ਕੂੜੇ ਦੇ ਢੇਰਾਂ 'ਤੇ ਭੜਕੀ ਜਗਰਾਉਂ ਦੀ ਸਿਆਸਤ
ਕੌਂਸਲਰ ਨੇ ਕਾਰਜਕਾਰੀ ਪ੍ਰਧਾਨ 'ਤੇ ਲਾਇਆ ਰਿਸ਼ਵਤ ਦੀ ਪੇਸ਼ਕਸ਼ ਦਾ ਦੋਸ਼
ਕੂੜੇ ਅਤੇ ਸੀਵਰੇਜ ਦੀ ਸਮੱਸਿਆ ਖਿਲਾਫ਼ ਮੁੱਖ ਮਾਰਗ ਕੀਤਾ ਜਾਮ
ਲਿਖਤੀ ਭਰੋਸੇ ਮਗਰੋਂ ਧਰਨਾ ਸਮਾਪਤ, ਪਰ ਧਰਨੇ 'ਚ ਲੱਗੇ ਦੋਸ਼ਾਂ ਨੇ ਛੇੜੀ ਨਵੀਂ ਬਹਿਸ
ਜਗਰਾਉਂ, (ਦੀਪਕ ਜੈਨ):
ਲੰਮੇ ਸਮੇਂ ਤੋਂ ਨਰਕ ਭਰੀ ਜ਼ਿੰਦਗੀ ਜੀਅ ਰਹੇ ਜਗਰਾਉਂ ਦੇ ਵਾਰਡ ਨੰਬਰ 6 ਦੇ ਵਸਨੀਕਾਂ ਦਾ ਗੁੱਸਾ ਅੱਜ ਉਸ ਵੇਲੇ ਸੜਕਾਂ 'ਤੇ ਫੁੱਟ ਪਿਆ ਜਦੋਂ ਵਾਰਡ ਕੌਂਸਲਰ ਜਰਨੈਲ ਸਿੰਘ ਲੋਹਟ ਦੀ ਅਗਵਾਈ ਹੇਠ ਸੈਂਕੜੇ ਲੋਕਾਂ ਨੇ ਜਗਰਾਉਂ-ਬਰਨਾਲਾ ਮੁੱਖ ਮਾਰਗ ਜਾਮ ਕਰ ਦਿੱਤਾ। ਕਾਰਨ ਸੀ ਵਾਰਡ ਵਿੱਚ ਲੱਗਾ ਕੂੜੇ ਦਾ ਪਹਾੜਨੁਮਾ ਡੰਪ ਅਤੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣਾ, ਜਿਸ ਕਾਰਨ ਇਲਾਕਾ ਵਾਸੀ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਸਨ।
ਮਾਮਲੇ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਕੌਂਸਲਰ ਲੋਹਟ ਆਪਣੇ ਵਾਰਡ ਵਾਸੀਆਂ ਨਾਲ ਨਗਰ ਕੌਂਸਲ ਦਫ਼ਤਰ ਵਿਖੇ ਕਾਰਜ ਸਾਧਕ ਅਫ਼ਸਰ ਮੋਹਿਤ ਸ਼ਰਮਾ ਅਤੇ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਨੂੰ ਮਿਲਣ ਪਹੁੰਚੇ, ਪਰ ਦੋਵੇਂ ਅਧਿਕਾਰੀ ਗੈਰ-ਹਾਜ਼ਰ ਮਿਲੇ। ਇਸ ਬੇਰੁਖੀ ਤੋਂ ਖਫ਼ਾ ਹੋਏ ਲੋਕਾਂ ਨੇ ਸਥਾਨਕ ਝਾਂਸੀ ਰਾਣੀ ਚੌਂਕ ਵਿਖੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਸੜਕ ਜਾਮ ਹੋਣ ਕਾਰਨ ਦੋਹੀਂ ਪਾਸੀਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਰਾਹਗੀਰਾਂ ਤੇ ਧਰਨਾਕਾਰੀਆਂ ਵਿਚਾਲੇ ਤਿੱਖੀ ਬਹਿਸ ਵੀ ਹੋਈ।
ਧਰਨੇ 'ਤੇ ਬੈਠੇ ਵਾਰਡ ਵਾਸੀਆਂ ਨੇ ਆਪਣਾ ਦੁਖੜਾ ਰੋਂਦਿਆਂ ਕਿਹਾ ਕਿ ਕੂੜੇ ਦੇ ਢੇਰਾਂ ਤੋਂ ਉੱਠਦੀ ਬਦਬੂ, ਸ਼ਰਾਰਤੀ ਅਨਸਰਾਂ ਵੱਲੋਂ ਲਾਈ ਜਾਂਦੀ ਅੱਗ ਦੇ ਧੂੰਏਂ ਅਤੇ ਓਵਰਫਲੋ ਹੁੰਦੇ ਸੀਵਰੇਜ ਦੇ ਗੰਦੇ ਪਾਣੀ ਨੇ ਉਨ੍ਹਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਉਨ੍ਹਾਂ ਦੇ ਬੱਚੇ ਗੰਦੇ ਪਾਣੀ ਵਿੱਚੋਂ ਲੰਘ ਕੇ ਸਕੂਲ ਜਾਣ ਲਈ ਮਜਬੂਰ ਹਨ। ਕੌਂਸਲਰ ਲੋਹਟ ਨੇ ਕਿਹਾ ਕਿ ਉਹ ਵਾਰ-ਵਾਰ ਅਧਿਕਾਰੀਆਂ ਦੇ ਤਰਲੇ ਕਰ ਚੁੱਕੇ ਹਨ, ਪਰ ਕਿਸੇ ਦੇ ਕੰਨ 'ਤੇ ਜੂੰ ਨਹੀਂ ਸਰਕੀ, ਜਿਸ ਕਰਕੇ ਮਜਬੂਰਨ ਇਹ ਕਦਮ ਚੁੱਕਣਾ ਪਿਆ।
