ਹਰਸਿਮਰਤ ਕੌਰ ਬਾਦਲ ਨੇ ਵੇਅਰ ਹਾਊਸ ਅਫਸਰ ਡਾ. ਗਗਨਦੀਪ ਸਿੰਘ ਰੰਧਾਵਾ ਦੀ ਮੌਤ ਦੇ ਮਾਮਲੇ ਦੀ ਸੀ ਬੀ ਆਈ ਜਾਂਚ ਲਈ ਗ੍ਰਹਿ ਮੰਤਰੀ ਨੂੰ ਕੀਤੀ ਅਪੀਲ
ਪੰਜਾਬ ਦੇ ਸਾਰੇ ਐਮ ਪੀਜ਼ ਨੂੰ ਅਪੀਲ ਕੀਤੀ ਕਿ ਸੀ ਬੀ ਆਈ ਜਾਂਚ ਵਾਸਤੇ ਰਸਮੀ ਅਪੀਲ ਕੀਤੀ ਜਾਵੇ
ਕਿਹਾ ਕਿ ਮਾਮਲੇ ਵਿਚ ਦੇਰੀ ਨਾਲ ਐਫ ਆਈ ਆਰ ਦਰਜ ਕਰਨ ਅਤੇ ਆਪ ਸਰਕਾਰ ਵੱਲੋਂ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੂੰ ਗ੍ਰਿਫਤਾਰ ਕਰਨ ਵਿਚ ਅਸਫਲ ਰਹਿਣ ਕਾਰਨ ਲੋਕਾਂ ਦਾ ਵਿਸ਼ਵਾਸ ਖਤਮ ਹੋ ਰਿਹਾ ਹੈ ਤੇ ਇਹ ਪ੍ਰਭਾਵ ਜਾ ਰਿਹਾ ਹੈ ਕਿ ਮੰਤਰੀ ਨੂੰ ਬਚਾਇਆ ਜਾ ਰਿਹਾ ਹੈ
ਅਸ਼ੋਕ ਵਰਮਾ
ਚੰਡੀਗੜ੍ਹ, 23 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਵੇਅਰ ਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਡਾ. ਗਗਨਦੀਪ ਸਿੰਘ ਰੰਧਾਵਾ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਦੀ ਸੀ ਬੀ ਆਈ ਜਾਂਚ ਦੇ ਹੁਕਮ ਦੇਣ ਜਿਹਨਾਂ ਨੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਸਰੀਰਕ ਤੇ ਮਾਨਸਿਕ ਦਬਾਅ ਕਾਰਨ ਖੁਦਕੁਸ਼ੀ ਕਰ ਲਈ ਸੀ।
ਸੰਸਦ ਵਿਚ ਗ੍ਰਹਿ ਮੰਤਰੀ ਵੱਲੋਂ ਦਿੱਤੇ ਬਿਆਨ ਕਿ ਜੇਕਰ ਪੰਜਾਬ ਦੇ ਐਮ ਪੀ ਲਿਖਤੀ ਦਰਖ਼ਾਸਤ ਦਿੰਦੇ ਹਨ ਤਾਂ ਕੇਂਦਰ ਸਰਕਾਰ ਸੀ ਬੀ ਆਈ ਜਾਂਚ ਦੇ ਹੁਕਮ ਦੇ ਦੇਵੇਗੀ, ’ਤੇ ਪ੍ਰਤੀਕਰਮ ਦਿੰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਹੋਰ ਸਾਰੇ ਐਮ ਪੀਜ਼ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਰਸਮੀ ਬੇਨਤੀ ਕਰਨ। ਉਹਨਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਵੇਖਦਿਆਂ ਤੇ ਸਿਆਸੀ ਦਖਲਅੰਦਾਜ਼ੀ ਦੇ ਗੰਭੀਰ ਦੋਸ਼ਾਂ ਨੂੰ ਵੇਖਦਿਆਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਵੇ। ਉਹਨਾਂ ਕਿਹਾ ਕਿ ਸਿਰਫ ਸੀ ਬੀ ਆਈ ਜਾਂਚ ਹੀ ਨਿਰਪੱਖ ਜਾਂਚ ਕਰ ਸਕਦੀ ਹੈ ਤੇ ਪੀੜਤ ਪਰਿਵਾਰ ਤੇ ਲੋਕਾਂ ਦਾ ਵਿਸ਼ਵਾਸ ਬਹਾਲ ਕਰ ਸਕਦੀ ਹੈ।
ਸ੍ਰੀ ਅਮਿਤ ਸ਼ਾਹ ਨੂੰ ਲਿਖੇ ਪੱਤਰ ਵਿਚ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਡਾ. ਰੰਧਾਵਾ ਇਕ ਬੇਹੱਦ ਪੜ੍ਹੇ ਲਿਖੇ ਅਫਸਰ ਸਨ ਜਿਹਨਾਂ ਨੇ ਬੀ ਐਸ ਸੀ, ਐਮ ਐਸ ਸੀ ਖੇਤੀਬਾੜੀ ਵਿਗਿਆਨ ਵਿਚ ਕੀਤੀ ਸੀ ਤੇ ਨਾਲ ਹੀ ਪੀ ਐਚ ਡੀ ਤੇ ਐਮ ਬੀ ਏ ਵੀ ਕੀਤੀ ਹੋਈ ਸੀ ਅਤੇ ਉਹ ਦੋ ਜ਼ਿਲ੍ਹਿਆਂ ਦਾ ਚਾਰਜ ਸੰਭਾਲਣ ਵਾਲੇ ਜ਼ਿੰਮੇਵਾਰ ਅਫਸਰ ਸਨ।
ਉਹਨਾਂ ਕਿਹਾ ਕਿ 21 ਮਾਰਚ ਨੂੰ ਉਹਨਾਂ ਦੀ ਮੌਤ ਤੋਂ ਪਹਿਲਾਂ ਉਹਨਾਂ ਵੀਡੀਓ ਰਿਕਾਰਡ ਕਰ ਕੇ ਦੱਸਿਆ ਸੀ ਕਿ ਉਹਨਾਂ ’ਤੇ ਕਿਵੇਂ ਦਬਾਅ ਬਣਾਇਆ ਜਾ ਰਿਹਾ ਸੀ ਅਤੇ ਉਹ ਜਿਹੋ ਜਿਹੇ ਹਾਲਾਤ ਵਿਚੋਂ ਲੰਘ ਰਹੇ ਸਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਪੀੜਾਦਾਇਕ ਹੈ ਕਿ ਅਜਿਹੇ ਵਧੀਆ ਅਫਸਰ ’ਤੇ ਇਸ ਤਰੀਕੇ ਦਬਾਅ ਬਣਾਇਆ ਗਿਆ ਤੇ ਉਹ ਆਪਣੇ ਬੱਚਿਆਂ ਤੇ ਪਰਿਵਾਰ ਨੂੰ ਔਖੇ ਸਮੇਂ ਤੋਂ ਬਚਾਉਣ ਵਾਸਤੇ ਇੰਨਾ ਔਖਾ ਕਦਮ ਚੁੱਕਣ ਵਾਸਤੇ ਮਜਬੂਰ ਹੋਏ।
