ਭਾਸ਼ਾ ਵਿਭਾਗ੍ਰ ਵੱਲੋਂ ਪੰਜਾਬੀ ਗਾਇਕੀ ਤੇ ਪੰਜਾਬੀ ਭਾਸ਼ਾ ਸਬੰਧੀ ਕਰਵਾਇਆ ਗਿਆ ਸਮਾਰੋਹ ਯਾਦਗਾਰੀ ਰਿਹਾ
ਰੋਹਿਤ ਗੁਪਤਾ
ਗੁਰਦਾਸਪੁਰ, 15 ਨਵੰਬਰ 2024- ਪੰਜਾਬ ਸਰਕਾਰ ਦੁਆਰਾ ਮਨਾਏ ਜਾ ਰਹੇ ਪੰਜਾਬੀ ਮਾਹ-2024 ਦੇ ਸਮਾਗਮਾਂ ਦੀ ਲੜੀ ਤਹਿਤ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ ਵੱਲੋਂ ਡਾਇਰੈਕਟਰ ਭਾਸ਼ਾ ਵਿਭਾਗ ਸ੍ਰ.ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ- ਨਿਰਦੇਸ਼ਾਂ ਅਤੇ ਗੁਰਦਾਸਪੁਰ ਦੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਨੈਸ਼ਨਲ ਅਵਾਰਡੀ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜੀਨਲ ਕੈਂਪਸ ਵਿਖੇ ਡਾ. ਅਮਰਦੀਪ ਕੌਰ ਡੀਨ ਅਕਾਦਮਿਕ ਮਾਮਲੇ ਦੇ ਸਹਿਯੋਗ ਨਾਲ 'ਪੰਜਾਬੀ ਗਾਇਕੀ ਤੇ ਪੰਜਾਬੀ ਭਾਸ਼ਾ:ਚਰਚਾ ਤੇ ਪੇਸ਼ਕਾਰੀ' ਸਬੰਧੀ ਕਰਾਇਆ ਗਿਆ ਸਾਹਿਤਕ ਤੇ ਸੱਭਿਆਚਾਰਕ ਸਮਾਗਮ ਇਤਿਹਾਸਕ ਤੇ ਯਾਦਗਾਰੀ ਰਿਹਾ।
ਇਸ ਸਮਾਗਮ ਵਿੱਚ ਸ੍ਰੀਮਤੀ ਨੀਲਮ ਕੁਮਾਰੀ ਜ਼ਿਲ੍ਹਾ ਅਟਾਰਨੀ, ਗੁਰਦਾਸਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂ ਕਿ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਕਿਰਤ ਪਰੀਤ ਕੌਰ ਅਤੇ ਸ. ਧਰਮ ਸਿੰਘ ਗੁਰਾਇਆ ਯੂ.ਐਸ.ਏ ਨੇ ਮਹਿਮਾਨ-ਏ-ਖ਼ਾਸ ਵਜੋਂ ਵਿਸ਼ੇਸ਼ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਡੀਨ ਅਕਾਦਮਿਕ ਮਾਮਲੇ ਯੂਨੀਵਰਸਿਟੀ ਰਿਜੀਨਲ ਕੈਂਪਸ ਡਾ.ਅਮਰਦੀਪ ਕੌਰ, ਵਿਦਵਾਨ ਆਲੋਚਕ ਮੱਖਣ ਕੁਹਾੜ ਅਤੇ ਉੱਘੇ ਗ਼ਜ਼ਲਗੋ ਕਮਲਜੀਤ ਸਿੰਘ ਕਮਲ ਨੇ ਕੀਤੀ।
