Political Special ਸ਼੍ਰੋਮਣੀ ਅਕਾਲੀ ਦਲ ਦੀ ਭਾਈ ਰੂਪਾ ਰੈਲੀ ਤੋਲੇਗੀ ਮਲੂਕਾ ਦੀ ਝੋਲੀ ਵਿਚਲੇ ਸਿਆਸੀ ਦਾਣੇ
ਅਸ਼ੋਕ ਵਰਮਾ
ਬਠਿੰਡਾ , 24 ਫਰਵਰੀ 2026: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 28 ਫਰਵਰੀ ਨੂੰ ਵਿਧਾਨ ਸਭਾ ਹਲਕਾ ਰਾਮਪੁਰਾ ਦੇ ਭਾਈ ਰੂਪਾ ’ਚ ਕੀਤੀ ਜਾਣ ਵਾਲੀ ਪੰਜਾਬ ਬਚਾਓ ਰੈਲੀ ਨੂੰ ਸਫਲ ਬਨਾਉਣ ਲਈ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਆਪਣੀ ਸਮੁੱਚੀ ਤਾਕਤ ਝੋਕ ਦਿੱਤੀ ਹੈ। ਹਾਲ ਹੀ ਵਿੱਚ ਜਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਦੌਰਾਨ ਪਾਰਟੀ ਦਾ ਝੰਡਾ ਬੁਲੰਦ ਕਰਨ ਤੋਂ ਬਾਅਦ ਭਾਜਪਾ ’ਚ ਸ਼ਾਮਲ ਹੋਏ ਆਪਣੇ ਨੂੰੰਹ ਪੁੱਤ ਦੀ ਗੈਰਮੌਜੂਦਗੀ ’ਚ ਇਹ ਪਹਿਲਾ ਵੱਡਾ ਸਿਆਸੀ ਪ੍ਰੋਗਰਾਮ ਹੈ ਜੋ ਦੱਸੇਗਾ ਕਿ ਮਲੂਕਾ ਦੀ ਹਲਕੇ ’ਤੇ ਕਿੰਨੀਂ ਪਕੜ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਰੈਲੀ ਕਾਫੀ ਹੱਦ ਤੱਕ ਇਹ ਵੀ ਤੈਅ ਕਰੇਗੀ ਕਿ ਪ੍ਰਧਾਨ ਸੁਖਬੀਰ ਬਾਦਲ ਨਾਲ ਰੋਸੇ ਅਤੇ ਮੰਨ ਮਨੌਤੀਆਂ ਦਰਮਿਆਨ ਕੀ ਮਲੂਕਾ ਵਿਧਾਨ ਸਭਾ ਹਲਕਾ ਰਾਮਪੁਰਾ ਦੇ ਅਗਲੇ ‘ਸਿਕੰਦਰ ’ ਹੋਣਗੇ ਜਾਂ ਫਿਰ ਕੋਈ ਹੋਰ ਧਿਰ ਇਸ ਹਲਕੇ ’ਤੇ ਕਬਜਾ ਕਰਦੀ ਹੈ।
ਇਹੋ ਕਾਰਨ ਹੈ ਕਿ ਮਲੂਕਾ ਨੇ ਭਾਈ ਰੂਪਾ ਰੈਲੀ ਨੂੰ ਸਫਲ ਬਨਾਉਣ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਰਾਮਪੁਰਾ ਹਲਕੇ ਦਾ ਸਿਆਸੀ ਤਾਪਮਾਨ ਮਾਪਣ ਲਈ ਰਤਾ ਪਿਛੋਕੜ ’ਚ ਚੱਲਦੇ ਹਾਂ ਜਦੋਂ ਪੰਜਾਬ ’ਚ ਕਾਲੇ ਦੌਰ ਦੀ ਸਮਾਪਤੀ ਤੋਂ ਬਾਅਦ 1997 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਤੱਤਕਾਲੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਲੜੀਆਂ ਚੋਣਾਂ ਮੌਕੇ ਸਿਕੰਦਰ ਸਿੰਘ ਮਲੂਕਾ ਨੇ ਹਲਕਾ ਰਾਮਪੁਰਾ ਤੋਂ ਪਹਿਲੀ ਵਾਰ ਚੋਣ ਲੜੀ ਅਤੇ ਕਾਂਗਰਸੀ ਉਮੀਦਵਾਰ ਹਰਬੰਸ ਸਿੰਘ ਸਿੱਧੂ ਨੂੰ 9 ਹਜ਼ਾਰ 484 ਵੋਟਾਂ ਨਾਲ ਮਾਤ ਦਿੱਤੀ ਸੀ। ਉਦੋਂ ਕਮਿਊਨਿਸਟ ਉਮੀਦਵਾਰ ਅਮਰੀਕ ਸਿੰਘ ਫੂਲ 21 ਹਜ਼ਾਰ 930 ਵੋਟਾਂ ਨਾਲ ਤੀਸਰੇ ਸਥਾਨ ਤੇ ਰਿਹਾ ਸੀ। ਇਸ ਮੌਕੇ ਸਿਕੰਦਰ ਸਿੰਘ ਮਲੂਕਾ ਨੂੰ ਅਕਾਲੀ ਭਾਜਪਾ ਗਠਜੋੜ ’ਚ ਪਹਿਲਾਂ ਰਾਜ ਮੰਤਰੀ ਤੇ ਮਗਰੋਂ ਤਰੱਕੀ ਦੇਕੇ ਕੈਬਨਿਟ ਮੰਤਰੀ ਬਣਾਇਆ ਗਿਆ ਜੋ ਉਨ੍ਹਾਂ ਦੀ ਸਿਆਸੀ ਕੱਦ ਨੂੰ ਵਧਾਉਣ ਵਾਲਾ ਸਾਬਤ ਹੋਇਆ।
