ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਨਾਇਆ ਗਿਆ ਬਾਲ ਦਿਵਸ
ਪਟਿਆਲਾ, 14 ਨਵੰਬਰ 2024 - ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ ਬਾਲ ਦਿਵਸ ਮਨਾਇਆ ਗਿਆ।
ਡੀਨ ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸੈਣੀ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਪ੍ਰੇਰਣਾਦਾਇਕ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ, ਸਕੂਲ ਵਿਚ ਪੜ੍ਹ ਰਹੇ ਹਰ ਵਿਦਿਆਰਥੀ ਨੂੰ ਪੜ੍ਹਨ ਅਤੇ ਅੱਗੇ ਵਧਣ ਦਾ ਮੌਕਾ ਦੇਣ ਲਈ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਸਫਲ ਹੋਣ ਦਾ ਇਹ ਸਭ ਤੋਂ ਵਧੀਆ ਮੰਤਰ ਹੈ। ਉਨ੍ਹਾਂ ਸਕੂਲ ਦੀ ਲਾਇਬ੍ਰੇਰੀ ਦਾ ਵਿਸਥਾਰ ਕਰਨ ਦੀ ਵੀ ਇੱਛਾ ਪ੍ਰਗਟਾਈ।
ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਦੇ ਡਾਇਰੈਕਟਰ ਡਾ. ਰਮਨ ਮੈਣੀ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰੇਗੀਨਾ ਮੈਣੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸਿ਼ਰਕਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ, ਨਿਯਮਿਤ ਤੌਰ 'ਤੇ ਕਸਰਤ ਕਰਨੀ ਚਾਹੀਦੀ ਹੈ ਅਤੇ ਹਮੇਸ਼ਾ ਸਕਾਰਾਤਮਕ ਰਹਿਣਾ ਚਾਹੀਦਾ ਹੈ।
ਸਕੂਲ ਇੰਚਾਰਜ ਸਤਵੀਰ ਸਿੰਘ ਗਿੱਲ ਨੇ ਇਸ ਮੌਕੇ ਸਮੂਹ ਵਿਦਿਆਰਥੀਆਂ ਨੂੰ ਮਠਿਆਈਆਂ ਵੰਡੀਆਂ। ਉਨ੍ਹਾਂ ਅੰਤ ਵਿੱਚ ਸਭ ਦਾ ਧੰਨਵਾਦ ਕੀਤਾ। ਸਕੂਲ ਦੇ ਪ੍ਰਾਇਮਰੀ ਵਿੰਗ ਨਾਲ਼ ਸੰਬੰਧਤ ਬੱਚਿਆਂ ਵੱਲੋਂ ਸੱਭਿਆਚਾਰਕ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਸਮਾਗਮ ਵਿੱਚ ਸ਼੍ਰੀ ਰਾਮ ਸਰੂਪ ਸੈਣੀ, ਸ਼੍ਰੀ ਹਰਪ੍ਰੀਤ ਸਿੰਘ, ਸ਼੍ਰੀ ਗਗਨਦੀਪ ਸਿੰਘ ਅਤੇ ਸਕੂਲ ਦੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।