- By : ਬਾਬੂਸ਼ਾਹੀ ਬਿਊਰੋ
- First Published : Sunday, Mar 15, 2026 05:46 PM
-
- LinkedIn
- Whatsapp
- Send Email
- Print
← ਪਿਛੇ ਪਰਤੋ
-
-
Babushahi Special ਅਮਰੀਕਾ ਦੇ ਕੋਇਲੇ ਦੀ ਦਲਾਲੀ ’ਚ ਹੋਇਆ ਲਾਲ ਰੰਗ ਦੀ ਪੱਕੀ ਇੱਟ ਦਾ ਮੂੰਹ ਕਾਲਾ
ਅਸ਼ੋਕ ਵਰਮਾ
ਬਠਿੰਡਾ , 15 ਮਾਰਚ 2026 : ਭੱਠਿਆਂ ’ਚ ਇੱਟ ਪਕਾਉਣ ਲਈ ਵਰਤੇ ਜਾਂਦੇ ਅਮਰੀਕੀ ਕੋਇਲੇ ਨੇ ਨਾਂ ਕੇਵਲ ਭੱਠਾ ਮਾਲਕਾਂ ਨੂੰ ਵੱਡੀ ਆਰਥਿਕ ਸੱਟ ਮਾਰਨੀ ਸ਼ੁਰੂ ਕਰ ਦਿੱਤੀ ਹੈ ਬਲਕਿ ਪੱਕੀਆਂ ਇੱਟਾਂ ਦੇ ਮਹਿੰਗੇ ਹੋਣ ਦਾ ਖਤਰਾ ਬਣ ਗਿਆ ਹੈ। ਦਰਅਸਲ ਭੱਠਿਆਂ ਲਈ ਪੰਜਾਬ ’ਚ ਆਉਣ ਵਾਲਾ ਇਹ ਕੋਇਲਾ ਅਮਰੀਕਾ ਤੋਂ ਬਰਾਮਦ ਕੀਤਾ ਜਾਂਦਾ ਹੈ ਜੋ ਗੁਜਰਾਤ ਦੀ ਕਾਂਡਲਾ ਅਤੇ ਟਰਨਾ ਬੰਦਰਗਾਹਾਂ ਤੋਂ ਸੂਬੇ ਦੇ ਵੱਖ ਵੱਖ ਹਿੱਸਿਆਂ ’ਚ ਪੁੱਜਦਾ ਕੀਤਾ ਜਾਂਦਾ ਹੈ। ਮਹੱਤਵਪੂਰਨ ਤੱਥ ਇਹ ਵੀ ਇਸ ਵਿਦੇਸ਼ੀ ਕੋਇਲੇ ਨੂੰ ਅਮਰੀਕਾ ਤੋਂ ਕਾਰਪੋਰਟ ਘਰਾਣੇ ਮੰਗਵਾਉਂਦੇ ਅਤੇ ਅੱਗੇ ਵੇਚਦੇ ਹਨ। ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਕੋਇਲਾ ਵਰਤਣਾ ਭੱਠਾ ਸਨਅਤ ਲਈ ਮਜਬੂਰੀ ਹੈ ਜਿਸ ਕਰਕੇ ਕੋਇਲੇ ਦੇ ਭਾਅ ਵਧਾਉਣ ਲਈ ਨਕਲੀ ਕਿੱਲਤ ਪੈਦਾ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੋਇਲਾ ਮਹਿੰਗਾ ਹੋਣ ਨਾਲ ਭੱਠਾ ਉਦਯੋਗ ਦੇ ਬੰਦ ਹੋਣ ਦਾ ਖਤਰਾ ਬਣ ਗਿਆ ਹੈ।
