ਕੋਲਡ ਸਟੋਰ ਤੇ ਆਲੂਆਂ ਦੀ ਭਰਾਈ ਕਰਨ ਵਾਲੀ ਲੇਬਰ ਦੀਆਂ ਦੋ ਪਾਰਟੀਆਂ ਵਿੱਚ ਹੋਈ ਲੜਾਈ, ਕੀਤੀ ਕੁੱਟਮਾਰ, ਮਾਮਲਾ ਦਰਜ
ਜਗਰਾਓ (ਦੀਪਕ ਜੈਨ)
ਥਾਣਾ ਸਦਰ ਜਗਰਾਉਂ ਵਿਖੇ ਇੱਕ ਆਲੂ ਸਟੋਰ ਉੱਪਰ ਕੰਮ ਕਰਨ ਵਾਲੇ ਮਜ਼ਦੂਰ ਦੀ ਸ਼ਿਕਾਇਤ ਤੇ ਉਸੇ ਹੀ ਸਟੋਰ ਤੇ ਕੰਮ ਕਰਨ ਵਾਲੇ ਤਿੰਨ ਮਜ਼ਦੂਰਾਂ ਖਿਲਾਫ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਥਾਣਾ ਸਦਰ ਜਗਰਾਓ ਦੇ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਤਲਵੰਡੀ ਰਾਏ ਰਾਏਕੋਟ ਵੱਲੋਂ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਆਪਣੇ ਬਿਆਨਾਂ ਵਿੱਚ ਦੱਸਿਆ ਗਿਆ ਹੈ ਕਿ ਉਹ ਪਿੰਡ ਪੋਨਾ ਦੇ ਨਜ਼ਦੀਕ ਇੱਕ ਕੋਲਡ ਸਟੋਰ ਉੱਪਰ ਆਲੂਆਂ ਦੀ ਭਰਾਈ ਦਾ ਕੰਮ ਕਰਦਾ ਹੈ ਅਤੇ ਉਸਦਾ ਭਰਾ ਅਤੇ ਉਸਦਾ ਪਿਤਾ ਵੀ ਉਸਦੇ ਨਾਲ ਹੀ ਉਥੇ ਕੰਮ ਕਰਦੇ ਹਨ। ਬੀਤੀ 18 ਮਾਰਚ ਨੂੰ ਜਦੋਂ ਉਹ ਆਪਣਾ ਕੰਮ ਨਿਪਟਾ ਕੇ ਵਿਹਲਾ ਹੋਇਆ ਤਾਂ ਉਥੇ ਹੀ ਕੰਮ ਕਰਨ ਵਾਲੇ ਦੂਜੀ ਧਿਰ ਦੇ ਗੋਲਡੀ, ਮਿੱਠੀ ਅਤੇ ਮੋਪਲ ਵਾਸੀ ਪੋਨਾ ਨੇ ਉਸ ਦੀ ਘੇਰ ਕੇ ਕੁੱਟਮਾਰ ਕੀਤੀ ਅਤੇ ਉਸ ਨੂੰ ਜਖਮੀ ਕਰ ਦਿੱਤਾ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਕੁੱਟਮਾਰ ਕਰਨ ਦੀ ਵਜਹਾ ਅਤੇ ਰੰਜਿਸ਼ ਇਹ ਹੈ ਕਿ ਇਹਨਾਂ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ ਕਿ ਉਹ ਆਲੂ ਸਟੋਰ ਉੱਪਰ ਆਲੂਆਂ ਦੀ ਭਰਾਈ ਦਾ ਕੰਮ ਬੰਦ ਕਰ ਦੇਣ। ਥਾਣਾ ਮੁਖੀ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਮਗਰੋਂ ਮਾਮਲੇ ਦੀ ਪੜਤਾਲ ਏਐਸਆਈ ਸੁਖਦੇਵ ਸਿੰਘ ਵੱਲੋਂ ਕੀਤੀ ਗਈ ਅਤੇ ਲਗਾਏ ਗਏ ਦੋਸ਼ਾਂ ਨੂੰ ਸਹੀ ਪਾਉਂਦੇ ਹੋਏ ਉਕਤਾ ਦੋਸ਼ੀਆਂ ਦੇ ਖਿਲਾਫ ਥਾਰਾ ਸਦਰ ਵਿਖੇ ਬੀਐਨ ਐਸ ਦੀਆਂ ਅਲੱਗ ਅਲੱਗ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨਸ਼ੇ ਦਾ ਸੇਵਨ ਕਰਦਾ ਨਸ਼ੇੜੀ ਪੁਲਿਸ ਨੇ ਕੀਤਾ ਕਾਬੂ
ਥਾਣਾ ਸਦਰ ਜਗਰਾਉਂ ਦੀ ਪੁਲਿਸ ਪਾਰਟੀ ਵੱਲੋਂ ਇੱਕ ਵਿਅਕਤੀ ਨੂੰ ਨਸ਼ੇ ਦਾ ਸੇਵਨ ਕਰਦੇ ਹੋਏ ਕਾਬੂ ਕੀਤਾ ਗਿਆ ਹੈ। ਥਾਣਾ ਸਦਰ ਜਗਰਾਉਂ ਦੇ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਹ ਆਪਣੇ ਸਾਥੀ ਕਰਮਚਾਰੀਆਂ ਨਾਲ ਬਰਾਏ ਗਸਤ ਪਿੰਡ ਗਾਲਬ ਕਲਾਂ ਵਿਖੇ ਮੌਜੂਦ ਸਨ ਅਤੇ ਜਦੋਂ ਪੁਲਿਸ ਪਾਰਟੀ ਅਨਾਜ ਮੰਡੀ ਪਿੰਡ ਗਾਲਬ ਕਲਾਂ ਦੇ ਨਜ਼ਦੀਕ ਪਹੁੰਚੀ ਤਾਂ ਇੱਕ ਦਰਖਤ ਦੇ ਉਹਲੇ ਇੱਕ ਨੌਜਵਾਨ ਬੈਠਾ ਨਸ਼ੇ ਦਾ ਸੇਵਨ ਕਰਦਾ ਦਿਖਾਈ ਦਿੱਤਾ ਜੋ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਉਸਨੇ ਉਥੋਂ ਖਿਸਕਣ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਇੰਸਪੈਕਟਰ ਸੁਰਜੀਤ ਸਿੰਘ ਨੇ ਸ਼ੱਕ ਦੀ ਬਿਨਾਹ ਤੇ ਕਾਬੂ ਕੀਤਾ ਅਤੇ ਉਸ ਕੋਲੋਂ ਨਸ਼ੇ ਲਈ ਵਰਤਿਆ ਜਾਣ ਵਾਲਾ ਸਮਾਨ ਬਰਾਮਦ ਕੀਤਾ। ਥਾਣਾ ਮੁਖੀ ਨੇ ਦੱਸਿਆ ਕਿ ਜਦੋਂ ਉਕਤ ਵਿਅਕਤੀ ਦਾ ਨਾਮ ਪਤਾ ਪੁੱਛਿਆ ਗਿਆ ਤਾਂ ਉਸਨੇ ਆਪਣਾ ਨਾਮ ਛਿੰਦਰਪਾਲ ਸਿੰਘ ਉਰਫ ਛਿੰਦਾ ਪੁੱਤਰ ਅਜੈਬ ਸਿੰਘ ਵਾਸੀ ਗਾਲਬ ਕਲਾ ਦੱਸਿਆ। ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਉਕਤ ਦੋਸ਼ੀ ਦੇ ਖਿਲਾਫ ਥਾਣਾ ਸਦਰ ਵਿਖੇ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਚੋਰੀ ਦਾ ਆਟੋ ਰਿਕਸ਼ਾ ਲੈ ਕੇ ਘੁੰਮ ਰਹੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ
ਥਾਣਾ ਸਿਟੀ ਜਗਰਾਉਂ ਦੀ ਪੁਲਿਸ ਪਾਰਟੀ ਨੇ ਇੱਕ ਵਿਅਕਤੀ ਨੂੰ ਚੋਰੀ ਦਾ ਆਟੋ ਰਿਕਸ਼ਾ ਲੈ ਕੇ ਘੁੰਮਦੇ ਹੋਏ ਨੂੰ ਕਾਬੂ ਕਰਕੇ ਉਸ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਜਗਰਾਉਂ ਦੇ ਮੁਖੀ ਇੰਸਪੈਕਟਰ ਪਰਵਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਏਐਸਆਈ ਸੁਖਵਿੰਦਰਜੀਤ ਸਿੰਘ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਬਰਾਏ ਗਸਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਅਤੇ ਵਹੀਕਲਾਂ ਦੇ ਸੰਬੰਧ ਵਿੱਚ ਮਲਕ ਚੌਂਕ ਜਗਰਾਉਂ ਮੌਜੂਦ ਸਨ ਤਾਂ ਉਹਨਾਂ ਨੂੰ ਮੁਖਵਰ ਖਾਸ ਨੇ ਇਤਲਾਹ ਦਿੱਤੀ ਕਿ ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਸ਼ੇਰਪੁਰਾ ਹਾਲ ਵਾਸੀ ਪਿੰਡ ਢੱਟ ਜੋ ਵਹੀਕਲ ਚੋਰੀ ਕਰਨ ਦਾ ਆਦੀ ਹੈ ਅਤੇ ਅੱਜ ਵੀ ਚੋਰੀ ਕੀਤਾ ਸਵਾਰੀਆਂ ਢੋਣ ਵਾਲਾ ਆਟੋ ਰਿਕਸ਼ਾ ਬਿਨਾਂ ਨੰਬਰੀ ਵੇਚਣ ਲਈ ਆਪਣੇ ਪਿੰਡ ਢੱਟ ਤੋਂ ਵਾਇਆ ਜੀਟੀ ਰੋਡ ਜਗਰਾਉਂ ਵੱਲ ਨੂੰ ਆ ਰਿਹਾ ਹੈ। ਜਿਸ ਨੂੰ ਅਲੀਗੜ੍ਹ ਦੇ ਪੁੱਲ ਦੇ ਨਜ਼ਦੀਕ ਟੀ ਪੁਆਇੰਟ ਕੋਠੇ ਖਜੂਰਾਂ ਰੋੜ ਅਲੀਗੜ ਜਗਰਾਉਂ ਨਾਕਾਬੰਦੀ ਕਰਕੇ ਕਾਬੂ ਕੀਤਾ ਗਿਆ ਅਤੇ ਉਸ ਕੋਲੋਂ ਇੱਕ ਬਿਨਾਂ ਨੰਬਰੀ ਆਟੋ ਰਿਕਸ਼ਾ ਬਰਾਮਦ ਹੋਈ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਦੋਸ਼ੀ ਦੇ ਖਿਲਾਫ ਥਾਣਾ ਸਿਟੀ ਜਗਰਾਉਂ ਵਿਖੇ ਬੀਐਨ ਐਸ ਦੀਆਂ ਅਲੱਗ ਅਲੱਗ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Click to Follow Babushahi Facebook Page →