ਸਮਾਗਮ ਵਿੱਚ ਲੋਕ-ਗਾਇਕ ਅਨੋਖ ਔਜਲਾ 'ਔਜਲਾ ਬਰਦਰਜ਼', ਫ਼ਿਲਮੀ ਵੀਡੀਓ ਡਾਇਰੈਕਟਰ ਤੇ ਗਾਇਕ ਸ਼ੈਗੀ ਬੌਸ, ਗਾਇਕ ਲਲਿਤ ਲਾਲੀ, ਸਟੇਟ ਐਵਾਰਡੀ ਮੰਗਲਦੀਪ, ਮਾਸਟਰ ਸੰਜੀਵ ਕੁਮਾਰ ਸਟੇਟ ਐਵਾਰਡੀ, ਜੋਗਿੰਦਰ ਸਿੰਘ ਸਿੰਘਪੁਰੀਆ, ਪ੍ਰਤੀਤ ਰਾਣਾ, ਕਨਵਰਜੀਤ ਰੱਤੜਾ ਨੇ ਸੁਰਮਈ ਪੰਜਾਬੀ ਗਾਇਕੀ ਦੀ ਪੇਸ਼ਕਾਰੀ ਕਰਕੇ ਸਰੋਤਿਆਂ ਨੂੰ ਕੀਲੀ ਰੱਖਿਆ।
ਸਮਾਗਮ ਦੇ ਅੰਤ ਵਿੱਚ ਲੋਕ-ਗਾਇਕ ਅਨੋਖ ਸਿੰਘ 'ਔਜਲਾ ਬਰਦਰਜ਼' ਦੀ 'ਰੰਗਲੀ ਮਧਾਣੀ ਬਾਹਾਂ ਗੋਰੀਆਂ', 'ਨਿਮੀ ਨਿਮੀ ਤਾਰਿਆਂ ਦੀ ਲੋਅ ਵੇ ਪਰਦੇਸੀਆ' ਦੇ ਗੀਤਾਂ ਦੀ ਸੱਭਿਆਚਾਰਕ ਗਾਇਕੀ 'ਤੇ ਹਾਜ਼ਰ ਸੈਂਕੜੇ ਸਰੋਤਿਆਂ ਵੱਲੋਂ ਪੂਰੇ ਚਾਅ ਦੇ ਨਾਲ ਝੂਮ-ਨੱਚ ਕੇ ਪੰਜਾਬੀ ਮਾਹ ਨੂੰ ਪੂਰੇ ਜੋਸ਼ ਤੇ ਖ਼ੁਸ਼ੀ ਨਾਲ ਮਨਾਇਆ। ਬਾਲ-ਕਲਾਕਾਰ ਕਾਰਤਿਕ ਠਾਕੁਰ ਦੀ ਭੰਗੜੇ ਦੀ ਪੇਸ਼ਕਾਰੀ ਨੇ ਵੀ ਸਰੋਤੇ ਤੇ ਦਰਸ਼ਕਾਂ ਨੂੰ ਕੀਲੀ ਰੱਖਿਆ। ਇਸ ਵਿੱਚ ਵਿਦਵਾਨ ਚਿੰਤਕ ਡਾ. ਗੁਰਵੰਤ ਸਿੰਘ, ਡਾ. ਅਮਰਦੀਪ ਕੌਰ, ਡਾ. ਕਿਰਤਪ੍ਰੀਤ ਕੌਰ, ਸਟੇਟ ਐਵਾਰਡੀ ਗੁਰਮੀਤ ਸਿੰਘ ਬਾਜਵਾ, ਜ਼ਿਲ੍ਹਾ ਅਟਾਰਨੀ ਨੀਲਮ ਕੁਮਾਰੀ, ਅਮਰੀਕਾ ਤੋਂ ਧਰਮ ਸਿੰਘ ਗੁਰਾਇਆ, ਸਮਾਜ ਸੇਵੀ ਗੁਰਮੀਤ ਸਿੰਘ ਪਾਹੜਾ, ਡਾ. ਹਰਜੋਤ ਕੌਰ ਅਤੇ ਜ਼ਿਲ੍ਹਾ ਭਾਸ਼ਾ ਅਫਸਰ ਡਾ. ਪਰਮਜੀਤ ਸਿੰਘ ਕਲਸੀ ਨੇ ਪੰਜਾਬੀ ਭਾਸ਼ਾ ਤੇ ਪੰਜਾਬੀ ਗਾਇਕੀ ਦੇ ਆਪਸੀ ਸਾਂਝ ਦੇ ਸਰੋਕਾਰਾਂ 'ਤੇ ਵਿਚਾਰ-ਚਰਚਾ ਕਰਦਿਆਂ ਕਿਹਾ ਕਿ ਪੰਜਾਬੀ ਗਾਇਕੀ ਰਾਹੀਂ ਬੇਸ਼ੱਕ ਪੰਜਾਬੀ ਭਾਸ਼ਾ ਦਾ ਵੀ ਬਹੁਤ ਵਿਸ਼ਵ-ਵਿਆਪੀ ਵਿਕਾਸ ਹੋਇਆ ਹੈ, ਪ੍ਰੰਤੂ ਅੱਜ ਵੀ ਰਲ-ਮਿਲ ਕੇ ਪੰਜਾਬੀ ਗਾਇਕੀ ਵਿੱਚ ਸਭਿਅਕ ਸ਼ਬਦਾਵਲੀ ਨੂੰ ਵਰਤਦੇ ਹੋਏ ਸਮਾਜ ਵਿੱਚ ਸਾਂਝੀਵਾਲਤਾ ਦਾ ਸੁਨੇਹਾ ਦੇਣ ਵਿੱਚ ਅਗਰਸਰ ਹੋਣਾ ਚਾਹੀਦਾ ਹੈ।
