Political Special- ਨਿਗਮ ਚੋਣਾਂ: ਰਾਮ ਰਹੀਮ ਨੂੰ ਪੈਰੋਲ ਮਿਲਣ ’ਤੇ ਉੱਡੂੰ ਉਡੂੰ ਕਰਨ ਲੱਗੇ ਭਾਜਪਾ ਨੇਤਾ
ਅਸ਼ੋਕ ਵਰਮਾ
ਬਠਿੰਡਾ, 27 ਮਈ 2026 : ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਲਈ ਵੋਟਾਂ ਪੈਣ ਵਾਲੇ ਦਿਨ ਡੇਰਾ ਸੱਚਾ ਸੌਦਾ ਸਿਰਸਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ 30 ਦਿਨ ਦੀ ਪੈਰੋਲ ਮਿਲਣ ਤੋਂ ਬਾਅਦ ਭਾਜਪਾ ਹਲਕਿਆਂ ’ਚ ਖੁਸ਼ੀ ਦਾ ਮਹੌਲ ਪਾਇਆ ਜਾ ਰਿਹਾ ਹੈ। ਖਾਸ ਤੌਰ ’ਤੇ ਮਾਲਵਾ ਪੱਟੀ ’ਚ ਬੀਜੇਪੀ ਦੇ ਉਮੀਦਵਾਰਾਂ ਨੇ ਕਾਫੀ ਰਾਹਤ ਮਹਿਸੂਸ ਕੀਤੀ ਹੈ ਜਿੰਨ੍ਹਾਂ ਨੂੰ ਇਹ ਜਾਪ ਰਿਹਾ ਹੈ ਕਿ ਇਸ ਫੈਸਲੇ ਦਾ ਉਨ੍ਹਾਂ ਨੂੰ ਸਿਆਸੀ ਤੌਰ ’ਤੇ ਫਾਇਦਾ ਮਿਲ ਸਕਦਾ ਹੈ। ਭਾਜਪਾ ਸੂਤਰਾਂ ਨੇ ਉਮੀਦਵਾਰਾਂ ਵੱਲੋਂ ਰਾਹਤ ਮਹਿਸੂਸ ਕਰਨ ਦੀ ਪੁਸ਼ਟੀ ਕੀਤੀ ਹੈ। ਇੱਕ ਪੜਤਾਲ ਅਨੁਸਾਰ ਭਾਜਪਾ ਹਲਕਿਆਂ ’ਚ ਇਸ ਸਬੰਧ ਵਿੱਚ ਅੰਦਰੋ ਅੰਦਰੀ ਵੱਡੀ ਪੱਧਰ ’ਤੇ ਘੁਸਰ ਮੁਸਰ ਹੋ ਰਹੀ ਹੈ। ਡੇਰਾ ਸਿਰਸਾ ਮੁਖੀ ਦੇ ਸੁਨਾਰੀਆ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਪੰਜਾਬ ਖਾਸ ਤੌਰ ਤੇ ਮਾਲਵਾ ਪੱਟੀ ਵਿੱਚ ਭਾਜਪਾ ਆਗੂਆਂ ਦੇ ਸਿਆਸੀ ਹੌਂਸਲੇ ਬੁਲੰਦ ਹੋਏ ਹਨ।
ਚੋਣ ਨਤੀਜਿਆਂ ਦੌਰਾਨ ਭਾਜਪਾ ਨੂੰ ਵੋਟਰ ਕਿੰਨਾ ਹੁੰਗਾਰਾ ਦਿੰਦੇ ਹਨ ਇਹ ਤਾਂ ਗਿਣਤੀ ਉਪਰੰਤ ਹੀ ਪਤਾ ਲੱਗੇਗਾ ਪਰ ਬਠਿੰਡਾ ਦੇ ਕਈ ਉਮੀਦਵਾਰ ਤਾਂ ਡੇਰਾ ਪੈਰੋਕਾਰਾਂ ਦੇ ਭਾਜਪਾ ਦੇ ਹੱਕ ’ਚ ਭੁਗਤਣ ਪ੍ਰਤੀ ਆਸਵੰਦ ਹਨ। ਭਾਵੇਂ ਇਹ ਫ਼ੈਸਲਾ ਕਾਨੂੰਨੀ ਪ੍ਰਕਿਰਿਆ ਨਾਲ ਜੁੜਿਆ ਹੈ ਜਿਸ ਤਹਿਤ ਪੈਰੋਲ ਕਿਸੇ ਕੈਦੀ ਦਾ ਕਾਨੂੰਨਨ ਹੱਕ ਹੈ ਪਰ ਜਿਆਦਾਤਰ ਲੋਕ ਇਸ ਫੈਸਲੇ ਨੂੰ ਭਾਜਪਾ ਦੇ ਹਿੱਤ ’ਚ ਦੱਸ ਰਹੇ ਹਨ। ਮੰਨਿਆ ਜਾਂਦਾ ਹੈ ਅਜਿਹੇ ਫੈਸਲਿਆਂ ਦਾ ਅਸਰ ਸਿਆਸਤ ’ਤੇ ਪੈਣ ਦੀ ਥੋਹੜੀ ਬਹੁਤੀ ਸੰਭਾਵਨਾ ਰਹਿੰਦੀ ਹੈ। ਸਿੱਖ ਹਲਕਿਆਂ ਨੂੰ ਛੱਡਕੇ ਸਿਆਸੀ ਪਾਰਟੀਆਂ ਇਸ ਸਬੰਧ ਵਿੱਚ ਕੱੁਝ ਵੀ ਕਹਿਣ ਤੋਂ ਗੁਰੇਜ ਕਰ ਰਹੀਆਂ ਹਨ ਪਰ ਡੇਰਾ ਮੁਖੀ ਦੇ ਬਾਹਰ ਆਉਣ ਕਾਰਨ ਡੇਰਾ ਪੈਰੋਕਾਰਾਂ ’ਚ ਵੱਖਰਾ ਮਹੌਲ ਬਣ ਗਿਆ ਹੈ। ਚੋਣ ਮੈਦਾਨ ’ਚ ਨਿੱਤਰੇ ਉਮੀਦਵਾਰਾਂ ਦੇ ਭਵਿੱਖ ਦਾ ਫ਼ੈਸਲਾ ਵੋਟ ਪੇਟੀਆਂ ’ਚ ਬੰਦ ਪਿਆ ਹੈ ਅਤੇ ਨਤੀਜੇ 29 ਮਈ ਨੂੰ ਐਲਾਨੇ ਜਾਣਗੇ।
ਦੂਜੇ ਪਾਸੇ ਇਸ ਪੱਤਰਕਾਰ ਵੱਲੋਂ ਇਕੱਤਰ ਜਾਣਕਾਰੀ ਅਨੁਸਾਰ ਪੰਜਾਬ ’ਚ ਡੇਰਾ ਸਿਰਸਾ ਪੈਰੋਕਾਰ ਵੋਟਾਂ ਵਾਲੇ ਦਿਨ ਕਿਸੇ ਵੀ ਸਿਆਸੀ ਧਿਰ ਦੀਆਂ ਗੱਡੀਆਂ ’ਤੇ ਨਹੀਂ ਚੜ੍ਹੇ। ਸਿਆਸੀ ਵਿੰਗ ਭੰਗ ਹੋਣ ਕਾਰਨ ਪਹਿਲੀ ਦਫ਼ਾ ਏਦਾਂ ਹੋਇਆ ਕਿ ਡੇਰਾ ਪ੍ਰੇਮੀਆਂ ਨੇ ਸਿਆਸੀ ਧਿਰਾਂ ਦੀਆਂ ਕਾਰਾਂ ਆਦਿ ਰਾਹੀਂ ਵੋਟਾਂ ਪਾਉਣ ਤੋਂ ਗੁਰੇਜ਼ ਕੀਤਾ ਅਤੇ ਪੈਦਲ ਜਾਂ ਫਿਰ ਆਪੋ ਆਪਣੇ ਸਾਧਨਾਂ ’ਤੇ ਜਾਕੇ ਚੁੱਪ ਚੁਪੀਤੇ ਵੋਟਾਂ ਪਾਈਆਂ। ਚੋਣ ਮੈਦਾਨ ’ਚ ਹੋਣ ਤੋਂ ਸਿਵਾਏ ਕਿਸੇ ਵੀ ਡੇਰਾ ਪ੍ਰੇਮੀ ਨੇ ਬਾਹਰੀ ਤੌਰ ’ਤੇ ਸਿਆਸੀ ਪਾਰਟੀਆਂ ਦੇ ਹੱਕ ਵਿੱਚ ਉਤਸ਼ਾਹ ਨਹੀਂ ਦਿਖਾਇਆ। ਡੇਰਾ ਪੈਰੋਕਾਰਾਂ ਨੇ ਕਿਸੇ ਨੂੰ ਵੀ ਵੋਟਾਂ ਪਾਈਆਂ ਹੋਣ ਪਰ ਕਿਸੇ ਕਿਸਮ ਦਾ ਕੋਈ ਸੰਦੇਸ਼ ਜਾਣ ਦੇ ਖਦਸ਼ੇ ਕਾਰਨ ਉਨ੍ਹਾਂ ਨੇ ਉਮੀਦਵਾਰਾਂ ਨਾਲ ਰਾਬਤਾ ਬਨਾਉਣ ਤੋਂ ਪਾਸਾ ਵੱਟੀ ਰੱਖਿਆ। ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਐਤਕੀਂ ਤਾਂ ਡੇਰਾ ਸ਼ਰਧਾਲੂ ਪੋÇਲੰਗ ਬੂਥਾਂ ’ਤੇ ਵੀ ਨਜ਼ਰ ਨਹੀਂ ਆਏ ਹਨ।
ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਪਹਿਲਾਂ ਵੀ ਕਈ ਵਾਰ ਪੰਜਾਬ ਤੇ ਹਰਿਆਣਾ ਵਿੱਚ ਚੋਣਾਂ ਦੇ ਨਜ਼ਦੀਕ ਪੈਰੋਲ ਅਤੇ ਫਰਲੋ ’ਤੇ ਜੇਲ੍ਹ ’ਚੋਂ ਬਾਹਰ ਆ ਚੁੱਕਾ ਹੈ। ਹੁਣ ਨਗਰ ਨਿਗਮ ਅਤੇ ਕੌਂਸਲ ਚੋਣਾਂ ਦੇ ਐਨ ਮੌਕੇ ਡੇਰਾ ਮੁਖੀ ਦੀ ਪੈਰੋਲ ਨੂੰ ਵੀ ਸਿਆਸਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੰਜਾਬ ਦੇ ਮਾਲਵਾ ਖੇਤਰ ਦੀਆਂ 69 ਸੀਟਾਂ ’ਚੋਂ ਲਗਪਗ ਚਾਰ ਦਰਜਨ ਸੀਟਾਂ ’ਤੇ ਡੇਰੇ ਦਾ ਕਾਫ਼ੀ ਪ੍ਰਭਾਵ ਹੈ। ਇਸ ਵਿੱਚ ਪਟਿਆਲਾ , ਸੰਗਰੂਰ , ਮਾਨਸਾ, ਬਠਿੰਡਾ ਤੇ ਹੋਰ ਕਈ ਜ਼ਿਲ੍ਹੇ ਸ਼ਾਮਲ ਹਨ। ਇਨ੍ਹਾਂ ਇਲਾਕਿਆਂ ਵਿਚਲੇ ਵੱਡੀ ਗਿਣਤੀ ਡੇਰਾ ਸਿਰਸਾ ਪ੍ਰੇਮੀ ਚੋਣਾਂ ’ਤੇ ਅਸਰ ਪਾਉਣ ਦੀ ਸਮਰੱਥਾ ਰੱਖਦੇ ਹਨ। ਇਸ ਦਾ ਇੱਕ ਨਮੂਨਾ 2007 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਸਾਹਮਣੇ ਆਇਆ ਸੀ ਜਦੋਂ ਡੇਰੇ ਵੱਲੋਂ ਕਾਂਗਰਸ ਨੂੰ ਦਿੱਤੀ ਗਈ ਸਿੱਧੀ ਹਮਾਇਤ ਕਾਰਨ ਸ਼ੋਮਣੀ ਅਕਾਲੀ ਦਲ ਮਾਲਵੇ ’ਚ ਬੁਰੀ ਤਰਾਂ ਹਾਰ ਗਿਆ ਸੀ।