ਇੱਕ ਭੱਠਾ ਮਾਲਕ ਨੇ ਦੱਸਿਆ ਕਿ ਦਸੰਬਰ ਜਨਵਰੀ ਦੌਰਾਨ ਕੋਇਲੇ ਦਾ ਭਾਅ 10 ਹਜ਼ਾਰ ਰੁਪਏ 4 ਸੌ ਰੁਪਏ ਪ੍ਰਤੀ ਟਨ ਤੱਕ ਸੀ ਜੋ 26 ਫਰਵਰੀ ਤੱਕ 15 ਹਜਾਰ 4 ਸੌ ਰੁਪਏ ਪ੍ਰਤੀ ਟਨ ਤੱਕ ਚਲਾ ਗਿਆ ਸੀ। ਉਨ੍ਹਾਂ ਦੱਸਿਆ ਕਿ ਭੱਠਾ ਮਾਲਕ ਤਾਂ 15-20 ਦਿਨਾਂ ਦੌਰਾਨ ਪਈ 5 ਹਜ਼ਾਰ ਦੀ ਸੱਟ ਤੋਂ ਹੀ ਨਹੀਂ ਸੰਭਲ ਸਕੇ ਸਨ ਕਿ ਹੁਣ ਇਹ ਕੀਮਤ ਸਾਢੇ 3 ਹਜ਼ਾਰ ਰੁਪਏ ਪ੍ਰਤੀ ਟਨ ਹੋਰ ਵਧਕੇ 18 ਹਜ਼ਾਰ 500 ਰੁਪਏ ਤੱਕ ਪੁੱਜ ਗਈ ਹੈ। ਉਨ੍ਹਾਂ ਦੱਸਿਆ ਕਿ ਵੱਡੀ ਗੱਲ ਇਹ ਹੈ ਕਿ ਪਹਿਲਾਂ 10 ਹਜ਼ਾਰ ਤੇ ਜੀਐਸਟੀ ਲੱਗਦਾ ਸੀ ਜੋ ਹੁਣ ਸਾਢੇ 18 ਹਜ਼ਾਰ ’ਤੇ ਲੱਗਣ ਲੱਗਿਆ ਹੈ ਜਿਸ ਕਰਕੇ ਕੀਮਤਾਂ ’ਚ ਵਾਧਾ 250 ਪ੍ਰਤੀਸ਼ਤ ਤੱਕ ਚਲਾ ਗਿਆ ਹੈ। ਇੱਟਾਂ ਦੇ ਇੱਕ ਕਾਰੋਬਾਰੀ ਨੇ ਦੱਸਿਆ ਕਿ ਚਿੰਤਾ ਦੀ ਗੱਲ ਇਹ ਵੀ ਹੈ ਕਿ ਕੋਇਲਾ ਲੈਣ ਲਈ ਅਦਾਇਗੀ ਅਗਾਊਂ ਕਰਨੀ ਪੈਂਦੀ ਹੈੇ।
ਉਨ੍ਹਾਂ ਦੱਸਿਆ ਕਿ ਇਸ ਦੇ ਬਾਵਜੂਦ ਕੋਇਲਾ ਵਪਾਰੀ ਕੀਮਤ ਦੀ ਕੋਈ ਗਰੰਟੀ ਨਹੀਂ ਦਿੰਦੇ ਜਿਸ ਦਾ ਮਤਲਬ ਇਹ ਉਨ੍ਹਾਂ ਦੀ ਮਰਜੀ ’ਤੇ ਨਿਰਭਰ ਹੈ ਕਿ ਉਹ ਸਪਲਾਈ ਵੇਲੇ ਕੀ ਭਾਅ ਲਾਉਂਦੇ ਹਨ। ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਕੋਇਲੇ ਦੇ ਭਾਅ ਵਧਣ ਕਾਰਨ ਉਨ੍ਹਾਂ ਦਾ ਖਰਚਾ ਤੱਕ ਨਹੀਂ ਨਿਕਲ ਰਿਹਾ ਹੈ ਕਮਾਈ ਹੋਣੀ ਤਾਂ ਦੂਰ ਦੀ ਗੱਲ ਹੈ। ਜਾਣਕਾਰੀ ਅਨੁਸਾਰ ਫਰਵਰੀ ਅੰਤ ਵਿੱਚ ਇੱਟ ਦੀ ਕੀਮਤ 6200 ਤੋਂ 6400 ਰੁਪਏ ਪ੍ਰਤੀ ਹਜ਼ਾਰ ਚੱਲ ਰਹੀ ਸੀ ਜੋਕਿ ਪਿਛਲੇ ਕੁੱਝ ਦਿਨਾਂ ਦੌਰਾਨ 7 ਸੌ ਤੋਂ 8 ਸੌ ਰੁਪਏ ਪ੍ਰਤੀ ਹਜ਼ਾਰ ਵਧ ਗਈ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਇਲੇ ਦੀ ਕੀਮਤ ’ਚ ਬੇਲਗਾਮ ਵਾਧਾ ਲਗਾਤਾਰ ਜਾਰੀ ਰਹਿੰਦਾ ਹੈ ਤਾਂ ਅਜਿਹੇ ਹਾਲਾਤਾਂ ਦਰਮਿਆਨ ਇੱਟਾਂ ਦਾ ਭਾਅ ਹੋਰ ਵੀ ਜਿਆਦਾ ਵਧਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਵਾਧਾ ਅਪ੍ਰੈਲ ਮਈ ਦੌਰਾਨ ਹੋ ਸਕਦਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਭਰ ’ਚ ਭੱਠਿਆਂ ਦੀ ਗਿਣਤੀ ਤਿੰਨ ਤੋਂ ਸਾਢੇ ਤਿੰਨ ਹਜ਼ਾਰ ਦੇ ਕਰੀਬ ਹੈ। ਇਕੱਲੇ ਬਠਿੰਡਾ ਜਿਲ੍ਹੇ ਦੀ ਗੱਲ ਕਰੀਏ ਤਾਂ ਇਹ ਅੰਕੜਾ 150 ਦੇ ਲੱਗਭਗ ਬਣਦਾ ਹੈ। ਇੱਕ ਭੱਠੇ ’ਚ ਰੋਜਾਨਾ ਔਸਤਨ 30 ਤੋਂ 35 ਹਜ਼ਾਰ ਇੱਟਾਂ ਤਿਆਰ ਕੀਤੀਆਂ ਜਾਂਦੀਆਂ ਹਨ। ਵਿਸ਼ੇਸ਼ ਤੱਥ ਇਹ ਹੈ ਕਿ ਜੇਕਰ ਭੱਠਾ ਉਦਯੋਗ ਚੋਂ ਮਾਲਕਾਂ ਦੀ ਕਮਾਈ ਨੂੰ ਮਨਫੀ ਵੀ ਕਰ ਦੇਈਏ ਤਾਂ ਭੱਠਿਆਂ ਦੇ ਸਿਰ ’ਤੇ ਸਿੱਧੇ ਜਾਂ ਅਸਿੱਧੇ ਰੂਪ ’ਚ ਹਜ਼ਾਰਾਂ ਦੀ ਗਿਣਤੀ ’ਚ ਪ੍ਰੀਵਾਰਾਂ ਦੀ ਰੋਜੀ ਰੋਟੀ ਚੱਲਦੀ ਹੈ। ਸੰਗਤ ਮੰਡੀ ਦੇ ਭੱਠਾ ਮਜ਼ਦੂਰ ਗੁਰਲਾਲ ਸਿੰਘ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਨੇ ਭੱਠਾ ਸਨਅਤ ਦੀ ਹੋਂਦ ਨੂੰ ਬਚਾਉਣ ਲਈ ਤੁਰੰਤ ਕੋਈ ਯਤਨ ਨਾਂ ਕੀਤੇ ਤਾਂ ਉਨ੍ਹਾਂ ਦੇ ਰੁਜ਼ਗਾਰ ’ਤੇ ਸੰਕਟ ਬਣ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਭੱਠਾ ਉਦਯੋਗ ਨੂੰ ਬਚਾਉਣ ਲਈ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।
ਭੱਠੇ ਬੰਦ ਹੋਣ ਦਾ ਖਤਰਾ