ਸਮਾਗਮ ਵਿੱਚ ਅਮਰੀਕਾ ਤੋਂ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕਰਨ ਵਾਲੇ ਮਹਿਮਾਨ ਧਰਮ ਸਿੰਘ ਗੁਰਾਇਆ ਦੀ ਨਵੀਂ ਪੁਸਤਕ 'ਰਾਏ ਅਹਿਮਦ ਖਾਨ ਖਰਲ' ਨੂੰ ਲੋਕ-ਅਰਪਣ ਵੀ ਕੀਤਾ ਗਿਆ। ਪੰਜਾਬੀ ਸੱਭਿਆਚਾਰਕ ਗਾਇਕੀ ਅਤੇ ਪੰਜਾਬੀ ਭਾਸ਼ਾ ਦਾ ਪ੍ਰਚਾਰ ਤੇ ਵਿਕਾਸ ਦੇ ਖੇਤਰ ਵਿੱਚ ਵਡਮੁੱਲੀਆਂ ਸੇਵਾਵਾਂ ਪ੍ਰਦਾਨ ਕਰਨ ਕਰਕੇ ਨਾਮੀ ਗਾਇਕ ਅਨੋਖ ਸਿੰਘ 'ਔਜਲਾ ਬਰਦਰਜ਼' ਅਤੇ ਨਾਮੀ ਗੀਤਕਾਰ ਜੇ.ਪੀ. ਖਰਲਾਂ ਵਾਲੇ ਨੂੰ ਵਿਸ਼ੇਸ਼ ਰੂਪ ਵਿੱਚ ਸਨਮਾਨ-ਪੱਤਰ, ਲੋਈ ਅਤੇ ਸਨਮਾਨ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਵੱਲੋਂ ਮੁੱਖ ਮਹਿਮਾਨ ਸ੍ਰੀਮਤੀ ਨੀਲਮ ਕੁਮਾਰੀ, ਵਿਸ਼ੇਸ਼ ਮਹਿਮਾਨਾਂ, ਪ੍ਰਧਾਨਗੀ ਮੰਡਲ, ਚਰਚਾ ਵਿੱਚ ਭਾਗ ਲੈਣ ਵਾਲੇ ਵਿਦਵਾਨਾਂ ਅਤੇ ਪੰਜਾਬੀ ਗਾਇਕੀ ਦੀ ਪੇਸ਼ਕਾਰੀ ਕਰਨ ਵਾਲੇ ਸਾਰੇ ਗਾਇਕਾਂ ਨੂੰ ਸਨਮਾਨ-ਚਿੰਨ੍ਹ, ਸਨਮਾਨ-ਪੱਤਰ ਅਤੇ ਸਨਮਾਨ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੈਂਕੜੇ ਹਾਜ਼ਰ ਸਰੋਤਿਆਂ ਤੋਂ ਇਲਾਵਾ ਬੂਟਾ ਰਾਮ ਆਜ਼ਾਦ, ਡਾ. ਲਖਵੀਰ ਕੌਰ ,ਡਾ. ਸਤਬੀਰ ਸਿੰਘ, ਡਾ. ਅਨਮੋਲ ਸਿੰਘ, ਡਾ. ਹਰਜੋਤ ਕੌਰ,ਜਨਕ ਰਾਜ ਰਾਠੌਰ, ਮੰਗਤ ਚੰਚਲ, ਜੇ. ਪੀ.ਖਰਲਾ ਵਾਲਾ, ਵਿਜੇ ਅਗਨੀਹੋਤਰੀ, ਸ਼ੀਤਲ ਗੁਨੋਪੁਰੀ, ਸ੍ਰੀਮਤੀ ਗੁਰਾਇਆ, ਸ਼ਾਮ ਸਿੰਘ, ਭੰਗੜਾ ਸਟਾਰ ਕਾਰਤਿਕ ਠਾਕੁਰ, ਮਨਦੀਪ ਸਿੰਘ, ਰਿੰਪੀ ਗਿੱਲ, ਸਮਾਜ ਸੇਵੀ ਗੁਰਮੀਤ ਸਿੰਘ ਪਾਹੜਾ, ਸ਼ਰਨਜੀਤ ਸਿੰਘ ਸਰਾਂ, ਰੰਗ-ਕਰਮੀ ਕਰਮਜੀਤ ਸਿੰਘ, ਨਿਰਦੇਸ਼ਕ ਦਿਲਜੀਤ ਸੋਨਾ ਆਦਿ ਨੇ ਵਿਸ਼ੇਸ਼ ਰੂਪ ਵਿੱਚ ਸ਼ਮੂਲੀਅਤ ਕੀਤੀ।