Breaking- AAP MLA ਗੁਰਦੀਪ ਰੰਧਾਵਾ ਦੇ ਪਿੰਡ 'ਚ ਖ਼ੂਨੀ ਟਕਰਾਅ: ਸਰਪੰਚ ਦੇ ਭਰਾ 'ਤੇ ਚੱਲੀਆਂ ਤਾਬੜਤੋੜ ਗੋਲੀਆਂ, ਹਾਲਤ ਗੰਭੀਰ
ਰੋਹਿਤ ਗੁਪਤਾ
ਗੁਰਦਾਸਪੁਰ/ਫਤਿਹਗੜ੍ਹ ਚੂੜੀਆਂ, 25 March 2026: ਹਲਕਾ ਡੇਰਾ ਬਾਬਾ ਨਾਨਕ ਦੇ AAP MLA ਗੁਰਦੀਪ ਰੰਧਾਵਾ ਦੇ ਪਿੰਡ ਸ਼ਾਹਪੁਰ ਜਾਜਨ ਵਿਖੇ ਅੱਜ ਦਿਨ-ਦਿਹਾੜੇ ਫਾਇਰਿੰਗ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿੱਚ ਪਿੰਡ ਪੱਡਾ ਦੇ ਮੌਜੂਦਾ ਸਰਪੰਚ ਨਵਦੀਪ ਸਿੰਘ ਨਵ ਦੇ ਛੋਟੇ ਭਰਾ ਸੁਖਰਾਜ ਸਿੰਘ ਕਾਕਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।
ਪਰਿਵਾਰਕ ਮੈਂਬਰਾਂ ਅਤੇ ਜ਼ਖ਼ਮੀ ਸੁਖਰਾਜ ਸਿੰਘ ਅਨੁਸਾਰ, ਉਹ ਆਪਣੇ ਪਿੰਡ ਪੱਡਾ ਤੋਂ ਕਿਸੇ ਨਿੱਜੀ ਕੰਮ ਲਈ ਗੁਆਂਢੀ ਪਿੰਡ ਸ਼ਾਹਪੁਰ ਜਾਜਨ ਗਿਆ ਸੀ। ਉੱਥੇ ਪਹਿਲਾਂ ਤੋਂ ਹੀ ਮੂੰਹ ਬੰਨ੍ਹ ਕੇ ਬੈਠੇ ਚਾਰ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਆਉਂਦਿਆਂ ਹੀ ਗੋਲੀਆਂ ਚਲਾ ਦਿੱਤੀਆਂ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ।
ਸੁਖਰਾਜ ਸਿੰਘ ਕਾਕਾ ਦੇ ਲੱਕ ਅਤੇ ਬਾਂਹ ਵਿੱਚ ਗੋਲੀਆਂ ਲੱਗੀਆਂ ਹਨ। ਉਸ ਨੂੰ ਤੁਰੰਤ ਫਤਿਹਗੜ੍ਹ ਚੂੜੀਆਂ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਮਨਦੀਪ ਸਿੰਘ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਹੈ।
ਸਰਪੰਚ ਨਵਦੀਪ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਹਮਲਾਵਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
Click to Follow Babushahi Facebook Page →