ਦੇਸ਼ 'ਚ ਮਰਦਮਸ਼ੁਮਾਰੀ-2027 ਦਾ ਆਗਾਜ਼: ਪਹਿਲੀ ਵਾਰ ਹੋਵੇਗੀ 'ਡਿਜੀਟਲ ਮਰਦਮਸ਼ੁਮਾਰੀ'; ਅੱਜ ਤੋਂ 'ਸੈਲਫ-ਐਨਿਊਮਰੇਸ਼ਨ' ਦੀ ਸਹੂਲਤ ਸ਼ੁਰੂ
ਨਵੀਂ ਦਿੱਲੀ, 1 ਅਪ੍ਰੈਲ 2026: ਭਾਰਤ ਦੇ ਰਜਿਸਟਰਾਰ ਜਨਰਲ ਅਤੇ ਮਰਦਮਸ਼ੁਮਾਰੀ ਕਮਿਸ਼ਨਰ, ਸ੍ਰੀ ਮ੍ਰਿਤੁੰਜੇ ਕੁਮਾਰ ਨਾਰਾਇਣ ਨੇ ਅੱਜ ਨਵੀਂ ਦਿੱਲੀ ਵਿਖੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਦੌਰਾਨ 'ਮਰਦਮਸ਼ੁਮਾਰੀ-2027' (Census 2027) ਦੇ ਰੂਪ ਰੇਖਾ ਦਾ ਐਲਾਨ ਕੀਤਾ। ਵਿਸ਼ਵ ਦੀ ਇਹ ਸਭ ਤੋਂ ਵੱਡੀ ਮਰਦਮਸ਼ੁਮਾਰੀ ਦੋ ਪੜਾਵਾਂ ਵਿੱਚ ਕਰਵਾਈ ਜਾਵੇਗੀ, ਜਿਸ ਦਾ ਪਹਿਲਾ ਪੜਾਅ ਅੱਜ ਯਾਨੀ 1 ਅਪ੍ਰੈਲ 2026 ਤੋਂ ਸ਼ੁਰੂ ਹੋ ਗਿਆ ਹੈ।
ਪਹਿਲੀ ਵਾਰ ਡਿਜੀਟਲ ਅਤੇ ਸੈਲਫ-ਐਨਿਊਮਰੇਸ਼ਨ (ਖ਼ੁਦ ਵੇਰਵੇ ਭਰਨ) ਦੀ ਸਹੂਲਤ
ਇਸ ਵਾਰ ਦੀ ਮਰਦਮਸ਼ੁਮਾਰੀ ਵਿੱਚ ਕਈ ਇਤਿਹਾਸਕ ਬਦਲਾਅ ਕੀਤੇ ਗਏ ਹਨ। ਪਹਿਲੀ ਵਾਰ ਸਾਰਾ ਡਾਟਾ ਮੋਬਾਈਲ ਐਪ ਰਾਹੀਂ ਇਕੱਠਾ ਕੀਤਾ ਜਾਵੇਗਾ। ਗਣਨਾਕਾਰ (Enumerators) ਆਪਣੇ ਸਮਾਰਟਫੋਨ ਦੀ ਵਰਤੋਂ ਕਰਕੇ ਜਾਣਕਾਰੀ ਦਰਜ ਕਰਨਗੇ। ਨਾਗਰਿਕਾਂ ਨੂੰ ਪਹਿਲੀ ਵਾਰ ਇਹ ਸਹੂਲਤ ਦਿੱਤੀ ਗਈ ਹੈ ਕਿ ਉਹ ਗਣਨਾਕਾਰ ਦੇ ਘਰ ਆਉਣ ਤੋਂ ਪਹਿਲਾਂ ਹੀ ਆਨਲਾਈਨ ਪੋਰਟਲ (se.census.gov.in) ਰਾਹੀਂ ਆਪਣੇ ਪਰਿਵਾਰ ਦੇ ਵੇਰਵੇ ਖ਼ੁਦ ਭਰ ਸਕਦੇ ਹਨ। ਇਹ ਸਹੂਲਤ ਪੰਜਾਬੀ ਸਮੇਤ 16 ਭਾਸ਼ਾਵਾਂ ਵਿੱਚ ਉਪਲਬਧ ਹੈ।
ਮਰਦਮਸ਼ੁਮਾਰੀ ਦੇ ਦੋ ਪੜਾਅ
ਪਹਿਲਾ ਪੜਾਅ (ਅਪ੍ਰੈਲ-ਸਤੰਬਰ 2026): ਇਸ ਵਿੱਚ ਘਰਾਂ ਦੀ ਸੂਚੀ (House Listing) ਅਤੇ ਰਿਹਾਇਸ਼ੀ ਗਣਨਾ ਕੀਤੀ ਜਾਵੇਗੀ। ਇਸ ਦੌਰਾਨ ਮਕਾਨਾਂ ਦੀ ਹਾਲਤ, ਉਪਲਬਧ ਸਹੂਲਤਾਂ ਅਤੇ ਸੰਪਤੀਆਂ ਬਾਰੇ ਜਾਣਕਾਰੀ ਲਈ ਜਾਵੇਗੀ।
