ਚੰਡੀਗੜ੍ਹ ਯੂਨੀਵਰਸਿਟੀ ਦੀ ਗੁਰੂ ਨਾਨਕ ਚੇਅਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ’ਤੇ ਕਰਵਾਇਆ ਸਮਾਗਮ
ਹਰਜਿੰਦਰ ਸਿੰਘ ਭੱਟੀ
- ਸ੍ਰੀ ਜਪੁਜੀ ਸਾਹਿਬ ਦੇ ਪਾਠ ਉਪਰੰਤ ਸਮਾਗਮ ਦੀ ਹੋਈ ਸ਼ੁਰੂਆਤ, ਵੱਡੀ ਗਿਣਤੀ ’ਚ ਸੰਗਤ ਹੋਈ ਨਤਮਸਤਕ
- ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਰਸਭਿੰਨੇ ਕੀਰਤਨ ਨਾਲ ਸੰਗਤ ਨੂੰ ਕੀਤਾ ਨਿਹਾਲ, ਸਰਬੱਤ ਦੇ ਭਲੇ ਤੇ ਚੜ੍ਹਦੀਕਲਾ ਦੀ ਕੀਤੀ ਅਰਦਾਸ
- ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ `ਤੇ ਚੰਡੀਗੜ੍ਹ ਯੂਨੀਵਰਸਿਟੀ `ਚ ਗੁਰੂ ਦੀਆਂ ਉਦਾਸੀਆਂ `ਤੇ ਸਿੱਖਿਆਵਾਂ ਬਾਰੇ ਕਰਵਾਇਆ ਜਾਣੂ
- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨੂੰ ਮੰਨਣ ਵਾਲੇ ਅਨੁਯਾਈਆਂ ਨੇ ਬਾਕੂ ਦੇ ਪਵਿੱਤਰ ਸਥਾਨ ਨੂੰ ਬਣਾਇਆ ਯਾਦਗਾਰ- ਪ੍ਰੋ. ਕਰਮਤੇਜ ਸਿੰਘ ਸਰਾਓ
- ਸਾਡੇ ਲਈ ਅਮੀਰ ਵਿਰਸੇ ਦੀ ਸਾਂਭ-ਸੰਭਾਲ ਹੈ ਬਹੁਤ ਜਿ਼ਆਦਾ ਜ਼ਰੂਰੀ : ਪ੍ਰੋ. ਕਰਮਤੇਜ ਸਿੰਘ ਸਰਾਓ
ਮੋਹਾਲੀ/ਚੰਡੀਗੜ੍ਹ (14 ਨਵੰਬਰ 2024)- ਚੰਡੀਗੜ੍ਹ ਯੂਨੀਵਰਸਿਟੀ ਦੀ ਗੁਰੂ ਨਾਨਕ ਚੇਅਰ ਫਾਰ ਸਟੱਡੀਜ਼ ਇਨ ਯੂਨੀਵਰਸਲ ਅਡਵਾਂਸਮੈਂਟ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦਾ ਵਿਸ਼ਾ "ਰੂਹਾਨੀ ਸੰਵਾਦ ਬਾਕੂ ਦੀ ਯਾਤਰਾ ਦੇ ਸੰਦਰਭ ’ਚ" ’ਤੇ ਅਧਾਰਿਤ ਸੀ। ਸਮਾਗਮ ਦੀ ਸ਼ੁਰੂਆਤ ਸ੍ਰੀ ਜਪੁਜੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਹੋਈ। ਸਮਾਗਮ `ਚ ਮੁੱਖ ਮਹਿਮਾਨ ਵਜੋਂ ਸਾਬਕਾ ਮੁੱਖੀ, ਬੋਧ ਸਿੱਖਿਆ ਵਿਭਾਗ, ਦਿੱਲੀ ਯੂਨੀਵਰਸਿਟੀ ਦੇ ਪ੍ਰੋ. (ਡਾ.) ਕਰਮਤੇਜ ਸਿੰਘ ਸਰਾਓ ਸ਼ਾਮਲ ਹੋਏ। ਇਸ ਸਮਾਗਮ `ਚ ਵੱਡੀ ਗਿਣਤੀ `ਚ ਸੰਗਤ ਨੇ ਸ੍ਰੀ ਜਪੁਜੀ ਸਾਹਿਬ ਦੀ ਹਜ਼ੂਰੀ ’ਚ ਬੈਠ ਕੇ ਗੁਰਬਾਣੀ ਦਾ ਸਿਮਰਨ ਕੀਤਾ ਅਤੇ ਇਸ ਉਪਰੰਤ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸਰਬੱਤ ਦੇ ਭਲੇ ਤੇ ਚੜ੍ਹਦੀਕਲਾ ਦੀ ਅਰਦਾਸ ਵੀ ਕੀਤੀ ਗਈ। ਇਸ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸੰਗਤ ਨੂੰ ਸ਼ਬਦ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ।
ਇਸ ਵਿਸ਼ੇਸ਼ ਸਮਾਗਮ `ਚ ਮੁੱਖ ਮਹਿਮਾਨ ਪ੍ਰੋ. (ਡਾ.) ਕਰਮਤੇਜ ਸਿੰਘ ਸਰਾਓ ਸਣੇ ਗੁਰੂ ਨਾਨਕ ਚੇਅਰ ਦੇ ਚੇਅਰਪਰਸਨ ਤੇ ਪੰਜਾਬੀ ਭਾਸ਼ਾ ਦੇ ਪ੍ਰਸਿੱਧ ਲੇਖਕ ਡਾ. ਹਰਪਾਲ ਸਿੰਘ ਪੰਨੂ, ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਮਨਪ੍ਰੀਤ ਸਿੰਘ ਮੰਨਾ, ਪ੍ਰੋ. ਵਾਈਸ ਚਾਂਸਲਰ ਡਾ. ਦੇਵਿੰਦਰ ਸਿੰਘ ਸਿੱਧੂ ਅਤੇ ਸੰਗਤ ਵੱਡੀ ਗਿਣਤੀ ’ਚ ਗੁਰੂ ਦੀ ਹਜੂਰੀ `ਚ ਸ਼ਾਮਲ ਹੋਈ।
ਪ੍ਰੋ. ਕਰਮਤੇਜ ਸਿੰਘ ਸਰਾਓ ਨੇ ਇਸ ਵਿਸ਼ੇਸ਼ ਸਮਾਗਮ ਮੌਕੇ ਸੰਗਤ ਨਾਲ ਅਜ਼ਰਬਾਈਜਾਨ ਅਤੇ ਬਾਕੂ ਦੀ ਯਾਤਰਾ ਦੌਰਾਨ ਕੀਤੀ ਖੋਜ ਸਬੰਧੀ ਕਈ ਚਿੱਤਰ ਪ੍ਰਦਰਸ਼ਿਤ ਕੀਤੇ। ਇਸ ਮੌਕੇ ਮੁੱਖ ਭਾਸ਼ਣ ਦਿੰਦਿਆਂ ਪ੍ਰੋ. (ਡਾ) ਕਰਮਤੇਜ ਸਿੰਘ ਸਰਾਓ ਨੇ ਆਪਣੀ ਬਾਕੂ ਯਾਤਰਾ ਦੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ, "ਮੇਰਾ ਬੁੱਧ ਧਰਮ ਦੇ ਇਤਿਹਾਸ ਦੀ ਖੋਜ ਬਾਰੇ ਇੱਕ ਥਾਂ ਤੋਂ ਦੂਜੀ ਥਾਂ ਆਉਣਾ ਜਾਣਾ ਲੱਗਾ ਰਹਿੰਦਾ ਸੀ। ਇਸੇ ਦੌਰਾਨ ਜਦੋਂ ਮੈਂ ਆਪਣੀ ਖੋਜ ਲਈ ਅਜ਼ਰਾਬਾਈਜਾਨ ਦੇ ਬਾਕੂ ਸ਼ਹਿਰ ਵਿਚ ਪਹੁੰਚਿਆ ਤਾਂ ਉਥੋਂ ਦੇ ਵਸਨੀਕ ਲੋਕਾਂ ਤੋਂ ਪਤਾ ਲੱਗਾ ਕਿ ਇਥੇ ਇੱਕ ਪੁਰਾਣਾ ਡੇਰਾ ਹੈ ਜਿਥੇ ਇੱਕ ਪੁਰਾਤਨ ਹਿੰਦੂ ਮੰਦਿਰ ਵੀ ਹੈ। ਜਦੋਂ ਮੈਂ ਉਥੋਂ ਦਾ ਰਸਤਾ ਪੁੱਛ ਕੇ ਉਸ ਜਗ੍ਹਾ ’ਤੇ ਪਹੁੰਚਿਆ ਤਾਂ ਮੈਂ ਦੇਖਿਆ ਕਿ ਇੱਕ ਵੱਡੇ ਡੇਰੇ `ਚ ਛੋਟਾ ਜਿਹਾ ਸਥਾਨ ਸੀ, ਜਿਸ ਦੀ ਛੱਤ ਇੱਕ ਗੁੰਬਦਨੁਮਾ ਬਣੀ ਹੋਈ ਸੀ।