ਬਾਦਲ ਨੇ ਆਪਣੇ ਪੱਤਰ ਵਿਚ ਦੱਸਿਆ ਕਿ ਕਿਵੇਂ ਔਖੇ ਹਾਲਾਤ ਵਿਚ ਫਸੇ ਅਫਸਰਾਂ ਦੀ ਸੁਣਵਾਈ ਨਾ ਹੋਣ ਕਾਰਨ ਕਿਹੋ ਜਿਹੇ ਹਾਲਾਤ ਬਣ ਜਾਂਦੇ ਹਨ। ਉਹਨਾਂ ਕਿਹਾ ਕਿ ਇਹ ਪਤਾ ਲੱਗਾ ਹੈ ਕਿ ਡਾ. ਰੰਧਾਵਾ ਨੇ ਆਪਣੇ ਨਾਲ ਵਾਪਰ ਰਹੇ ਹਾਲਾਤਾਂ ਤੇ ਦਬਾਅ ਬਾਰੇ ਡਿਪਟੀ ਕਮਿਸ਼ਨਰ ਅਤੇ ਵੇਅਰ ਹਾਊਸਿੰਗ ਨਿਗਮ ਦੇ ਐਮ ਡੀ ਨੂੰ ਵੀ ਜਾਣੂ ਕਰਵਾ ਦਿੱਤਾ ਸੀ ਪਰ ਆਮ ਆਦਮੀ ਪਾਰਟੀ ਨੇ ਸ਼ਕਤੀਸ਼ਾਲੀ ਮੰਤਰੀ ਦੀ ਸ਼ਮੂਲੀਅਤ ਕਾਰਨ ਕੋਈ ਕਾਰਵਾਈ ਨਹੀਂ ਕੀਤੀ।
ਅਕਾਲੀ ਆਗੂ ਨੇ ਕਿਹਾ ਕਿ ਇਸ ਮਾਮਲੇ ਵਿਚ ਦਰਜ ਐਫ ਆਈ ਆਰ ਦੇ ਮੁਤਾਬਕ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਉਹਨਾਂ ਦੇ ਪਿਤਾ ਤੇ ਨਿੱਜੀ ਸਹਾਇਕ ਦੇ ਖਿਲਾਫ ਗੰਭੀਰ ਦੋਸ਼ ਹਨ। ਉਹਨਾਂ ਕਿਹਾ ਕਿ ਇਹ ਦੱਸਿਆ ਗਿਆ ਹੈ ਕਿ ਡਾ. ਰੰਧਾਵਾ ’ਤੇ ਮੰਤਰੀ ਦੇ ਪਿਤਾ ਦੇ ਨਾਮ ’ਤੇ ਟੈਂਡਰ ਦੇਣ ਵਾਸਤੇ ਬੇਲੋੜਾ ਦਬਾਅ ਬਣਾਇਆ ਗਿਆ। ਜਦੋਂ ਉਹਨਾਂ ਵਿਰੋਧ ਕੀਤਾ ਤਾਂ ਉਹਨਾਂ ਨਾਲ ਕੁੱਟਮਾਰ ਕੀਤੀ ਗਈ, ਜ਼ਲੀਲ ਕੀਤਾ ਗਿਆ ਤੇ ਧਮਕਾਇਆ ਗਿਆ। ਉਹਨਾਂ ਨੂੰ ਗੈਂਗਸਟਰਾਂ ਰਾਹੀਂ ਵੀ ਡਰਾਇਆ ਗਿਆ ਤੇ ਉਹਨਾਂ ’ਤੇ ਡਰ ਤੇ ਦਹਿਸ਼ਤ ਬਣਾਈ ਗਈ।
ਬਾਦਲ ਨੇ ਕਿਹਾ ਕਿ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਇਸ ਅਫਸਰ ਨਾਲ ਅਣਮਨੁੱਖੀ ਵਿਵਹਾਰ ਕੀਤਾ ਗਿਆ ਤੇ ਉਹਨਾਂ ਨੂੰ ਆਪਣੇ ਕਪੜੇ ਲਾਹੁਣ ਵਾਸਤੇ ਮਜਬੂਰ ਕੀਤਾ ਗਿਆ ਤੇ ਉਹਨਾਂ ਦੀ ਦਸਤਾਰ ਲਾਹੀ ਗਈ ਤੇ ਮੰਤਰੀ ਤੇ ਉਹਨਾਂ ਦੇ ਗੁੰਡਿਆਂ ਨੇ ਪਿਸਤੌਲ ਉਹਨਾਂ ਦੇ ਮੱਥੇ ’ਤੇ ਮਾਰ ਕੇ ਉਹਨਾਂ ਨੂੰ ਡਰਾਇਆ। ਉਹਨਾਂ ਕਿਹਾ ਕਿ ਅਜਿਹੀਆਂ ਹਰਕਤਾਂ ਸੱਤਾਂ ਦੀ ਘੋਰ ਦੁਰਵਰਤੋਂ ਹਨ ਤੇ ਇਹ ਦਰਸਾਉਂਦੀਆਂ ਹਨ ਕਿ ਕਿਵੇਂ ਮਨੁੱਖੀ ਅਧਿਕਾਰਾਂ ਤੇ ਪ੍ਰਸ਼ਾਸਨਿਕ ਨਿਯਮਾਂ ਦੀ ਉਲੰਘਣਾ ਹੁੰਦੀ ਹੈ।
