ਰੂਪਨਗਰ: ਸਫਾਈ ਸੇਵਕਾਂ ਦੀ ਹੜਤਾਲ 15 ਦਿਨਾਂ ਬਾਅਦ ਖ਼ਤਮ ਕਰਵਾਈ
ਫਾਈਵ ਜੀ ਯੂਨੀਅਨ’ ਅਤੇ ‘ਸਫ਼ਾਈ ਕਰਮਚਾਰੀ ਯੂਨੀਅਨ’ ਵੱਲੋਂ ਖ਼ੁਸ਼ੀ ਵਿੱਚ ਢੋਲ ਵਜਾ ਕੇ ਵਿਸ਼ਾਲ ਰੈਲੀ ਕੱਢੀ ਗਈ
ਮਨਪ੍ਰੀਤ ਸਿੰਘ
ਰੂਪਨਗਰ -21 ਮਈ 2026- ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਵਾਨ ਕੀਤੇ ਜਾਣ ਤੋਂ ਬਾਅਦ ਅੱਜ ਇੱਥੇ ‘ਫਾਈਵ ਜੀ ਯੂਨੀਅਨ’ ਅਤੇ ‘ਸਫ਼ਾਈ ਕਰਮਚਾਰੀ ਯੂਨੀਅਨ’ ਵੱਲੋਂ ਖ਼ੁਸ਼ੀ ਵਿੱਚ ਢੋਲ ਵਜਾ ਕੇ ਵਿਸ਼ਾਲ ਰੈਲੀ ਕੱਢੀ ਗਈ ਅਤੇ 15 ਦਿਨਾਂ ਤੋਂ ਚੱਲੀ ਆ ਰਹੀ ਹੜਤਾਲ ਖ਼ਤਮ ਕਰ ਦਿੱਤੀ ਗਈ।
ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਇਸ ਫ਼ੈਸਲੇ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਹੁਣ 3 ਸਾਲ ਦਾ ਸਮਾਂ ਪੂਰਾ ਕਰ ਚੁੱਕੇ ਆਊਟਸੋਰਸ ਸਫ਼ਾਈ ਸੇਵਕ ਅਤੇ ਸੀਵਰੇਜ ਦੇ ਖ਼ਤਰਨਾਕ ਕੰਮ ਕਰਨ ਵਾਲੇ ਵੀਰ ਸਿੱਧੇ ਮਿਊਂਸੀਪਲ ਕਮੇਟੀ ਦੇ ਕੰਟਰੈਕਟ 'ਤੇ ਆਉਣਗੇ। ਕਲੈਰੀਕਲ ਸਟਾਫ਼ 5 ਸਾਲਾਂ ਬਾਅਦ ਕਮੇਟੀ ਅਧੀਨ ਆਵੇਗਾ। ਰੈਗੂਲਰ ਕਰਨ ਅਤੇ ਤਨਖ਼ਾਹ ਵਾਧੇ ਲਈ ਇੱਕ ਵਿਸ਼ੇਸ਼ ਕਮੇਟੀ ਵੀ ਗਠਿਤ ਕੀਤੀ ਗਈ ਹੈ।
ਯੂਨੀਅਨ ਪ੍ਰਧਾਨ ਅਜੇ ਭੱਟੀ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਮੁਲਾਜ਼ਮਾਂ ਨੂੰ ਠੇਕੇਦਾਰੀ ਪ੍ਰਥਾ ਤੋਂ ਮੁਕਤੀ ਮਿਲੀ ਹੈ। ਪਹਿਲਾਂ ਮਿਲਣ ਵਾਲੀ 10,500 ਰੁਪਏ ਤਨਖ਼ਾਹ ਦੀ ਜਗ੍ਹਾ ਹੁਣ ਡੀ.ਸੀ. ਰੇਟ ਤੋਂ ਉੱਪਰ ਉੱਠ ਕੇ 18,000 ਰੁਪਏ ਮੁਢਲਾ ਸਰਕਾਰੀ ਸਕੇਲ ਨਿਰਧਾਰਤ ਕੀਤਾ ਗਿਆ ਹੈ। ਵਿਧਾਇਕ ਚੱਢਾ ਦੀ ਅਪੀਲ 'ਤੇ ਯੂਨੀਅਨ ਨੇ ਰਾਤੋ-ਰਾਤ ਸ਼ਹਿਰ ਦਾ ਕੂੜਾ ਸਾਫ਼ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸ਼ਹਿਰ ਵਾਸੀਆਂ ਨੇ ਲੱਡੂ ਵੰਡ ਕੇ ਜਸ਼ਨ ਮਨਾਇਆ।
- Download Babushahi App
-
-