ਪੀ.ਏ.ਯੂ. ਦੇ ਫੁੱਲ ਵਿਗਿਆਨੀ ਨੂੰ ਵੱਕਾਰੀ ਫੈਲੋਸ਼ਿਪ ਹਾਸਲ ਹੋਈ
ਲੁਧਿਆਣਾ 14 ਨਵੰਬਰ, 2024 - ਪੀ.ਏ.ਯੂ. ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੂੰ ਬੀਤੇ ਦਿਨੀਂ ਸਜਾਵਟੀ ਬਾਗਬਾਨੀ ਬਾਰੇ ਭਾਰਤੀ ਸੁਸਾਇਟੀ ਨੇ ਫੈਲੋਸ਼ਿਪ ਨਾਲ ਨਿਵਾਜ਼ਆ| ਇਹ ਫੈਲੋਸ਼ਿਪ ਮਹਾਰਾਣਾ ਪ੍ਰਤਾਪ ਹਾਰਟੀਕਲਚਰ ਯੂਨੀਵਰਸਿਟੀ ਕਰਨਾਲ ਵਿਖੇ ਹੋਈ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ ਦੌਰਾਨ ਪ੍ਰਦਾਨ ਕੀਤੀ ਗਈ| ਜ਼ਿਕਰਯੋਗ ਹੈ ਕਿ ਡਾ. ਪਰਮਿੰਦਰ ਸਿੰਘ ਕੋਲ 27 ਸਾਲ ਤੋਂ ਵਧੇਰੇ ਅਧਿਆਪਨ, ਖੋਜ ਅਤੇ ਪਸਾਰ ਦਾ ਤਜਰਬਾ ਹੈ| ਉਹਨਾਂ ਦੀ ਨਿਗਰਾਨੀ ਹੇਠ ਤਿੰਨ ਵਿਦਿਆਰਥੀਆਂ ਨੇ ਪੀ ਐੱਚ ਡੀ ਅਤੇ 12 ਨੇ ਮਾਸਟਰਜ਼ ਡਿਗਰੀ ਲਈ ਖੋਜ ਕੀਤੀ| ਉਹਨਾਂ ਦੇ ਨਾਂ ਹੇਠ ਦੋ ਪਾਠ ਪੁਸਤਕਾਂ ਛਪੀਆਂ| ਇਸ ਤੋਂ ਇਲਾਵਾ 14 ਕਿਤਾਬਾਂ ਦੇ ਅਧਿਆਇ, 4 ਪਸਾਰ ਬੁਲਿਟਨ ਅਤੇ 6 ਮੈਨੂਅਲ ਵੀ ਉਹਨਾਂ ਪ੍ਰਕਾਸ਼ਿਤ ਕਰਵਾਏ| ਇਸ ਤੋਂ ਇਲਾਵਾ 52 ਖੋਜ ਲੇਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਸਾਲਿਆਂ ਵਿਚ ਪ੍ਰਕਾਸ਼ਿਤ ਹੋਏ| 61 ਦੇ ਕਰੀਬ ਮਕਬੂਲ ਲੇਖਾਂ ਵਿਚ ਵੀ ਉਹਨਾਂ ਦਾ ਨਾਂ ਸ਼ਾਮਿਲ ਹੈ|
ਇਸਦੇ ਨਾਲ-ਨਾਲ ਡਾ. ਪਰਮਿੰਦਰ ਸਿੰਘ ਨੇ ਤਾਪ ਦਾ ਸਾਹਮਣਾ ਕਰਨ ਵਾਲੀ ਮੈਰੀਗੋਲਡ ਦੀ ਕਿਸਮ ਪੰਜਾਬ ਗੇਂਦਾ-1 ਵਿਕਸਿਤ ਕੀਤੀ| ਉਹ ਫੁੱਲਾਂ ਅਤੇ ਕਟ ਗਰੀਨ ਦੀ ਕਾਸ਼ਤ ਅਤੇ ਤੁੜਾਈ ਉਪਰੰਤ ਸੰਭਾਲ ਦੀਆਂ 11 ਸਿਫ਼ਾਰਸ਼ਾਂ ਨਾਲ ਸਿੱਧੇ ਤੌਰ ਤੇ ਸੰਬੰਧਿਤ ਰਹੇ| ਮੁੱਖ ਨਿਗਰਾਨ ਵਜੋਂ ਉਹਨਾਂ ਨੇ ਦੋ ਖੋਜ ਪ੍ਰੋਜੈਕਟ ਨੇਪਰੇ ਚਾੜੇ| ਪੀ.ਏ.ਯੂ. ਵਿਚ ਹਰ ਸਾਲ ਲਾਏ ਜਾਂਦੇ ਗੁਲਦਾਉਦੀ ਸ਼ੋਅ ਵਿਚ ਡਾ. ਪਰਮਿੰਦਰ ਸਿੰਘ ਸਰਗਰਮ ਭੂਮਿਕਾ ਨਿਭਾਉਂਦੇ ਆ ਰਹੇ ਹਨ|
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਇਸ ਪ੍ਰਾਪਤੀ ਲਈ ਡਾ. ਸਿੰਘ ਨੂੰ ਵਧਾਈ ਦਿੱਤੀ|