ਉਹਨਾਂ ਕਿਹਾ ਕਿ ਇਸਦੇ ਨਾਲ ਹੀ ਪਰਿਵਾਰ ਦੀ ਤਰਸਯੋਗ ਹਾਲਾਤ ਹੋਰ ਵੀ ਪ੍ਰੇਸ਼ਾਨ ਕਰਦੀ ਹੈ। ਉਹਨਾਂ ਦੇ ਨੌਜਵਾਨ ਬੱਚਿਆਂ ਜਿਹਨਾਂ ਨੇ ਆਪਣਾ ਪਿਤਾ ਗੁਆਇਆ ਅਤੇ ਸਾਰਾ ਸੰਸਾਰ ਗੁਆਇਆ, ਨੂੰ ਜਨਤਕ ਤੌਰ ’ਤੇ ਇਨਸਾਫ ਦੀ ਮੰਗ ਕਰਨੀ ਪੈ ਰਹੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਪਰਿਵਾਰ ਨੂੰ ਅਜਿਹੇ ਹਾਲਾਤ ਵਾਸਤੇ ਮਜਬੂਰ ਨਹੀਂ ਹੋਣਾ ਚਾਹੀਦਾ।
ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਨੇ ਇਸ ਮਾਮਲੇ ਨਾਲ ਨਜਿੱਠਿਆ। ਉਹਨਾਂ ਕਿਹਾ ਕਿ ਭਾਵੇਂ ਮਾਮਲੇ ਵਿਚ ਐਫ ਆਈ ਆਰ ਦਰਜ ਹੋ ਗਈ ਹੈ ਪਰ 24 ਘੰਟੇ ਬੀਤਣ ਦੇ ਬਾਅਦ ਵੀ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਐਫ ਆਈ ਆਰ ਦਰਜ ਕਰਨ ਵਿਚ ਦੇਰੀ ਅਤੇ ਮੰਤਰੀ ਤੋਂ ਅਸਤੀਫਾ ਲੈਣ ਵਿਚ ਦੇਰੀ ਤੇ ਰਾਜਪਾਲ ਨੂੰ ਅਸਤੀਫਾ ਨਾ ਭੇਜਣ ਨਾਲ ਲੋਕਾਂ ਦੇ ਵਿਸ਼ਵਾਸ ਨੂੰ ਖੋਰਾ ਲੱਗਾ ਹੈ ਤੇ ਇਹ ਪ੍ਰਭਾਵ ਬਣਿਆ ਹੈ ਕਿ ਸਰਕਾਰ ਮੰਤਰੀ ਦਾ ਬਚਾਅ ਕਰਨ ਦਾ ਯਤਨ ਕਰ ਰਹੀ ਹੈ।
ਅਕਾਲੀ ਆਗੂ ਨੇ ਆਪਣੇ ਪੱਤਰ ਵਿਚ ਜ਼ੋਰ ਦੇ ਕੇ ਕਿਹਾ ਕਿ ਇਹ ਮਾਮਲਾ ਸਿਰਫ ਅਫਸਰ ਦੀ ਤ੍ਰਾਸਦੀ ਵਿਚ ਹੋਈ ਮੌਤ ਦਾ ਮਾਮਲਾ ਨਹੀਂ ਬਲਕਿ ਇਹ ਅਫਸਰਾਂ ਦੇ ਸੁਰੱਖਿਅਤ, ਮਾਣ ਸਨਮਾਨ ਤੇ ਆਜ਼ਾਦੀ ਨਾਲ ਕੰਮ ਕਰਨ ਦਾ ਮਾਮਲਾ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹੀਆਂ ਘਟਨਾਵਾਂ ਦਾ ਫੌਰੀ ਤੇ ਜਵਾਬਦੇਹੀ ਨਾਲ ਹੱਲ ਨਾ ਕੀਤਾ ਗਿਆ ਤਾਂ ਇਸ ਨਾਲ ਡਰ, ਦਹਿਸ਼ਤ ਤੇ ਚੁੱਪੀ ਦਾ ਮਾਹੌਲ ਸਿਰਜਿਆ ਜਾਵੇਗਾ।
Click to Follow Babushahi Facebook Page →