ਉਥੇ ਦੇਖਿਆ ਕਿ ਇਹ ਪੁਰਾਣੀ ਇਤਿਹਾਸਕ ਇਮਾਰਤ `ਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪੋਥੀ ਜਾਂ ਕੋਈ ਵੀ ਹੋਰ ਸਮੱਗਰੀ ਨਹੀਂ ਸੀ। ਬਸ ਇਮਾਰਤ ਦੀ ਕੰਧ `ਤੇ ਗੁਰਮੁੱਖ਼ੀ ਅੱਖਰਾਂ `ਚ ਮੂਲ ਮੰਤਰ ਲਿਖਿਆ ਹੋਇਆ ਸੀ। ਫਿਰ ਜਦੋਂ ਮੈਂ ਉਥੋਂ ਦੇ ਬਾਸ਼ਿੰਦਿਆਂ ਤੋਂ ਇਮਾਰਤ ਦੇ ਇਤਿਹਾਸ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਥੇ ਕਈ ਸਾਲ ਪਹਿਲਾਂ ਭਾਰਤ ਤੋਂ ਇੱਕ ਸਾਧੂ ਸੰਤ ਆਏ ਸਨ, ਜਿਨ੍ਹਾਂ ਦਾ ਨਾਮ ਨਾਨਕ ਲਾਮਾ (ਲਾਮਾ ਤੋਂ ਭਾਵ ਵੱਡਾ) ਸੀ। ਇਸ ਡੇਰੇ `ਚ ਇਸ ਸਥਾਨ ਨੂੰ ਅੱਜ ਦੇ ਸਮੇਂ ਫਾਇਰ ਟੈਂਪਲ ਵੀ ਕਹਿੰਦੇ ਹਨ। ਇਹ ਡੇਰਾ ਕਾਫੀ ਵੱਡਾ ਹੈ ਅਤੇ ਇਸ ਡੇਰੇ `ਚ ਕਈ ਪੁਰਾਣੇ ਸਾਧੂਆਂ ਦੀ ਮੂਰਤੀਆਂ ਬਣੀਆਂ ਹੋਈਆਂ ਹਨ ਜੋ ਸੰਨਿਆਸੀ ਸਾਧੂਆਂ ਦੇ ਉਸ ਸਮੇਂ ਦੇ ਹਲਾਤਾਂ ਨੂੰ ਦਰਸਾਉਂਦੀਆਂ ਹਨ। ਕਾਫੀ ਲੰਬੀ ਖੋਜ ਤੋਂ ਬਾਅਦ ਪਾਇਆ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਰਨਛੋਹ ਅਸਥਾਨ ਹੈ। ਇਸ ਸਥਾਨ `ਤੇ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਉਨ੍ਹਾਂ ਦੇ ਫ਼ਲਸਫ਼ੇ ਨੂੰ ਮੰਨਣ ਵਾਲੇ ਕਈ ਨਿਰਮਲ ਸਾਧੂ ਆਏ, ਜਿਨ੍ਹਾਂ ਵੱਲੋਂ ਇਸ ਸਥਾਨ ਨੂੰ ਇੱਕ ਯਾਦਗਾਰੀ ਸਥਾਨ ਬਣਾ ਦਿੱਤਾ ਗਿਆ।"
ਪ੍ਰੋ. ਸਰਾਓ ਨੇ ਕਿਹਾ, "ਕਈ ਲੋਕਾਂ ਨੇ ਮੇਰੀ ਇਸ ਖੋਜ ਨੂੰ ਮਿੱਥ ਦੱਸਿਆ ਪਰ ਮੇਰੀ ਇਹ ਖੋਜ ਸਾਬਿਤ ਕਰਦੀ ਹੈ ਕਿ ਗੁਰੂ ਨਾਨਕ ਦੇਵ ਜੀ ਆਪਣੀ ਚੌਥੀ ਉਦਾਸੀ ਦੌਰਾਨ ਇਥੇ ਆਏ ਸੀ ਤੇ ਕਈ ਇਤਿਹਾਸਕਾਰਾਂ ਦੀਆਂ ਕਿਤਾਬਾਂ `ਚ ਇਸਦੀ ਜਾਣਕਾਰੀ ਮੌਜੂਦ ਹੈ। ਗਿਆਨੀ ਗਿਆਨ ਸਿੰਘ ਦੀ ਪ੍ਰਕਾਸ਼ਨੀ "ਤਵਾਰੀਖ ਗੁਰੂ ਖਾਲਸਾ" `ਚ ਉਨ੍ਹਾਂ ਨੇ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਆਪਣੀ ਚੌਥੀ ਉਦਾਸੀ ਦੌਰਾਨ "ਉਰਗੰਜ ਦੇਸ਼" (ਅੱਜ `ਚ ਅਜ਼ਰਬਾਈਜਾਨ) ਗਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਤਰਾਵਾਂ ਦੇ ਸਾਰੇ ਪ੍ਰਮਾਣ ਇਸ ਦੁਨੀਆ `ਤੇ ਮੌਜੂਦ ਹਨ। "ਸਾਡੇ ਲਈ ਸਾਡੇ ਅਮੀਰ ਵਿਰਸੇ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ। ਮੈਂ ਸਿੱਖ ਸੰਸਥਾ ਐਸਜੀਪੀਸੀ ਕੋਲ ਆਪਣੀ ਇਸ ਯਾਤਰਾ ਸਬੰਧੀ ਖੋਜ ਨੂੰ ਲੈ ਕੇ ਜਾਵਾਂਗਾ ਅਤੇ ਉਨ੍ਹਾਂ ਨੂੰ ਅਪੀਲ ਕਰਾਂਗਾ ਕਿ ਇਸ ਸਥਾਨ ਦੀ ਸਾਂਭ-ਸੰਭਾਲ ਲਈ ਕਦਮ ਚੁੱਕੇ ਜਾਣ ਤੇ ਲੋਕਾਂ ਦੀਆਂ ਉਮੀਦਾਂ ਅਨੁਸਾਰ ਇਸ ਸਥਾਨ ਦੇ ਨੇੜੇ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਸਮਰਪਿਤ ਇੱਕ ਗੁਰੂਘਰ ਦੇ ਨਿਰਮਾਣ ਦੀ ਇੱਛਾ ਨੂੰ ਪੂਰਾ ਕੀਤਾ ਜਾਵੇ।"
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੀ ਗੁਰੂ ਨਾਨਕ ਚੇਅਰ ਦੇ ਚੈਅਰਪਰਸਨ ਤੇ ਪੰਜਾਬੀ ਦੇ ਪ੍ਰਮੁੱਖ ਲੇਖਕ ਪ੍ਰੋ. ਹਰਪਾਲ ਸਿੰਘ ਪੰਨੂ ਨੇ ਕਿਹਾ, "ਸ੍ਰੀ ਗੁਰੂ ਨਾਨਕ ਦੇਵ ਜੀ ਨੇ 25 ਸਾਲ ਤੋਂ ਵੱਧ ਏਸ਼ੀਆ ਦੀ ਯਾਤਰਾ ਕਰਦਿਆਂ ਆਪਣੇ ਨਾਲ ਖਾਣ ਪੀਣ, ਪਹਿਨਣ ਤੇ ਖਰਚਣ ਵਾਸਤੇ ਕੋਈ ਵੀ ਪੈਸਾ ਆਪਣੇ ਨਾਲ ਨਹੀਂ ਲੈ ਕੇ ਗਏ। ਉਹ ਖਾਲੀ ਹੱਥ ਗਏ, ਖਾਲੀ ਹੱਥ ਪਹੁੰਚੇ ਤੇ ਵਾਪਸ ਆਏ। ਜਿਹੜੀ ਚੀਜ਼ ਉਨ੍ਹਾਂ ਨੇ ਕਦੇ ਵੀ ਆਪਣੇ ਤੋਂ ਦੂਰ ਨਹੀਂ ਹੋਣ ਦਿੱਤੀ ਉਹ ਪ੍ਰਬੋਧ ਤੇ ਕਰਮਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਕਿਤੇ ਵੀ ਚੰਗੀ ਗੱਲ ਪੜ੍ਹੋ, ਚੰਗੀ ਗੱਲ ਸੁਣੋ ਤੇ ਉਸ ਨੂੰ ਨੋਟ ਕਰੋ ਤੇ ਫਿਰ ਬਾਕੀਆਂ `ਤੇ ਅਮਲ ਕਰੋ। ਉਸ ਸਮੇਂ ਉਨ੍ਹਾਂ ਦੇਖਿਆ ਕਿ ਫਾਰਸੀ ਤੇ ਦੇਵਾਨਗਰੀ ਲਿਪੀ ਜਿਆਦਾ ਪ੍ਰਚਲਿਤ ਸੀ। ਉਨ੍ਹਾਂ ਸਮਿਆਂ ਵਿਚ ਸਭ ਤੋਂ ਸੌਖਾ ਕੰਮ ਸੀ ਕਿ ਜੇਕਰ ਉਹ ਆਪਣੀ ਬਾਣੀ ਨੂੰ ਫਾਰਸੀ ਤੇ ਦੇਵਨਾਗਰੀ ਵਿਚ ਲਿਖ ਦਿੰਦੇ। ਪਰ ਉਨ੍ਹਾਂ ਨੇ ਨਵੀਂ ਲਿਪੀ ਇਜਾਦ ਕੀਤੀ। ਉਨ੍ਹਾਂ ਇਹ ਮੰਨ ਲਿਆ ਸੀ ਕਿ ਜੇਕਰ ਲੋਕ ਸਾਡੀ ਲਿਪੀ ਪੜ੍ਹਨਗੇ ਤਾਂ ਉਹ ਸਿੱਖਣਗੇ। ਅੱਜ ਇਸ ਮੰਚ `ਤੇ ਅਸੀਂ ਜੋ ਪੁਰਾਣੀਆਂ ਹੱਥ ਲਿਖਤ ਪਲੇਟਾਂ ਦੇਖੀਆਂ ਹਨ ਉਹ ਕਈ ਸੌ ਸਾਲ ਪੁਰਾਣੀਆਂ ਹਨ ਤੇ ਉਹ ਸਾਰੀਆਂ ਹੀ ਗੁਰਮੁੱਖੀ ਲਿਪੀ `ਚ ਲਿਖੀਆਂ ਹੋਈਆਂ ਹਨ। ਇਸ ਕਰ ਕੇ ਇਹ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨਹੀਂ ਹੈ। ਉਨ੍ਹਾਂ ਸਮਿਆਂ ਵਿਚ ਮੁਗਲ ਤੇ ਹਿੰਦੂ ਇੱਕ ਦੂਸਰੇ ਦੇ ਵਿਰੋਧੀ ਸਨ। ਪਰ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਹੁਤ ਜਿ਼ਆਦਾ ਅਨੁਆਯੀ ਹੋਏ ਤੇ ਉਨ੍ਹਾਂ ਬਾਰੇ ਲੋਕ ਮੁਹਾਵਰੇ ਪ੍ਰਚਲਿਤ ਹੋਏ ਜਿਨ੍ਹਾਂ `ਚ ਉਨ੍ਹਾਂ ਬਾਬਾ ਨਾਨਕ ਸ਼ਾਹ ਫਕੀਰ, ਹਿੰਦੂਆਂ ਦਾ ਗੁਰੂ ਤੇ ਮੁਸਲਮਾਨ ਕਾ ਪੀਰ ਦਾ ਜਿ਼ਕਰ ਕੀਤਾ ਗਿਆ ਹੈ।"
ਇਸ ਮੌਕੇ ਸੰਸਦ ਮੈਂਬਰ (ਰਾਜ ਸਭਾ) ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸੰਗਤ ਨੂੰ ਵਧਾਈ ਦਿੱਤੀ ਤੇ ਕਿਹਾ, "ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਪਦੇਸ਼ਾਂ ਉੱਪਰ ਖੋਜ ਕਾਰਜ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਦੀ ਗੁਰੂ ਨਾਨਕ ਚੇਅਰ ਫਾਰ ਸਟੱਡੀਜ਼ ਇਨ ਯੂਨੀਵਰਸਲ ਅਡਵਾਂਸਮੈਂਟ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਾਲ 2019 `ਚ ਸਥਾਪਿਤ ਕੀਤਾ ਗਿਆ ਸੀ। ਗੁਰੂ ਨਾਨਕ ਚੇਅਰ ਦੀ ਸਥਾਪਨਾ ਦਾ ਮੁੱਖ ਟੀਚਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਵਿਸ਼ਵ ਪੱਧਰ `ਤੇ ਪ੍ਰਸਾਰ ਕਰਨਾ ਹੈ। ਪਿਛਲੇ 5 