BREAKING: Punjab 'ਚ ਰੂਹ ਕੰਬਾਊ ਹਾਦਸਾ! 9 ਸਾਲਾ ਮਾਸੂਮ ਬੱਚੀ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰਿਆ
ਮੋਰਿੰਡਾ ਦੇ ਵਾਰਡ ਨੰਬਰ ਇੱਕ ਦੀ ਗਾਰਡਨ ਕਾਲੋਨੀ ਵਿੱਚ ਵਾਪਰੀ ਅਤਿ ਦੁਖਦਾਈ ਘਟਨਾ
ਤੀਜੀ ਜਮਾਤ ਦੀ ਵਿਦਿਆਰਥਣ ਕ੍ਰਿਤੀਆ 'ਤੇ ਆਵਾਰਾ ਕੁੱਤਿਆਂ ਦੇ ਝੁੰਡ ਨੇ ਕੀਤਾ ਹਮਲਾ; ਚੰਡੀਗੜ੍ਹ ਲਿਜਾਂਦੇ ਸਮੇਂ ਹੋਈ ਮੌਤ
ਇਲਾਕਾ ਨਿਵਾਸੀਆਂ ਵਿੱਚ ਨਗਰ ਕੌਂਸਲ ਖ਼ਿਲਾਫ਼ ਭਾਰੀ ਰੋਸ; ਪ੍ਰਸ਼ਾਸਨ 'ਤੇ ਲਾਪਰਵਾਹੀ ਦੇ ਲਾਏ ਵੱਡੇ ਦੋਸ਼
Babushahi Network
ਚੰਡੀਗੜ੍ਹ, 11 ਜੂਨ 2026- ਮੋਰਿੰਡਾ ਦੇ ਵਾਰਡ ਨੰਬਰ-01 ਵਿੱਚ ਪੈਂਦੀ ਗਾਰਡਨ ਕਾਲੋਨੀ ਤੋਂ ਇੱਕ ਬੇਹੱਦ ਦਰਦਨਾਕ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ। ਇੱਥੇ ਤੀਜੀ ਜਮਾਤ ਵਿੱਚ ਪੜ੍ਹਨ ਵਾਲੀ ਇੱਕ 9 ਸਾਲਾਂ ਦੀ ਮਾਸੂਮ ਬੱਚੀ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਖ਼ੌਫਨਾਕ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਸਥਾਨਕ ਲੋਕਾਂ ਵਿੱਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ।
ਮ੍ਰਿਤਕ ਬੱਚੀ ਦੀ ਪਛਾਣ ਕ੍ਰਿਤੀਆ (9) ਵਜੋਂ ਹੋਈ ਹੈ। ਮਾਂ ਨੇ ਰੋਂਦੇ ਹੋਏ ਦੱਸਿਆ ਕਿ ਦੁਪਹਿਰ ਦੇ ਸਮੇਂ ਉਨ੍ਹਾਂ ਨੇ ਬੱਚੀ ਨੂੰ ਨੇੜੇ ਦੀ ਦੁਕਾਨ ਤੋਂ ਦੁੱਧ ਲੈਣ ਲਈ ਭੇਜਿਆ ਸੀ। ਜਦੋਂ ਉਹ ਰਸਤੇ ਵਿੱਚ ਜਾ ਰਹੀ ਸੀ, ਤਾਂ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਉਸ ਨੂੰ ਚਾਰੋਂ ਪਾਸਿਓਂ ਘੇਰ ਲਿਆ। ਕੁੱਤਿਆਂ ਨੇ ਮਾਸੂਮ ਬੱਚੀ 'ਤੇ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ ਅਤੇ ਉਸ ਨੂੰ ਨੋਚ-ਨੋਚ ਕੇ ਖਾਣ ਲੱਗੇ।
ਬੱਚੀ ਦੀਆਂ ਚੀਕਾਂ ਸੁਣ ਕੇ ਕੋਲ ਹੀ ਮੌਜੂਦ ਇੱਕ ਬਜ਼ੁਰਗ ਮਹਿਲਾ ਨੇ ਹਿੰਮਤ ਦਿਖਾਉਂਦੇ ਹੋਏ ਕੁੱਤਿਆਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਕੁੱਤੇ ਬੱਚੀ ਨੂੰ ਬੁਰੀ ਤਰ੍ਹਾਂ ਲਹੂ-ਲੁਹਾਨ ਕਰ ਚੁੱਕੇ ਸਨ। ਇਸ ਦੌਰਾਨ ਇੱਕ ਨੌਜਵਾਨ ਨੇ ਮੁਸਤੈਦੀ ਦਿਖਾਉਂਦੇ ਹੋਏ ਜ਼ਖ਼ਮੀ ਬੱਚੀ ਨੂੰ ਤੁਰੰਤ ਸਥਾਨਕ ਪ੍ਰਾਈਵੇਟ ਹਸਪਤਾਲ ਪਹੁੰਚਾਇਆ। ਉੱਥੇ ਡਾਕਟਰਾਂ ਨੇ ਬੱਚੀ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਚੰਡੀਗੜ੍ਹ ਰੈਫਰ ਕਰ ਦਿੱਤਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਗਾਰਡਨ ਕਾਲੋਨੀ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਆਵਾਰਾ ਕੁੱਤੇ ਅਤੇ ਪਸ਼ੂ ਖੁੱਲ੍ਹੇਆਮ ਘੁੰਮ ਰਹੇ ਹਨ, ਜਿਸ ਕਾਰਨ ਲੋਕਾਂ ਦੀ ਜਾਨ ਨੂੰ ਹਰ ਵੇਲੇ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਬਾਰੇ ਬਾਰ-ਬਾਰ ਗੁਹਾਰ ਲਗਾਈ ਗਈ ਸੀ, ਪਰ ਅਧਿਕਾਰੀਆਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਪ੍ਰਸ਼ਾਸਨ ਦੀ ਇਸੇ ਲਾਪਰਵਾਹੀ ਕਾਰਨ ਇੱਕ ਹੱਸਦੇ-ਖੇਡਦੇ ਪਰਿਵਾਰ ਦਾ ਚਿਰਾਗ ਬੁੱਝ ਗਿਆ ਹੈ ਅਤੇ ਮਾਸੂਮ ਧੀ ਦੇ ਚਲੇ ਜਾਣ ਨਾਲ ਉਸ ਦੇ ਮਾਤਾ-ਪਿਤਾ ਜਿਉਂਦੇ ਜੀਅ ਮਰਨ ਕਿਨਾਰੇ ਪਹੁੰਚ ਗਏ ਹਨ।
- Download Babushahi App
-
-