ਜਦੋਂ 2002 ਦੀਆਂ ਵਿਧਾਨ ਸਭਾ ਚੋਣਾਂ ਆਈਆਂ ਤਾਂ ਉਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਸਰਕਾਰ ’ਚ ਮਲੂਕਾ ਦੀ ਤੂਤੀ ਬੋਲਣ ਲੱਗੀ ਸੀ। ਇਸ ਦੌਰਾਨ ਮਲੂਕਾ ਦੇ ਉਸ ਵਕਤ ਦੇ ਅਕਾਲੀ ਆਗੂ ਗੁਰਪ੍ਰੀਤ ਸਿੰਘ ਕਾਂਗੜ ਨਾਲ ਮੱਤਭੇਦ ਹੋ ਗਏ। ਇਸ ਮੌਕੇ ਹਲਕੇ ’ਚ ਅਜਿਹਾ ਮਹੌਲ ਬਣਿਆ ਕਿ ਮਲੂਕਾ ਦੇ ਨਾਲ ਤੁਰਨ ਵਾਲੇ ਕਾਂਗੜ ਨੇ ਅਜਾਦ ਤੌਰ ਤੇ ਝੰਡਾ ਚੁੱਕ ਲਿਆ। ਇਸ ਮੌਕੇ ਕਾਂਗੜ ਨੂੰ 40 ਹਜ਼ਾਰ 333 ਵੋਟਾਂ ਪਈਆਂ ਅਤੇ ਸਾਬਕਾ ਮੰਤਰੀ ਮਲੂਕਾ ਜਬਰਦਸਤ ਮੁਕਾਬਲਿਆਂ ਦੌਰਾਨ 37 ਹਜ਼ਾਰ 644 ਲੈ ਗਏ ਅਤੇ ਮਲੂਕਾ ਨੂੰ ਮਸਾਂ 2 ਹਜ਼ਾਰ 689 ਦੇ ਫਰਕ ਨਾਲ ਹਰਾਇਆ ਜਾ ਸਕਿਆ। ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਨ ਕਾਰਨ ਕਾਂਗੜ ਨੇ ਕਾਂਗਰਸ ’ਚ ਸ਼ਮੂਲੀਅਤ ਕਰ ਲਈ। ਇਸ ਦੌਰਾਨ ਸਖਤ ਮਿਹਨਤ ਦੇ ਬਾਵਜੂਦ 2007 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਡੇਰਾ ਸਿਰਸਾ ਵੱਲੋਂ ਕਾਂਗਰਸ ਨੂੰ ਹਮਾਇਤ ਦੇਣ ਕਾਰਨ ਮਲੂਕਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਦਿਲਚਸਪ ਗੱਲ ਇਹ ਹੈ ਕਿ ਮਲੂਕਾ ਉਦੋਂ 55 ਹਜ਼ਾਰ 25 ਵੋਟਾਂ ਲੈਣ ’ਚ ਸਫਲ ਰਹੇ ਜਦੋਂਕਿ ਕਾਂਗੜ 57 ਹਜ਼ਾਰ 284 ਨੂੰ ਵੋਟਾਂ ਪਈਆਂ ਜਿਸ ਕਰਕੇ 2 ਹਜ਼ਾਰ ਤੋਂ ਰਤਾ ਵੱਧ ਦੇ ਫਰਕ ਨਾਲ ਮਲੂਕਾ ਦੀ ਹਾਰ ਹੋਈ ਸੀ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਸਾਬਕਾ ਮੰਤਰੀ ਮਲੂਕਾ ਨੇ ਹਲਕਾ ਇੰਚਾਰਜ ਵਜੋਂ ਰਾਮਪੁਰਾ ਹਲਕੇ ਦੀ ਵਾਗਡੋਰ ਸੰਭਾਲੀ ਅਤੇ ਵਿਧਾਨ ਸਭਾ ਚੋਣਾਂ 2012 ਦੌਰਾਨ ਕਾਂਗੜ ਤੋਂ ਹਾਰ ਦਾ ਬਦਲਾ ਚੁਕਾ ਲਿਆ। ਇਸ ਮੌਕੇ ਮਲੂਕਾ ਨੂੰ 58 ਹਜ਼ਾਰ 141 ਵੋਟਾਂ ਪਈਆਂ ਜਦੋਂਕਿ ਕਾਂਗੜ 53 ਹਜ਼ਾਰ 5 ਵੋਟਾਂ ਲਿਜਾਕੇ 5 ਹਜ਼ਾਰ ਤੋਂ ਵੱਧ ਦੇ ਫਰਕ ਨਾਲ ਹਾਰ ਗਏ। ਲਗਾਤਾਰ 10 ਸਾਲ ਸਰਕਾਰ ਰਹਿਣ ਕਾਰਨ ਸੱਤਾ ਵਿਰੋਧੀ ਲਹਿਰ ਦੇ ਚੱਲਦਿਆਂ ਕਾਂਗੜ ਨੇ 2017 ਦੀਆਂ ਚੋਣਾਂ ਮੌਕੇ ਕਾਂਗੜ ਨੇ 55 ਹਜ਼ਾਰ 269 ਵੋਟਾਂ ਹਾਸਲ ਕਰਕੇ 44 ਹਜ਼ਾਰ 884 ਵੋਟਾਂ ਲਿਜਾਣ ਵਾਲੇ ਮਲੂਕਾ ਨੂੰ 10 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਦਿੱਤਾ।
ਉਦੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਬਿੱਟੀ ਵਾਸੀ ਸੇਲਬਰਾਹ ਨੂੰ 32 ਹਜ਼ਾਰ 693 ਵੋਟਾਂ ਪਈਆਂ । ਬਿੱਟੀ ਨੇ ਕਈ ਪਿੰਡਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਅਧਾਰ ਨੂੰ ਖੋਰਾ ਲਾਇਆ ਜੋ ਮਲੂਕਾ ਲਈ ਘਾਤਕ ਸਿੱਧ ਹੋਇਆ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਬੇਸ਼ੱਕ ਆਪ ਉਮੀਦਵਾਰ ਬਲਕਾਰ ਸਿੱਧੂ 56 ਹਜ਼ਾਰ 155 ਵੋਟਾਂ ਲੈਕੇ ਜਿੱਤ ਗਿਆ ਪਰ ਇਸ ਮੌਕੇ ਚੱਲੀ ਸਿਆਸੀ ਸੁਨਾਮੀ ਦੇ ਬਾਵਜੂਦ ਮਲੂਕਾ ਨੇ 45 ਹਜ਼ਾਰ 745 ਵੋਟਾਂ ਲਿਜਾਣ ’ਚ ਸਫਲਤਾ ਹਾਸਲ ਕਰ ਲਈ ਜਦੋਂਕਿ ਕਾਂਗਰਸੀ ਉਮੀਦਵਾਰ ਕਾਂਗੜ ਨੂੰ 28 ਹਜ਼ਾਰ 185 ਵੋਟਾਂ ਪਈਆਂ ਸਨ। ਹੁਣ ਚੋਣ ਨਤੀਜਿਆਂ ਦੀ ਪੁਣਛਾਣ ਕਰੀਏ ਤਾਂ ਸਾਹਮਣੇ ਆਉਂਦਾ ਹੈ ਕਿ ਝੱਖੜ ਝੋਲਿਆਂ ਦੌਰਾਨ ਮਲੂਕਾ ਆਪਣਾ ਅਤੇ ਪਾਰਟੀ ਦਾ ਅਧਾਰ ਬਰਕਾਰਾਰ ਰੱਖਣ ’ਚ ਸਫਲ ਰਹੇ ਹਨ। ਇਸ ਦੀ ਮਿਸਾਲ ਜਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਮੌਕੇ ਸ਼ੋਮਣੀ ਅਕਾਲੀ ਦਲ ਨੂੰ ਹਲਕਾ ਰਾਮਪੁਰਾ ’ਚ ਮਿਲੇ ਜਬਰਦਸਤ ਹੁੰਗਾਰੇ ਤੋਂ ਮਿਲਦੀ ਹੈ।
ਰੈਲੀ ’ਚ ਦਾਅਵਿਆਂ ਦੀ ਪਰਖ
ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਦਾਅਵਾ ਹੈ ਕਿ ਵੱਡੀ ਪੱਧਰ ’ਤੇ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ। ਸਿਆਸੀ ਹਲਕਿਆਂ ਦਾ ਕਹਿਣਾ ਹੈ ਇੰਨ੍ਹਾਂ ਦਾਅਵਿਆਂ ਦੀ ਪਰਖ 28 ਫਰਵਰੀ ਨੂੰ ਹੋਵੇਗੀ ਕਿ ਰਾਮਪੁਰਾ ਹਲਕੇ ’ਚ ਅਕਾਲੀਆਂ ਅਤੇ ਮਲੂਕਾ ਦੀ ਝੋਲੀ ’ਚ ਸਿਆਸੀ ਦਾਣੇ ਕਿੰਨੇ ਹਨ।
Click to Follow Babushahi Facebook Page →