ਭੱਠਾ ਮਾਲਕ ਆਖਦੇ ਹਨ ਕਿ ਜੇਕਰ ਕੋਇਲੇ ਦੀਆਂ ਕੀਮਤਾਂ ਇਸੇ ਰਫਤਾਰ ਨਾਲ ਵਧਦੀਆਂ ਰਹੀਆਂ ਤਾਂ ਪੰਜਾਬ ’ਚ ਜਿਆਦਾਤਰ ਭੱਠਿਆਂ ਨੂੰ ਬੰਦ ਕਰਨਾ ਪੈਣਾ ਹੈ ਜਿਸ ਦੇ ਸਿੱਧੇ ਅਸਰ ਕਾਰਨ ਭੱਠਾ ਮੁਲਾਜਮਾਂ ਅਤੇ ਮਜ਼ਦੂਰ ਬੇਰੁਜ਼ਗਾਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕੋਇਲੇ ਦੀਆਂ ਕੀਮਤਾਂ ਘਟਾਉਣ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਭੱਠਾ ਉਦਯੋਗ ਮੁੜ ਤੋਂ ਪੈਰਾਂ ਸਿਰ ਹੋ ਸਕੇ।
ਕੋਇਲਾ ਮਾਫੀਆ ਨੂੰ ਨੱਥ ਜਰੂਰੀ
ਬਠਿੰਡਾ ਬ੍ਰਿਕਸ ਐਸੋਸੀਏਸ਼ਨ ਦੇ ਜਨ ਸੰਪਰਕ ਅਧਿਕਾਰੀ ਰਜਿੰਦਰ ਰਾਜੂ ਦਾ ਕਹਿਣਾ ਸੀ ਕਿ ਇੱਟਾਂ ਦੀ ਕੀਮਤ ਵਧਣ ਕਾਰਨ ਨਾਂ ਕੇਵਲ ਮੰਗ ’ਚ ਭਾਰੀ ਕਟੌਤੀ ਹੋਈ ਹੈ ਬਲਕਿ ਮਕਾਨ ਬਨਾਉਣਾ ਵੀ ਮਹਿੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰਾਂ ਦੀ ਸਥਿਤੀ ਦੌਰਾਨ ਕੋਇਲਾ ਮਾਫੀਆ ਦੀ ਲਾਗਾਮ ਕਸਣੀ ਬੇਹੱਦ ਜਰੂਰੀ ਹੈ। ਉਨ੍ਹਾਂ ਕਿਹਾ ਕਿ ਕੋਇਲੇ ਦੀਆਂ ਕੀਮਤਾਂ ਨੂੰ ਕਾਬੂ ਹੇਠ ਲਿਆਉਣ ਲਈ ਫੌਰੀ ਕਦਮ ਚੁੱਕਣ ਦੀ ਜਰੂਰਤ ਹੈ ਨਹੀਂ ਤਾਂ ਇੱਟ ਦੇ ਭਾਅ ਹੋਰ ਵੀ ਵਧ ਸਕਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕੋਇਲਾ ਮਾਫੀਆ ’ਤੇ ਕਾਬੂ ਪਾਉਣ ਲਈ ਫੌਰੀ ਤੌਰ ’ਤੇ ਦਖਲ ਦੇਣਾ ਚਾਹੀਦਾ ਹੈ।
Click to Follow Babushahi Facebook Page →
-
- LinkedIn
- Whatsapp
- Send Email
- Print
← ਪਿਛੇ ਪਰਤੋ
No of visitors Babushahi.com
© Copyright All Rights Reserved to Babushahi.com