਜਿੱਤਿਆ।