ਪੇਕਿਆਂ ਤੋਂ
ਜਿਵੇਂ ਸਹੁਰੀਂ ਪਰਤਿਆ ਹਾਂ
ਨੀਂਦ ਨਹੀਂ ਸੀ ਆ ਰਹੀ-
ਦਿਨ ਰਾਤ ਹੀ ਉਨੀਂਦਰੇ ਜੇਹੇ ਹਨ-
ਉਦਾਸ ਪਹਿਰਾਂ ਨੂੰ ਨੀਦਰਾਂ ਕਿੱਥੇ
ਜ਼ਖ਼ਮੀਂ ਪਰਾਂ ਨੂੰ ਉਡਾਣ ਨਹੀਂ ਸੁੱਝਦੀ-
ਚਾਹ ਬਣਾ ਰਿਹਾ ਸੀ-
ਕੋਇਲ ਗਾ ਰਹੀ ਹੈ-
ਸੁਬਾ੍ਹ ਚੁੱਪ ਸਾਂਤ
ਤੇ ਕੋਇਲ ਦਾ ਗੀਤ-
ਅੰਬਾਂ ਦਾ ਮੌਸਮ ਆਉਣ ਵਾਲਾ ਹੈ-
ਰੁੱਤ ਆਵੇਗੀ-ਹੁਸ਼ਿਆਰਪੁਰ ਵਰਗੀ
ਜਦੋਂ ਮਾਸੀ ਦੇ ਪਿੰਡ
ਅੰਬ ਹੀ ਚੂਪਣ ਜਾਂਦਾ ਹੁੰਦਾ ਸੀ-
ਤੇ ਕੋਇਲਾਂ ਦੇ ਗੀਤ ਸੁਣਨ-
ਗੀਤ ਜੋ ਨਾਨਕ ਸ਼ਬਦ ਯਾਦ ਕਰਾ ਦਿੰਦੇ
ਮਹਿਕਾਂ ਭੁੱਖਾਂ ਤਰੇਹਾਂ ਮਿਟਾ ਦਿੰਦੀਆਂ ਸਨ
ਮਰਜ਼ੀ ਦੇ ਅੰਬ ਤੋੜ੍ਹ 2 ਚੂਪਦਾ-
ਓਦੋਂ ਕਿਤੇ ਤੁਰਿਆ ਫਿਰਦਾ
ਰੱਬ ਵੀ ਭੁੱਲ ਜਾਂਦਾ ਸੀ-
ਡਾਹਣਾਂ ਤੇ ਬੈਠਿਆਂ-
ਡਾਲੀਆਂ 'ਚੋਂ ਸੂਰਜ ਝਾਕਦਾ
ਰਿਸ਼ਮਾਂ ਮੇਰੇ ਹੱਥਾਂ ਚ ਫ਼ੜ੍ਹੇ ਅੰਬ ਨੂੰ ਹੋਰ ਰਸ ਬਖ਼ਸ਼ਦੀਆਂ
ਅੰਬ ਦੇ ਰਸ ਦਾ ਸੁਆਦ
ਗੁਲਾਬ ਦੀ ਮਹਿਕ
ਮੈਂ ਹਰ ਸਾਹ ਪਲ ਮਾਣ ਸਕਦਾ ਹਾਂ-
ਹਰ ਵੇਲੇ ਉਹ ਮਹਿਕ ਖਰੀਦ ਸਕਦਾ ਹਾਂ-
ਭਾਂਵੇਂ ਘਰ ਪਈ ਵੀ ਕਿਉਂ ਨਾ ਹੋਵੇ-
ਮਹਿਕਾਂ ਨਾਲ ਕਦ ਦਿੱਲ ਭਰਦੇ ਨੇ
ਸੁਆਦਾਂ ਨਾਲ ਕਦ ਰੱਜਦੀਆਂ ਨੇ ਰੂਹਾਂ
ਪੰਜਾਬ ਤੇਰੀ ਛਾਤੀ ਮਿੱਟੀ ਵਰਗੇ ਅੰਬ
ਏਥੇ ਕਿੱਥੇ ਲੱਭਣ-
ਐਤਕੀਂ ਬਹੁਤ ਦੌੜ੍ਹਿਆ, ਉੱਡਿਆ ਅੰਬ ਚੂਪਣ ਲਈ
ਅੰਬ ਜੇ ਮਿਲੇ ਤਾਂ ਪਾਕਿਸਤਾਨ ਦੇ
ਉਹ ਵੀ ਹਫ਼ਤਾ ਕੁ ਹੀ-
