ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 8.76 ਕਰੋੜ ਰੁਪਏ ਦੀ ਲਾਗਤ ਵਾਲੇ ਸੜਕ ਵਿਕਾਸ ਕਾਰਜ ਲੋਕਾਂ ਨੂੰ ਸਮਰਪਿਤ
ਸੂਬੇ ‘ਚ 40 ਹਜ਼ਾਰ ਕਿਲੋਮੀਟਰ ਸੜਕਾਂ ਦੇ ਨਵੀਨੀਕਰਨ ਦਾ ਕੰਮ ਜਾਰੀ: ਹਰਪਾਲ ਸਿੰਘ ਚੀਮਾ
*ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਨੇ ਦਹਾਕਿਆਂ ਤੋਂ ਅਣਗੌਲੇ ਪਿੰਡਾਂ ਦੇ ਵਿਕਾਸ ਨੂੰ ਲੀਹ ‘ਤੇ ਲਿਆਂਦਾ*
*ਪਿੰਡ ਬੱਛੂਆਣਾ ਤੋਂ ਬਰੇਟਾ ਵਾਲੀ ਸੜਕ ਦੀ ਚੌੜਾਈ 18 ਫੁੱਟ ਹੋਈ*
ਬਾਬੂਸ਼ਾਹੀ ਬਿਊਰੋ
ਦਿੜ੍ਹਬਾ/ ਲਹਿਰਾਗਾਗਾ, 31 ਮਈ:
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਇਲਾਕੇ ਦੇ ਪਿੰਡਾਂ ਵਿੱਚ ਸੜਕਾਂ ਦੇ ਵਿਕਾਸ ਲਈ ਤਿਆਰ ਕੀਤੇ ਗਏ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਗਏ। ਇਨ੍ਹਾਂ ਪ੍ਰਾਜੈਕਟਾਂ ‘ਤੇ ਕੁੱਲ ਕਰੀਬ 8.76 ਕਰੋੜ ਰੁਪਏ ਦੀ ਲਾਗਤ ਆਈ ਹੈ, ਜਿਸ ਨਾਲ ਪਿੰਡਾਂ ਦੀ ਕੁਨੈਕਟੀਵਿਟੀ ਅਤੇ ਆਵਾਜਾਈ ਸਹੂਲਤਾਂ ਵਿੱਚ ਵੱਡਾ ਸੁਧਾਰ ਆਇਆ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿੰਡ ਡਸਕਾ ਵਿਖੇ ਸੜਕਾਂ ਦੇ ਉਦਘਾਟਨ ਮੌਕੇ ਕਰਵਾਏ ਸਮਾਗਮ ਦੌਰਾਨ ਕਿਹਾ ਕਿ ਪਿੰਡ ਬੱਛੂਆਣਾ ਤੋਂ ਪਿੰਡ ਬਰੇਟਾ ਤੱਕ (ਵਾਇਆ ਡਸਕਾ ਅਤੇ ਬਹਾਦਰਪੁਰ) ਲਗਭਗ 10.5 ਕਿਲੋਮੀਟਰ ਲੰਬੀ ਸੜਕ ਨੂੰ 12 ਫੁੱਟ ਤੋਂ ਵਧਾ ਕੇ 18 ਫੁੱਟ ਚੌੜਾ ਕੀਤਾ ਗਿਆ ਹੈ। ਇਸ ਪ੍ਰਾਜੈਕਟ ‘ਤੇ ਕਰੀਬ 7 ਕਰੋੜ 15 ਲੱਖ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਸੜਕ ਟੁੱਟੀ ਅਤੇ ਤੰਗ ਹੋਣ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਹਾਦਸਿਆਂ ਦਾ ਖਤਰਾ ਵੀ ਬਣਿਆ ਰਹਿੰਦਾ ਸੀ, ਪਰ ਹੁਣ ਇਸ ਦੇ ਚੌੜਾ ਹੋਣ ਨਾਲ ਪਿੰਡ ਬੱਛੂਆਣਾ, ਡਸਕਾ ਅਤੇ ਬਹਾਦਰਪੁਰ ਦੇ ਵਸਨੀਕਾਂ ਲਈ ਬਰੇਟਾ ਜਾਣਾ ਸੁਖਾਲਾ ਹੋ ਗਿਆ ਹੈ।