ਮੌਕੇ 'ਤੇ ਪਹੁੰਚੇ ਡੀਐਸਪੀ ਜਸਵਿੰਦਰ ਸਿੰਘ ਢੀਂਡਸਾ ਅਤੇ ਥਾਣਾ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਧਰਨਾਕਾਰੀਆਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਲਿਖਤੀ ਭਰੋਸੇ ਦੀ ਮੰਗ 'ਤੇ ਅੜੇ ਰਹੇ। ਆਖਰਕਾਰ, ਪੁਲਿਸ ਦੇ ਸੱਦੇ 'ਤੇ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ, ਮੀਤ ਪ੍ਰਧਾਨ ਜਗਜੀਤ ਸਿੰਘ ਜੱਗੀ ਅਤੇ ਹੋਰ ਅਧਿਕਾਰੀ ਮੌਕੇ 'ਤੇ ਪਹੁੰਚੇ। ਲੰਬੀ ਗੱਲਬਾਤ ਤੋਂ ਬਾਅਦ ਉਨ੍ਹਾਂ ਲਿਖਤੀ ਭਰੋਸਾ ਦਿੱਤਾ ਕਿ ਕੂੜਾ ਚੁੱਕਣ ਲਈ 58 ਲੱਖ ਰੁਪਏ ਦਾ ਐਸਟੀਮੇਟ ਤਿਆਰ ਹੈ, ਜਿਸਨੂੰ ਜਲਦ ਹਾਊਸ ਦੀ ਮੀਟਿੰਗ ਵਿੱਚ ਪਾਸ ਕਰਵਾ ਕੇ 10 ਦਿਨਾਂ ਅੰਦਰ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਲਿਖਤੀ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।
ਧਰਨੇ 'ਚ ਵੱਡਾ ਖੁਲਾਸਾ: 5 ਲੱਖ ਦੀ ਰਿਸ਼ਵਤ ਦੇ ਦੋਸ਼
ਅੱਜ ਦਾ ਇਹ ਧਰਨਾ ਸਿਰਫ਼ ਕੂੜੇ-ਕਰਕਟ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਇਸਨੇ ਜਗਰਾਉਂ ਦੀ ਸਿਆਸਤ ਵਿੱਚ ਭੂਚਾਲ ਲਿਆ ਦਿੱਤਾ। ਪੁਲਿਸ ਪ੍ਰਸ਼ਾਸਨ ਅਤੇ ਸੈਂਕੜੇ ਲੋਕਾਂ ਦੀ ਹਾਜ਼ਰੀ ਵਿੱਚ ਕੌਂਸਲਰ ਜਰਨੈਲ ਸਿੰਘ ਲੋਹਟ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਨਗਰ ਕੌਂਸਲ ਦੇ ਮੌਜੂਦਾ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ 'ਤੇ ਸਨਸਨੀਖੇਜ਼ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਤਤਕਾਲੀ ਪ੍ਰਧਾਨ ਜਤਿੰਦਰ ਪਾਲ ਰਾਣਾ ਖ਼ਿਲਾਫ਼ ਬੇਭਰੋਸਗੀ ਮਤੇ (No-Confidence Motion) ਵਿੱਚ ਸਾਥ ਦੇਣ ਲਈ 5 ਲੱਖ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਸੀ।
ਕੌਂਸਲਰ ਲੋਹਟ ਨੇ ਦਾਅਵਾ ਕੀਤਾ, "ਮੈਂ ਆਪਣੇ ਇਮਾਨ ਦਾ ਪੱਕਾ ਹਾਂ ਅਤੇ ਵਿਕਾਊ ਨਹੀਂ ਹਾਂ। ਮੈਂ ਉਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ ਅਤੇ ਅੱਜ ਉਸੇ ਦੀ ਸਜ਼ਾ ਮੈਂ ਅਤੇ ਮੇਰਾ ਵਾਰਡ ਨਰਕ ਭੋਗ ਕੇ ਚੁਕਾ ਰਹੇ ਹਾਂ।" ਉਨ੍ਹਾਂ ਦੋਸ਼ ਲਾਇਆ ਕਿ ਇਸੇ ਸਿਆਸੀ ਰੰਜਿਸ਼ ਕਾਰਨ ਉਨ੍ਹਾਂ ਦੇ ਵਾਰਡ ਦੇ ਵਿਕਾਸ ਕਾਰਜ ਰੋਕੇ ਜਾ ਰਹੇ ਹਨ।
ਦੂਜੇ ਪੱਖ ਦਾ ਬਿਆਨ: ਜਦੋਂ ਮੌਕੇ 'ਤੇ ਮੌਜੂਦ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਤੋਂ ਇਨ੍ਹਾਂ ਗੰਭੀਰ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ, "ਇਹ ਝੂਠ ਬੋਲ ਰਹੇ ਹਨ, ਅਜਿਹਾ ਕੁਝ ਨਹੀਂ ਹੈ।" ਇਸ ਤੋਂ ਬਾਅਦ ਉਹ ਮੌਜੂਦਾ ਮੁੱਦੇ 'ਤੇ ਗੱਲ ਕਰਨ ਲਈ ਕਹਿੰਦੇ ਹੋਏ ਸਵਾਲਾਂ ਤੋਂ ਪਾਸਾ ਵੱਟ ਗਏ।
Click to Follow Babushahi Facebook page →