ਅਚਾਨਕ ਵਾਪਰੇ ਇਸ ਘਟਨਾਕ੍ਰਮ ਦੌਰਾਨ ਸਿਆਸੀ ਪਾਰਾ ਅੰਬਰਾਂ ਨੂੰ ਛੂੰਹਦਾ ਨਜ਼ਰ ਆ ਰਿਹਾ ਹੈ। ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਜਿਨ੍ਹਾਂ ਲਈ ਸਾਰੀਆਂ ਪਾਰਟੀਆਂ ਨੇ ਤਿਆਰੀ ਖਿੱਚੀ ਹੋਈ ਹੈ ਅਤੇ ਇਸ ਦੌੜ ’ਚ ਭਾਜਪਾ ਮੋਹਰੀ ਹੈ। ਭਾਜਪਾਈ ਇਸ ਗੱਲੋਂ ਉਤਸ਼ਾਹ ’ਚ ਹਨ ਕਿ ਜੇਕਰ ਡੇਰਿਆਂ ਦੀ ਹਮਾਇਤ ਮਿਲਦੀ ਹੈ ਤਾਂ ਪੰਜਾਬ ਦੇ ਸਿਆਸੀ ਰਾਹ ਮੋਕਲੇ ਹੋਣਗੇ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਜਿਸ ਪਾਰਟੀ ਨੂੰ ਵੀ ਡੇਰਾ ਪ੍ਰੇਮੀਆਂ ਦਾ ਸਾਥ ਮਿਲਦਾ ਹੈ ਤਾਂ ਉਸ ਨੂੰ ਪੰਥਕ ਵੋਟਰਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਫਿਰ ਵੀ ਭਾਜਪਾ ਆਪਣੀ ਰਣਨੀਤੀ ਅੱਗੇ ਵਧਾਉਂਦੀ ਦਿਖਾਈ ਦੇ ਰਹੀ ਹੈ। ਸਿਆਸੀ ਵਿਸ਼ਲੇਸ਼ਕ ਆਖਦੇ ਹਨ ਕਿ ਪੰਜਾਬ ਦੇ ਸਿੱਖਾਂ ਤੇ ਹਿੰਦੂਆਂ ਦੇ ਰਿਸ਼ਤਿਆਂ ’ਚ ਉਦਾਰਤਾ ਹੋਣ ਕਰਕੇ ਭਾਜਪਾ ਨੂੰ ਆਪਣੇ ਰਵਾਇਤੀ ਪੈਂਤੜੇ ‘ਵੋਟਾਂ ਦੇ ਧਰੁਵੀਕਰਨ’ ਨੂੰ ਹਕੀਕਤ ਬਣਾਉਣ ’ਚ ਮੁਸ਼ਕਲ ਆਵੇਗੀ ਜਿਸ ਲਈ ਡੇੇਰਿਆਂ ਦਾ ਪੱਤਾ ਚੱਲਿਆ ਜਾ ਸਕਦਾ ਹੈ।
ਡੇਰਿਆਂ ਸਿਰ ਦਾਲ ਗਲਣੀ ਔਖੀ
ਸਿਆਸੀ ਹਲਕਿਆਂ ਮੁਤਾਬਕ ਰਾਜਸੀ ਸੁਭਾਅ ਹੋਰਨਾਂ ਸੂਬਿਆਂ ਨਾਲੋਂ ਵੱਖਰਾ ਹੋਣ ਕਰਕੇ ਇਕੱਲੇ ਡੇਰਿਆਂ ਦੇ ਸਿਰ ’ਤੇ ਭਾਜਪਾ ਦੀ ਦਾਲ ਗਲਣੀ ਮੁਸ਼ਕਲ ਜਾਪਦੀ ਹੈ। ਵੋਟਰ ਚਾਹੇ ਕਿਸੇ ਵੀ ਡੇਰੇ ਨਾਲ ਸਬੰਧਤ ਹੋਣ ਪਿਛੋਕੜ ’ਚ ਕਿਸਾਨ ਭਾਈਚਾਰੇ ਨਾਲ ਵਾਪਰੀਆਂ ਘਟਨਾਵਾਂ ਕਾਰਨ ਭਾਜਪਾ ਲਈ ਦਿਹਾਤੀ ਪੰਜਾਬ ਦੇ ਮਨਾਂ ’ਚ ਆਪਣੀ ਥਾਂ ਬਣਾਉਣੀ ਵੱਡੀ ਚੁਣੌਤੀ ਹੋਵੇਗੀ।
- Download Babushahi App
-
-