MP ਸਤਨਾਮ ਸੰਧੂ ਨੇ ਈਦ-ਉਲ-ਫ਼ਿਤਰ ਤੋਂ ਪਹਿਲਾਂ ਚੰਡੀਗੜ੍ਹ ਦੀ ਜਾਮਾ ਮਸਜਿਦ ਵਿਖੇ ਮੁਸਲਿਮ ਭਾਈਚਾਰੇ ਦੀ ਇਫ਼ਤਾਰ ਪਾਰਟੀ ਵਿੱਚ ਕੀਤੀ ਸ਼ਿਰਕਤ
ਐਮਪੀ ਸਤਨਾਮ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨੂੰ ਈਦ-ਉਲ-ਫ਼ਿਤਰ ਦੀ ਦਿੱਤੀ ਮੁਬਾਰਕਬਾਦ; ਅਮਨ-ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਦੀ ਮੰਗੀ ਦੁਆ
ਮੁਸਲਿਮ ਭਾਈਚਾਰੇ ਨੇ ਈਰਾਨ ਨੂੰ ਮਨੁੱਖੀ ਸਹਾਇਤਾ ਭੇਜਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀਤਾ ਧੰਨਵਾਦ
ਚੰਡੀਗੜ੍ਹ, 20 ਮਾਰਚ: ਮੈਂਬਰ ਪਾਰਲੀਮੈਂਟ (ਰਾਜ ਸਭਾ) ਅਤੇ ਭਾਰਤੀ ਘੱਟ ਗਿਣਤੀ ਫ਼ੈਡਰੇਸ਼ਨ (ਆਈਐਮਐਫ਼) ਦੇ ਕਨਵੀਨਰ ਸਤਨਾਮ ਸਿੰਘ ਸੰਧੂ ਦੀ ਅਗਵਾਈ ਵਾਲਾ ਆਈਐਮਐਫ਼ ਦਾ ਇੱਕ ਵਫ਼ਦ ਚੰਡੀਗੜ੍ਹ ਦੇ ਸੈਕਟਰ 20 ਵਿਖੇ ਜਾਮਾ ਮਸਜਿਦ ਵਿਖੇ ਇਫ਼ਤਾਰ ਪਾਰਟੀ ਵਿੱਚ ਸ਼ਰੀਕ ਹੋਇਆ। ਇਸ ਮੌਕੇ ਉਨ੍ਹਾਂ ਨੇ ਮੁਸਲਿਮ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਨ, ਜਿਨ੍ਹਾਂ ਨੇ ਰਮਜ਼ਾਨ ਦੀ ਆਖ਼ਰੀ ਸ਼ਾਮ ਨੂੰ ਆਪਣਾ ਰੋਜ਼ਾ ਖੋਲ੍ਹਿਆ ਅਤੇ ਭਲਕੇ ਈਦ-ਉਲ-ਫ਼ਿਤਰ ਤੋਂ ਪਹਿਲਾਂ ਵਿਸ਼ੇਸ਼ ਨਮਾਜ਼ ਅਦਾ ਕੀਤੀ। ਇਹ ਦਿਨ ਇਸਲਾਮੀ ਪਵਿੱਤਰ ਮਹੀਨੇ ਰਮਜ਼ਾਨ ਦੀ ਸਮਾਪਤੀ ਦਾ ਪ੍ਰਤੀਕ ਹੈ।
ਫ਼ਿਰਕੂ ਸਦਭਾਵਨਾ ਤੇ ਮੁਸਲਿਮਾਂ ਨਾਲ ਭਾਈਚਾਰਕ ਸਾਂਝ ਨੂੰ ਵਧਾਉਣ ਲਈ ਇੱਕ ਇਫ਼ਤਾਰ ਸਮਾਗਮ ਵਿੱਚ ਸ਼ਾਮਲ ਹੋਏ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨੂੰ ਈਦ-ਉਲ-ਫ਼ਿਤਰ ਦੀ ਮੁਬਾਰਕਬਾਦ ਦਿੱਤੀ। ਨਾਲ ਹੀ ਉਨ੍ਹਾਂ ਕਿਹਾ, "ਸਾਰੇ ਦੇਸ਼ਵਾਸੀਆਂ ਨੂੰ ਵਿਸ਼ੇਸ਼ ਰੂਪ ਵਿੱਚ ਸਾਡੇ ਮੁਸਲਿਮ ਭਰਾ-ਭੈਣਾਂ ਨੂੰ ਈਦ-ਉਲ-ਫ਼ਿਤਰ ਦੀਆਂ ਮੁਬਾਰਕਾਂ। ਇਹ ਤਿਓਹਾਰ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ ਅਤੇ ਦਇਆ ਭਾਵ ਤੇ ਦਾਨ ਪੁੰਨ ਨੂੰ ਅਪਨਾਉਣ ਦਾ ਸੰਦੇਸ਼ ਦਿੰਦਾ ਹੈ। ਇਸ ਪਵਿੱਤਰ ਮੌਕੇ ਮੈਂ ਇਹੀ ਕਾਮਨਾ ਕਰਦਾ ਹਾਂ ਕਿ ਇਹ ਤਿਓਹਾਰ ਸਾਰਿਆਂ ਦੇ ਲਈ ਖ਼ੁਸ਼ੀਆਂ ਅਤੇ ਸਦਭਾਵਨਾ ਦਾ ਇੱਕ ਨਵਾਂ ਦੌਰ ਲੈਕੇ ਆਵੇ।"
ਐਮਪੀ ਸੰਧੂ ਨੇ ਅੱਗੇ ਕਿਹਾ, "ਮੈਂ ਕਾਮਨਾ ਕਰਦਾ ਹਾਂ ਕਿ ਇਹ ਤਿਓਹਾਰ ਹਰ ਕਿਸੇ ਦੇ ਜੀਵਨ ਵਿੱਚ ਅਮਨ-ਸ਼ਾਂਤੀ, ਤਰੱਕੀ ਅਤੇ ਖੁਸ਼ੀਆਂ ਲੈ ਕੇ ਆਵੇ ਅਤੇ ਹਰ ਇਨਸਾਨ ਦੇ ਦਿਲ ਵਿੱਚ ਨੇਕੀ ਦੇ ਰਸਤੇ 'ਤੇ ਅੱਗੇ ਵਧਣ ਦਾ ਜਜ਼ਬਾ ਵਧਦਾ ਜਾਏ।"
ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਈਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਚੱਲ ਰਹੇ ਸੰਘਰਸ਼ ਤੋਂ ਪ੍ਰਭਾਵਿਤ ਈਰਾਨੀ ਲੋਕਾਂ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ, "ਪੀਐਮ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਈਰਾਨ ਨੂੰ ਮੈਡੀਕਲ ਸਹਾਇਤਾ ਪਹਿਲਾਂ ਹੀ ਭੇਜ ਦਿੱਤੀ ਹੈ, ਜੋ ਉੱਥੇ ਲਗਾਤਾਰ ਵਧ ਰਹੇ ਤਣਾਅ ਦੇ ਇਸ ਨਾਜ਼ੁਕ ਦੌਰ ਵਿੱਚ ਭਾਰਤ ਵੱਲੋਂ ਮਨੁੱਖਤਾਵਾਦੀ ਕਦਮ ਹੈ।
ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕਿਹਾ, "ਈਰਾਨ ਦੇ ਲੋਕਾਂ ਨੂੰ ਮੈਡੀਕਲ ਸਹਾਇਤਾ ਭੇਜ ਕੇ ਮੋਦੀ ਸਰਕਾਰ ਨੇ ਇੱਕ ਵਾਰ ਸਰਹੱਦਾਂ ਤੋਂ ਉੱਪਰ ਉੱਠ ਕੇ ਆਪਣਾ ਮਨੁੱਖੀ ਫ਼ਰਜ਼ ਨਿਭਾਇਆ ਹੈ।" ਉਨ੍ਹਾਂ ਕਿਹਾ, "ਪੀਐਮ ਮੋਦੀ ਦੀ ਅਗਵਾਈ ਵਿੱਚ, ਭਾਰਤ ਹਮੇਸ਼ਾ ਸੰਕਟ ਤੇ ਦੁੱਖ ਦੀ ਘੜੀ ਵਿੱਚੋਂ ਲੰਘ ਰਹੇ ਹਰ ਮੁਲਕ ਨਾਲ ਖੜਾ ਰਿਹਾ ਹੈ। ਪਿਛਲੇ 11 ਸਾਲਾਂ ਵਿੱਚ ਭਾਰਤ ਹਮੇਸ਼ਾ ਹੋਰਨਾਂ ਮੁਲਕਾਂ ਵੱਲ ਮਦਦ ਦਾ ਹੱਥ ਵਧਾਉਣ ਵਾਲੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਰਿਹਾ ਹੈ। ਇਸ ਨਾਲ ਪ੍ਰਧਾਨ ਮੰਤਰੀ ਦੀ ਮਨੁੱਖਤਾ ਅਤੇ ਦੂਰਅੰਦੇਸ਼ੀ ਵਾਲੀ ਅਗਵਾਈ ਦਾ ਪਤਾ ਚੱਲਦਾ ਹੈ।"
ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕਿਹਾ, "ਪੀਐਮ ਮੋਦੀ ਸਾਰੇ ਖਾੜੀ ਦੇਸ਼ਾਂ ਦੇ ਨਾਲ ਜੁੜ ਕੇ ਤਣਾਅ ਘਟਾਉਣ ਅਤੇ ਪੱਛਮੀ ਏਸ਼ੀਆ ਵਿੱਚ ਗੱਲਬਾਤ ਅਤੇ ਕੂਟਨੀਤੀ ਰਾਹੀਂ ਜਲਦ ਤੋਂ ਜਲਦ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨ ਦੀ ਦਿਸ਼ਾ ਵਿੱਚ ਮੌਜੂਦਾ ਸੰਘਰਸ਼ ਦੌਰਾਨ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਣ ਵਿੱਚ ਯੋਗਦਾਨ ਦੇ ਰਹੇ ਹਨ।
ਪੱਛਮੀ ਏਸ਼ੀਆ ਵਿੱਚ ਰਹਿਣ ਵਾਲੇ ਇੱਕ ਕਰੋੜ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਦਾ ਮੁੱਦਾ ਇਸ ਖੇਤਰ ਦੀਆਂ ਸਬੰਧਤ ਸਰਕਾਰਾਂ ਦੇ ਨਾਲ ਸਰਗਰਮੀ ਨਾਲ ਚੁੱਕਣ ਲਈ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਮੌਜੂਦਾ ਤਣਾਅ ਕਰਕੇ ਉੱਥੇ ਫ਼ਸੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਰੱਜ ਕੇ ਤਾਰੀਫ਼ ਕੀਤੀ।
Click to Follow Babushahi Facebook Page →