ਮਾਫ਼ ਕਰਨਾ
ਸਾਡੇ ਲਈ ਬਹੁਤ ਮੁਸ਼ਕਿਲ ਹੈ
ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ
ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ
ਤਿੜਕੀਆਂ ਅੱਡੀਆਂ
ਨ੍ਹੇਰੀ ਨਾਲ ਉਲਝੀ ਖੁਸ਼ਕ ਦਾਹੜੀ
ਲੂੰਆਂ ਬਰਫਾਂ ਦੀ ਝੰਬੀ ਪਕਰੋੜ ਚਮੜੀ
ਗੱਲ੍ਹਾਂ ਦਾ ਚਿਪਕਿਆ ਮਾਸ
ਤੇ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਡੂੰਘ ‘ਚ
ਦਗਦੀਆਂ ਮਘਦੀਆਂ ਤੇਜ਼ ਅੱਖਾਂ
ਅੱਖਾਂ ਜੋ –
ਪਰਿਵਾਰ ਨੂੰ
ਸਰਕਾਰ ਨੂੰ
ਤੇ ਹਰ ਸੰਸਕਾਰ ਨੂੰ
ਟਿੱਚ ਜਾਣਦੀਆਂ
ਬਹੁਤ ਖਤਰਨਾਕ ਸਿੱਧ ਹੋ ਸਕਦੈ
ਸਾਡੇ ਲਈ ਅਸ੍ਲੀ ਨਾਨਕ
ਅਜਿਹੇ ਨਾਨਕ ਦਾ ਅਸੀਂ
ਧਿਆਨ ਨਹੀਂ ਧਰ ਸਕਦੇ
ਜੋ ਘਰਾਂ ਨੂੰ ਉਜਾੜ ਸਕਦਾ
ਨਿਆਣੇ ਵਿਗਾੜ ਸਕਦਾ
ਕਿਸੇ ਕਾਅਬੇ ਵੱਲ ਪੈਰ ਕਰਕੇ
ਪ੍ਰਕਰਮਾ ਵਿਚ ਲੇਟਣ ਲਈ ਉਕਸਾ ਸਕਦਾ
ਲਿਹਾਜ਼ਾ
ਲੱਤਾਂ ਤੁੜਵਾ ਜਾਂ ਲੱਤਾਂ ਵਢਵਾ ਸਕਦਾ
ਤੇ ਹੋਰ ਵੀ ਬੜਾ ਕੁਝ ਗਲਤ ਕਰਵਾ ਸਕਦਾ
ਮਸਲਨ
ਅਸੀਂ ਮਜ਼ਹਬੀ ਚਿੰਨਾਂ ਦੇ ਥੋਥੇਪਨ ਨੂੰ ਨਾਪ ਸਕਦੇ ਹਾਂ
ਵਹਿਣਾਂ ਨੂੰ ਮੋੜਨ ਦਾ
ਮਰਿਆਦਾ ਨੂੰ ਤੋੜਨ ਦਾ
ਐਲਾਨਨਾਮਾ ਛਾਪ ਸਕਦੇ ਹਾਂ
ਅਜਿਹੇ ਖਤਰਨਾਕ ਨਾਨਕ ਤੋਂ ਬਹੁਤ ਚਾਲੂ ਹਾਂ ਅਸੀਂ
ਸਾਨੂੰ ਤਾਂ ਚਾਹੀਦੀ ਏ
ਖ਼ੈਰ
ਸੁੱਖ
ਸ਼ਾਂਤੀ
ਸਾਨੂੰ ਤਾਂ ਚਾਹੀਦੀਆ ਨੇ ਮਿੱਠੀਆਂ ਦਾਤਾਂ
ਵਧਦੀਆਂ ਵੇਲਾਂ
ਤੇ ਵੇਲਾਂ ਨੂੰ ਲਗਦੇ ਰੁਪਈਏ
ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ
ਨਾਨਕ ਹੀ ਸੂਟ ਕਰਦਾ ਹੈ
ਸ਼ਾਂਤ
ਲੀਨ
ਲਕਸ਼ਮੀ ਦੇਵੀ ਵਾਂਗ ਉਠਾਇਆ ਹੱਥ
ਹੱਥ ‘ਚੋਂ ਫੁਟਦੀ ਮਿਹਰ
ਤੇ ਅੱਖਾਂ ‘ਚੋਂ ਡੁੱਲ ਡੁੱਲ ਪੈਂਦੀ ਕੋਮਲਤਾ
ਸਨ ਸਿਲਕੀ ਸ਼ਫਾਫ ਦਾਹ੍ੜੀ
ਗੋਲ ਮਟੋਲ ਗੋਰੀਆਂ ਗੁਲਾਬੀ ਗੱਲ੍ਹਾਂ
ਫੇਅਰ ਐਂਡ ਲਵਲੀ
ਸੁਰਖ ਟਿਪਸੀ ਹੋਂਠ
ਮੁਲਾਇਮ ਜੈਮਿਨੀ ਪੈਰ
ਕੂਲੇ ਬਾਰਬੀ ਹੱਥ
ਪੈਗੰਬਰੀ ਵਸਤਰਾਂ ਦਾ ਏਰੀਅਲੀ ਨਿਖਾਰ
ਸਾਡੇ ਇਨ੍ਹਾਂ ਘਰਾਂ ਦੀਆਂ ਕੰਧਾਂ ਤੇ
ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ
ਰਾਹਾਂ ਨੂੰ ਰੱਦ ਕਰਨ ਵਾਲੇ
ਖਤਰਨਾਕ ਨਾਨਕ ਦੀ ਅਸਲੀ ਤਸਵੀਰ ਦਾ ਭਾਰ
ਸਾਡੀ ਕੋਈ ਕੰਧ ਨਹੀਂ ਝੱਲ ਸਕਦੀ
ਮਾਫ਼ ਕਰਨਾ ਅਸੀਂ ਮਰ ਮਰ ਕੇ ਬਣਾਏ
ਘਰ ਨਹੀਂ ਢੁਆਉਣੇ
ਮਸਾਂ ਮਸਾਂ ਰੱਬ ਤੋਂ ਲਾਏ ਨਿਆਣੇ
ਹੱਥੋਂ ਨਹੀਂ ਗੁਆਉਣੇ
ਅਸੀਂ ਅਸਲੀ ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ
ਮਾਫ਼ ਕਰਨਾ