ਦੂਜਾ ਪੜਾਅ (ਫਰਵਰੀ 2027): ਇਸ ਵਿੱਚ ਆਬਾਦੀ ਦੀ ਗਣਨਾ (Population Enumeration) ਕੀਤੀ ਜਾਵੇਗੀ। ਖ਼ਾਸ ਗੱਲ ਇਹ ਹੈ ਕਿ ਇਸ ਪੜਾਅ ਦੌਰਾਨ ਜਾਤੀ ਅਧਾਰਤ ਮਰਦਮਸ਼ੁਮਾਰੀ (Caste Census) ਵੀ ਕਰਵਾਈ ਜਾਵੇਗੀ।
ਮਹੱਤਵਪੂਰਨ ਤਰੀਕਾਂ ਅਤੇ ਖੇਤਰ
1 ਤੋਂ 15 ਅਪ੍ਰੈਲ 2026 ਤਕ ਅੰਡੇਮਾਨ ਅਤੇ ਨਿਕੋਬਾਰ, ਗੋਆ, ਕਰਨਾਟਕ, ਮਿਜ਼ੋਰਮ, ਓਡੀਸ਼ਾ, ਸਿੱਕਮ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ 'ਸੈਲਫ-ਐਨਿਊਮਰੇਸ਼ਨ' ਚੱਲੇਗੀ। 16 ਅਪ੍ਰੈਲ ਤੋਂ 15 ਮਈ 2026 ਤਕ ਇਨ੍ਹਾਂ ਰਾਜਾਂ ਵਿੱਚ ਘਰਾਂ ਦੀ ਸੂਚੀ ਬਣਾਉਣ ਦਾ ਕੰਮ ਸ਼ੁਰੂ ਹੋਵੇਗਾ। ਮੱਧ ਪ੍ਰਦੇਸ਼, ਹਰਿਆਣਾ, ਆਂਧਰਾ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਇਹ ਪ੍ਰਕਿਰਿਆ 1 ਮਈ ਤੋਂ 30 ਮਈ 2026 ਤੱਕ ਚੱਲੇਗੀ। ਲਦਾਖ, ਜੰਮੂ-ਕਸ਼ਮੀਰ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਬਰਫ਼ੀਲੇ ਇਲਾਕਿਆਂ ਲਈ ਮਰਦਮਸ਼ੁਮਾਰੀ ਦੀ ਤਰੀਕ 1 ਮਾਰਚ 2027 ਦੀ ਬਜਾਏ 1 ਅਕਤੂਬਰ 2026 ਰੱਖੀ ਗਈ ਹੈ।
ਕੇਂਦਰ ਸਰਕਾਰ ਨੇ ਇਸ ਮਰਦਮਸ਼ੁਮਾਰੀ ਲਈ 11,718.24 ਕਰੋੜ ਰੁਪਏ ਦਾ ਬਜਟ ਪ੍ਰਵਾਨ ਕੀਤਾ ਹੈ। ਦੇਸ਼ ਭਰ ਵਿੱਚ ਲਗਭਗ 31 ਲੱਖ ਗਣਨਾਕਾਰ ਅਤੇ ਸੁਪਰਵਾਈਜ਼ਰ ਇਸ ਕੰਮ ਵਿੱਚ ਜੁਟੇ ਹੋਣਗੇ। ਡਾਟਾ ਦੀ ਸੁਰੱਖਿਆ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਨਾਗਰਿਕਾਂ ਦੀ ਨਿੱਜੀ ਜਾਣਕਾਰੀ ਸੁਰੱਖਿਅਤ ਰਹੇ।
ਜ਼ਿਕਰਯੋਗ ਹੈ ਕਿ ਭਾਰਤ ਦੀ ਆਖਰੀ ਮਰਦਮਸ਼ੁਮਾਰੀ 2011 ਵਿੱਚ ਹੋਈ ਸੀ। 2027 ਦੀ ਇਹ ਮਰਦਮਸ਼ੁਮਾਰੀ ਭਾਰਤ ਦੀ 16ਵੀਂ ਅਤੇ ਆਜ਼ਾਦੀ ਤੋਂ ਬਾਅਦ ਦੀ 8ਵੀਂ ਮਰਦਮਸ਼ੁਮਾਰੀ ਹੋਵੇਗੀ।
Click to Follow Babushahi Facebook Page →