ਪਰ ਕਿਤੇ ਕੋਇਲ ਨਹੀਂ ਸੁਣੀ ਗਾਉਂਦੀ ਨਿਮਾਣੀ
ਕੋਇਲ ਦੇ ਗੀਤ ਵਗੈਰ ਅੰਬ ਨਹੀਂ ਰਸਦੇ
ਜਿਵੇਂ ਯਾਰਾਂ ਵਗੈਰ ਰਾਹ ਨਹੀਂ ਵਸਦੇ
ਵਿਹੜੇ ਨਹੀਂ ਹੱਸਦੇ-
ਚਿੜ੍ਹੀਆਂ ਦਿਸੀਆਂ ਹੀ ਨਾ
ਘਰ ਤਾਂ ਕੀ ਵੜ੍ਹਨਾ ਸੀ ਉਹਨਾਂ
ਕਬੂਤਰ ਮਿਲੇ ਗੁਟਕੂੰ ਕਰ ਕੇ ਉੱਡ ਜਾਂਦੇ ਸਨ-
ਚਾਰ ਹਫ਼ਤੇ ਗਿਆਂ ਕੋਲ ਕਦ ਕੋਈ ਬੈਠਦਾ ਹੈ
ਕੌਣ ਫ਼ੋਲੇ ਰਾਹੀਆਂ ਕੋਲ ਦੁੱਖ-
ਯਾਰ ਵੀ ਹੁਣ ਸਿੱਸਕਦੇ ਮੋਢਿਆਂ ਤੇ ਹੱਥ ਨਹੀਂ ਰੱਖਦੇ-
ਘਰ ਦੇ ਬੂਹਿਆਂ ਨੂੰ ਵੀ ਇਤਬਾਰ ਨਹੀਂ ਰਿਹਾ ਸਾਡਾ-
ਅਨਾਰ ਸਨ-
ਪਰ ਓਹਦੇ ਰਸ 'ਚ ਜ਼ਹਿਰਾਂ ਦਾ ਭਰਮ ਸੀ-
ਅਮਰੂਦ ਰੱਜ 2 ਖਾਧੇ-ਸੁੰਡੀ ਨਹੀਂ ਸੀ-
ਕੀਟ-ਨਾਸ਼ਕ ਪਤਾ ਨਹੀਂ ਕਿੰਨੇ ਕੁ ਨਿਗਲ ਗਿਆ ਹੋਵਾਂਗਾ-
ਸਬਜ਼ੀਆਂ ਤੇ ਫ਼ਲਾਂ 'ਚ-
ਆਪਣੇ ਹੀ ਹੱਥ ਕੈਂਸਰ ਪਰੋਸ 2 ਵੰਡ ਰਹੇ ਹਨ-
ਕਦੇ ਸੋਚਿਆ ਵੀ ਨਹੀਂ ਸੀ ਕਿ
ਪਾਣੀ ਬੋਤਲਾਂ ਚੋਂ ਪੀਆ ਕਰਾਂਗਾ-
ਜੋ ਕਦੇ ਆਡਾਂ ਤੇ ਚਲ੍ਹਿਆਂ ਚੋਂ ਪੀਂਦਾ ਹੁੰਦਾ ਸੀ-
ਨਲਕਿਆਂ ਖੂਹਾਂ ਦੇ ਪਾਣੀ ਜ਼ਹਿਰਾਂ ਉੱਗਲ ਰਹੇ ਹਨ-
ਟੀਕਿਆਂ ਵਾਲੀਆਂ ਸਬਜ਼ੀਆਂ ਫ਼ਲ ਦੁੱਧ ਆਮ ਸਨ-
ਮਠਿਆਈ 'ਚ ਪਤਾ ਨਹੀਂ ਸੀ -ਕਿ ਕੀ ਖਾ ਰਹੇ ਸਾਂ-
ਆਵਾਜਾਈ ਏਨੀ ਕਿ ਸਾਰੇ ਇੱਕ ਦੂਸਰੇ ਤੋਂ ਕਾਹਲੇ
ਹਾਰਨ ਸੁਣ 2 ਕੰਨ ਵਿਲਕਣ ਲੱਗੇ
ਗੰਦਗੀ ਤੱਕ 2 ਅੱਖਾਂ ਬੇਚੈਨ ਹੋ ਗਈਆਂ
ਬੱਦਬੂ ਨੇ ਤਾਂ ਕਈ ਥਾਂਈਂ ਨੱਕ ਹੀ ਬੰਦ ਕਰਾਤੇ
