ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਮਿਲੇਗਾ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ-ਗੁਰਮੀਤ ਸਿੰਘ ਖੁੱਡੀਆਂ
-ਕਿਹਾ, ਭਗਵੰਤ ਮਾਨ ਸਰਕਾਰ ਨੇ ਸਾਰੀਆਂ ਗਰੰਟੀਆਂ ਕੀਤੀਆਂ ਪੂਰੀਆਂ
-ਖੇਤੀਬਾੜੀ ਮੰਤਰੀ ਖੁਡੀਆਂ ਵੱਲੋਂ ਪੀ.ਆਰ.ਟੀ.ਸੀ ਚੇਅਰਮੈਨ ਜੁਨੇਜਾ ਵੱਲੋਂ ਮਹਾਰਾਣੀ ਕਲੱਬ ਵਿਖੇ ਲਗਾਏ ਮੁੱਖ ਮੰਤਰੀ ਸਿਹਤ ਯੋਜਨਾ ਕੈਂਪ ਉਦਘਾਟਨ
-ਪੀ.ਆਰ.ਟੀ.ਸੀ. ਦੇ ਮੁਲਾਜਮਾਂ ਨੂੰ ਵੀ ਮਿਲਿਆ ਮੁੱਖ ਮੰਤਰੀ ਸਿਹਤ ਯੋਜਨਾ ਦਾ ਵੱਡਾ ਲਾਭ-ਹਰਪਾਲ ਜੁਨੇਜਾ
ਪਟਿਆਲਾ, 10 ਅਪ੍ਰੈਲ:
ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ, ਫੂਡ ਪ੍ਰੋਸੈਸਿੰਗ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਸੂਬਾ ਨਿਵਾਸੀਆਂ ਨਾਲ ਕੀਤੇ ਸਾਰੇ ਵਾਅਦੇ ਆਪਣੀਆਂ ਗਰੰਟੀਆਂ ਪੂਰੀਆਂ ਕਰਕੇ ਨਿਭਾਅ ਦਿੱਤੇ ਹਨ।
ਖੇਤੀਬਾੜੀ ਮੰਤਰੀ ਖੁੱਡੀਆਂ ਅੱਜ ਇੱਥੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਆਮ ਲੋਕਾਂ ਲਈ ਮੁੱਖ ਮੰਤਰੀ ਸਿਹਤ ਯੋਜਨਾ ਕੇ ਕਾਰਡ ਬਣਵਾਉਣ ਲਈ ਮਹਾਰਾਣੀ ਕਲੱਬ ਵਿਖੇ ਲਗਾਏ ਜਾ ਰਹੇ ਵਿਸ਼ੇਸ਼ ਕੈਂਪ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਰਹਿਨੁਮਾਈ ਹੇਠ ਪੰਜਾਬ ਦੀ ਜਨਤਾ ਨੂੰ ਮੁਫਤ ਮੈਡੀਕਲ ਸਹੂਲਤ ਦੇਣ ਲਈ ਸਿਹਤ ਯੋਜਨਾ ਦੇ ਕਾਰਡ ਬਣਾਉਣ ਸਬੰਧੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਰਾਜ ਦੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦੀ ਮੁਫਤ ਮੈਡੀਕਲ ਸਹੂਲਤ ਦਿੱਤੀ ਜਾਵੇਗੀ।
ਗੁਰਮੀਤ ਸਿੰਘ ਖੁੱਡੀਆਂ ਨੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਕੀਤੇ ਗਏ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੀ.ਆਰ.ਟੀ.ਸੀ ਦੇ ਮੁਲਾਜਮਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ ਦੇਣ ਲਈ ਮਿਤੀ 01 ਅਪ੍ਰੈਲ 2026 ਪਹਿਲਾਂ ਇਹ ਕੈਂਪ ਲਾਉਣ ਦੀ ਸ਼ੁਰੂਆਤ ਪੀ.ਆਰ.ਟੀ.ਸੀ ਦੇ ਮੁੱਖ ਦਫਤਰ ਨਾਭਾ ਰੋਡ ਵਿਖੇ ਕੀਤੀ ਗਈ ਸੀ।
ਪੀ.ਆਰ.ਟੀ.ਸੀ. ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਦੱਸਿਆ ਕਿ ਇਹ ਕੈਂਪ ਲਗਾਤਾਰ 12 ਅਪ੍ਰੈਲ ਤੱਕ ਲਗਾਇਆ ਜਾਵੇਗਾ ਅਤੇ ਜਿੱਥੇ ਅਦਾਰੇ ਦੇ ਬਾਕੀ ਰਹਿੰਦੇ ਸਾਰੇ ਮੁਲਾਜਮਾਂ ਦੇ ਵੀ ਕਾਰਡ ਬਣਾਏ ਜਾਣਗੇ, ਉਥੇ ਹੀ ਆਮ ਲੋਕਾਂ ਲਈ ਵੀ ਇਹ ਕਾਰਡ ਬਣਾਏ ਜਾ ਰਹੇ ਹਨ।
ਚੇਅਰਮੈਨ ਜੁਨੇਜਾ ਨੇ ਦੱਸਿਆ ਕਿ ਇਸ ਸਹੂਲਤ ਦਾ ਲਾਭ ਪਟਿਆਲਾ ਵਾਸੀਆਂ ਨੂੰ ਦੇਣ ਲਈ ਇਹ ਤਿੰਨ ਰੋਜ਼ਾ ਕੈਂਪ ਮਹਾਰਾਣੀ ਤੇ ਜਿੰਮਖਾਨਾ ਕਲੱਬ ਵਿਖੇ ਲਗਾਇਆ ਜਾ ਰਿਹਾ ਹੈ, ਜਿਸ ਦਾ ਅੱਜ ਉਦਘਾਟਨ ਖੇਤੀਬਾੜੀ ਮੰਤਰੀ ਨੇ ਕੀਤਾ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਆਪਣੇ ਵੱਧ ਤੋਂ ਵੱਧ ਕਾਰਡ ਬਣਵਾ ਕੇ ਇਸ ਸਹੂਲਤ ਦਾ ਲਾਭ ਲੈਣ ਦਾ ਸੱਦਾ ਦਿਤਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਰਾਜ ਦੇ ਲੋਕਾਂ ਨੂੰ ਲਗਾਤਾਰ ਸਹੂਲਤਾਂ ਦਾ ਲਾਭ ਦਿੱਤਾ ਜਾ ਰਿਹਾ ਹੈ, ਜਿਸ ਕਰਕੇ ਸੂਬਾ ਨਿਵਾਸੀ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਪੂਰੇ ਖੁਸ਼ ਹਨ।
Click to Follow Babushahi Facebook Page →