ਇਸ ਤੋਂ ਇਲਾਵਾ, ਪਿੰਡ ਡਸਕਾ ਤੋਂ ਖੱਤਰੀ ਵਾਲਾ ਪਿੰਡ ਤੱਕ ਲਗਭਗ 4 ਕਿਲੋਮੀਟਰ ਲੰਬੀ ਨਵੀਂ ਸੜਕ ਤਿਆਰ ਕੀਤੀ ਗਈ ਹੈ, ਜਿਸ ‘ਤੇ ਕਰੀਬ 1 ਕਰੋੜ 27 ਲੱਖ ਰੁਪਏ ਖਰਚੇ ਗਏ ਹਨ। ਪਹਿਲਾਂ ਇਹ ਰਸਤਾ ਕੱਚਾ ਹੋਣ ਕਾਰਨ ਬਾਰਿਸ਼ ਜਾਂ ਗਰਮੀ ਦੇ ਮੌਸਮ ਵਿੱਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਹੁਣ ਇਹ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਗਈ ਹੈ ਅਤੇ ਦੋਨਾਂ ਪਿੰਡਾਂ ਦੀ ਕੁਨੈਕਟੀਵਿਟੀ ਮਜ਼ਬੂਤ ਹੋ ਗਈ ਹੈ।
ਵਿੱਤ ਮੰਤਰੀ ਨੇ ਇਹ ਵੀ ਦੱਸਿਆ ਕਿ ਪਿੰਡ ਡਸਕਾ–ਬਹਾਦਰਪੁਰ ਰੋਡ ‘ਤੇ ਸਥਿਤ ਡੇਰਾ ਬਾਬਾ ਧੌਲਾ ਪੀਰ ਤੱਕ ਜਾਣ ਵਾਲੀ ਲਗਭਗ 1 ਕਿਲੋਮੀਟਰ ਲੰਬੀ ਸੜਕ 34.50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ। ਇਸ ਧਾਰਮਿਕ ਸਥਾਨ ‘ਤੇ ਵੱਖ-ਵੱਖ ਪਿੰਡਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਹੁਣ ਸੁਵਿਧਾਜਨਕ ਆਵਾਜਾਈ ਮਿਲੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਵੱਡੇ ਪੱਧਰ ‘ਤੇ ਸੜਕਾਂ ਦੇ ਨਿਰਮਾਣ ਅਤੇ ਨਵੀਨੀਕਰਨ ਦੇ ਕੰਮ ਜਾਰੀ ਹਨ ਅਤੇ ਲਗਭਗ 40 ਹਜ਼ਾਰ ਕਿਲੋਮੀਟਰ ਸੜਕਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਵੀ ਮੰਨਿਆ ਹੈ ਕਿ ਪਿਛਲੇ ਕਈ ਦਹਾਕਿਆਂ ਦੌਰਾਨ ਪਿੰਡਾਂ ਦੇ ਵਿਕਾਸ ਨੂੰ ਅਣਗੌਲਿਆ ਕੀਤਾ ਗਿਆ, ਪਰ ਮੌਜੂਦਾ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਸੜਕਾਂ ਲੋਕਾਂ ਨੂੰ ਸਮਰਪਿਤ ਕਰਕੇ ਇਲਾਕੇ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਦਾ ਹੱਲ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਸੜਕੀ ਢਾਂਚਾ ਹੋਰ ਵੀ ਮਜ਼ਬੂਤ ਬਣੇਗਾ। ਇਸ ਮੌਕੇ ਵੱਡੀ ਗਿਣਤੀ ਇਲਾਕਾ ਨਿਵਾਸੀ ਮੌਜੂਦ ਸਨ।
- Download Babushahi App
-
-