ਘੱਟੇ ਨੇ ਸਾਹ ਰੋਕਤੇ
ਗਰਮੀ ਨੇ ਪਸ਼ੂ ਚਾਰਨ ਵਾਲੇ ਦਿਨ ਯਾਦ 'ਚੋਂ ਲੱਭ ਲਏ
ਕਚਹਿਰੀ ਜੇਬਾਂ ਵੱਲ ਝਾਕਦੀ
ਜ਼ਾਲਮ ਹੁੰਦੀ ਦੇਖੀ
ਕੁਰਸੀ ਮੜ੍ਹਕ ਨਾਲ ਗੱਲਾਂ ਕਰਦੀ ਸੀ-
ਖ਼ਬਰੇ ਗਿੱਝ ਗਈ ਹੈ ਬਗਾਨੇ ਖ਼ੂਨ ਦੇ ਸੁਆਦ ਦੀ ਪਿਆਸੀ-
ਵਿਕਾਸ ਗਲੀਆਂ ਨਾਲੀਆਂ 'ਚੋਂ ਝਾਕਦਾ ਸੀ
ਗੰਦ ਦੇ ਢੇਰਾਂ ਦੁਆਲੇ ਘੁੰਮਦੇ ਸਨ ਅੱਛੇ ਤੇ ਸਾਫ਼ ਸੁੱਥਰੇ ਦਿਨ
ਡੇਂਗੂ ਦੀਆਂ ਫਰਿਸਤਾਂ ਚੋਂ
ਮਿਲਦੀ ਸੀ ਮੌਤ ਦੀ ਖ਼ਬਰ-
ਉਂਜ਼ ਕਾਗਜ਼ਾਂ 'ਚ ਛਿੜਕਾ ਹੋ ਰਿਹਾ ਸੀ-ਮੱਛਰ ਤੋਂ
ਸੜਕ ਹਾਦਸਿਆਂ 'ਚੋਂ ਪਤਾ ਲੱਗਦਾ ਸੀ-
ਅੰਤਮ ਅਰਦਾਸਾਂ ਦਾ ਵੇਰਵਾ
ਤੇ ਡੀ ਟੀ ਓਆਂ ਦੀ ਕਾਰਗੁਜ਼ਾਰੀ-
ਫੰਡਾਂ ਤੋ ਵਗੈਰ ਪਤਾ ਨਹੀਂ ਕਿੰਜ਼
ਤੇ ਕੀ ਕਰ ਰਹੀਆਂ ਸਨ ਯੂਨੀਵਰਸਿਟੀਆਂ
ਪਰਦਰਸ਼ਨੀਆਂ ਤਾਂ ਸਨ ਪਰ ਹੱਲ ਅਜੇ ਕਿਤੇ ਦੂਰ ਬੈਠੇ ਸਨ-
ਆਮ ਆਦਮੀ ਰੋਂਦਾ ਪਿੱਟਦਾ ਘਰ ਪਰਤਦਾ ਸੀ ਰੋਜ਼
ਆਗੂਆਂ ਦੇ ਅੰਦਰੂਨੀ ਕਲੇਸ਼ਾਂ ਤੋਂ ਨਾਸਮਝ
ਅਜੇ ਇੱਕ ਆਸ ਤੇ ਬੈਠਾ ਹੈ ਪੰਜਾਬ
ਰੱਖ ਕੇ ਰਾਤਾਂ 'ਚ ਸਰ੍ਹਾਣੇ ਖ਼ਾਬ
ਕਿ ਕਦੇ ਕੋਈ ਖਿੜ੍ਹੇਗਾ ਵਿਹੜੇ ਗੁਲਾਬ
ਪਲ 2 ਲਾ ਰਿਹਾ ਹੈ ਜ਼ਿੰਦ ਦਾ ਹਿਸਾਬ
ਅਜਕੱਲ ਸਾਰੇ ਨੇਤਾ ਪਏ ਨੇ ਜਾਗ-
ਜੇ ਕਿਤੇ ਲੋਕ ਵੀ ਪੈਣ ਜਾਗ---
ਸ਼ਾਇਦ ਐਤਕੀਂ ਹੀ ਖੁੱਲ੍ਹ ਜਾਣ ਪੰਜਾਬ ਦੇ ਭਾਗ-
ਤੇ ਫ਼ਿਰ ਕਿਤੇ ਮਹਿਕ ਪੈਣ ਮੇਰੇ ਅੰਬਾਂ ਦੇ ਬਾਗ-