ਸਾਲਾਂ `ਚ ਗੁਰੂ ਨਾਨਕ ਚੇਅਰ ਵੱਲੋਂ ਕਈ ਸਿੱਖ ਧਾਰਮਿਕ ਪੁਸਤਕਾਂ ਪ੍ਰਕਾਸ਼ਿਤ ਕੀਤੀ ਗਈਆਂ ਹਨ। ਇਨ੍ਹਾਂ ਵਿਚੋਂ ਮੁੱਖ ਪ੍ਰਕਾਸ਼ਨਾ `ਚ "ਸਲੋਕ ਅਰਥਾਵਲੀ ਮਹਿਲਾ 1 ਕੇ", ਲਿੰਗ ਸਮਾਨਤਾ ਅਤੇ ਮਹਿਲਾ ਸਸ਼ਕਤੀਕਰਨ ਅਧਾਰਿਤ ਰਾਸ਼ਟਰੀ ਪੱਧਰੀ ਕਾਨਫਰੰਸ ਦੀ ਕਾਰਵਾਈ `ਤੇ ਪ੍ਰਕਾਸ਼ਨ ਸਣੇ ਗੁਰੂ ਸਾਹਿਬ ਦੀ ਬਾਣੀ "ਪਵਣ ਗੁਰੂ ਪਾਣੀ ਪਿਤਾ" ਸ਼ਬਦ ਅਧਾਰਿਤ ਕੁਦਰਤ ਨਾਲ ਜੁੜੀ ਕਾਨਫਰੰਸ `ਤੇ ਪ੍ਰਕਾਸ਼ਨ ਆਦਿ ਸ਼ਾਮਲ ਹਨ।"
ਗੁਰੂ ਦੇ ਫਲਸਫੇ `ਤੇ ਗੱਲ ਕਰਦਿਆਂ ਸੰਸਦ ਮੈਂਬਰ ਨੇ ਅੱਗੇ ਕਿਹਾ, "ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੂਜਿਆਂ ਦੀ ਸੇਵਾ ਕਰਨ ਅਤੇ ਭਾਈਚਾਰਕ ਸਾਂਝੀਵਾਲਤਾ ਤੇ ਸਦਭਾਵਨਾ ਦਾ ਸੰਦੇਸ਼ ਦਿੱਤਾ। ਗੁਰੂ ਨਾਨਕ ਦੇਵ ਜੀ ਦਾ ਜੀਵਨ ਫ਼ਲਸਫਾ "ਕਿਰਤ ਕਰੋ, ਵੰਡ ਛੱਕੋ ਤੇ ਜ਼ਿੰਦਗੀ ’ਚ ਸਹਿਜ ਰਹਿਣ ਲਈ ਨਾਮ ਜਪੋ" ਦਾ ਸੀ। ਕਰਤਾਰਪੁਰ ਸਾਹਿਬ ਬਾਬਤ ਗੱਲ ਕਰਦਿਆਂ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲਕਦਮੀ ਹੀ ਸੀ ਜਿਸਨੇ ਸਿੱਖਾਂ ਦੇ 70 ਸਾਲ ਦੇ ਇੰਤਜ਼ਾਰ ਨੂੰ ਖਤਮ ਕਰਦਿਆਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੁੱਲ੍ਹਵਾਇਆ।"
ਇਸ ਸਮਾਗਮ ਦੇ ਅੰਤ `ਚ ਗੁਰੂ ਨਾਨਕ ਚੇਅਰ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਪ੍ਰੋ. ਕਰਮਤੇਜ ਸਿੰਘ ਸਰਾਓ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਅਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਮਰਪਿਤ ਰੀਲ ਬਣਾਓ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ। ਇਸ ਸਮਾਗਮ ਤੋਂ ਬਾਅਦ ਸਮੂਹ ਸੰਗਤ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਸੀ।