ਹੁਣ ਅਣ-ਅਧਿਕਾਰਤ ਥਾਵਾਂ 'ਤੇ ਕੂੜਾ ਸੁੱਟਣ ਵਾਲਿਆਂ ਦੇ ਕੱਟੇ ਜਾਣਗੇ ਚਲਾਨ
ਅਣ ਅਧਿਕਾਰਤ ਥਾਵਾਂ ’ਤੇ ਕੂੜਾ ਸੁੱਟਣ ਵਾਲਿਆਂ ਦੇ ਕੱਟੇ ਜਾਣਗੇ ਚਲਾਨ; ਸੀ.ਸੀ.ਟੀ.ਵੀ. ਰਾਹੀਂ ਨਿਗਰਾਨੀ ਕੀਤੀ ਜਾਵੇਗੀ
-ਧੂਰੀ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਸ਼ਹਿਰ ਵਾਸੀ ਸਹਿਯੋਗ ਕਰਨ : ਐਸ.ਡੀ.ਐਮ.
ਧੂਰੀ, 19 ਫਰਵਰੀ:
ਉਪ ਮੰਡਲ ਮੈਜਿਸਟਰੇਟ ਧੂਰੀ ਰਿਸ਼ਭ ਬਾਂਸਲ ਵੱਲੋਂ ਅੱਜ ਧੂਰੀ ਸ਼ਹਿਰ ਵਿੱਚ ਸਫ਼ਾਈ ਪ੍ਰਬੰਧਾਂ ਦਾ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਬੱਸ ਅੱਡੇ ਸਮੇਤ ਵੱਖ-ਵੱਖ ਜਨਤਕ ਪਖਾਨਿਆਂ ਦੀ ਜਾਂਚ ਕੀਤੀ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਐਸ.ਡੀ.ਐਮ. ਨੇ ਹਦਾਇਤ ਕੀਤੀ ਕਿ ਜਨਤਕ ਪਖਾਨਿਆਂ ਦੀ ਸਫ਼ਾਈ ਅਤੇ ਰੱਖ-ਰਖਾਅ ਨੂੰ ਯਕੀਨੀ ਬਣਾਇਆ ਜਾਵੇ ਅਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਕੂੜਾ ਡੰਪ ਜਾਂ ਅਣ ਅਧਿਕਾਰਤ ਥਾਵਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਲਗਵਾ ਕੇ ਨਿਗਰਾਨੀ ਕੀਤੀ ਜਾਵੇਗੀ ਤਾਂ ਜੋ ਗ਼ਲਤ ਤਰੀਕੇ ਨਾਲ ਕੂੜਾ ਸੁੱਟਣ ਵਾਲਿਆਂ ਦੀ ਪਹਿਚਾਣ ਕੀਤੀ ਜਾ ਸਕੇ।
ਰਿਸ਼ਭ ਬਾਂਸਲ ਨੇ ਸਪਸ਼ਟ ਕੀਤਾ ਕਿ ਅਣ ਅਧਿਕਾਰਤ ਥਾਵਾਂ ’ਤੇ ਕੂੜਾ ਸੁੱਟਣ ਵਾਲਿਆਂ ਦੇ ਚਲਾਨ ਕੱਟੇ ਜਾਣਗੇ ਅਤੇ ਇਨ੍ਹਾਂ ਥਾਵਾਂ ’ਤੇ ਚੇਤਾਵਨੀ ਬੋਰਡ ਵੀ ਲਗਾਏ ਜਾਣਗੇ, ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।
ਇਸ ਮੌਕੇ ਐਸ.ਡੀ.ਐਮ. ਧੂਰੀ ਰਿਸ਼ਭ ਬਾਂਸਲ ਅਤੇ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਧੂਰੀ ਗੁਰਵਿੰਦਰ ਸਿੰਘ ਨੇ ਧੂਰੀ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਅਤੇ ਦੁਕਾਨਾਂ ਵਿੱਚ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਇਕੱਠਾ ਕਰਨ ਲਈ ਡਸਟਬੀਨ ਲਗਾਏ ਜਾਣ। ਨਗਰ ਕੌਂਸਲ ਦੇ ਵਾਹਨਾਂ ਵਿੱਚ ਕੂੜਾ ਪਾਉਂਦੇ ਸਮੇਂ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਦਿੱਤਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਸ਼ਹਿਰ ਅੰਦਰ ਕਿਸੇ ਵੀ ਖ਼ਾਲੀ ਪਲਾਟ, ਖ਼ਾਲੀ ਥਾਂ ਜਾਂ ਸੜਕਾਂ ਦੇ ਆਲ਼ੇ-ਦੁਆਲੇ ਕੂੜਾ ਨਾ ਸੁੱਟਿਆ ਜਾਵੇ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਨਗਰ ਕੌਂਸਲ ਦਾ ਸਹਿਯੋਗ ਕੀਤਾ ਜਾਵੇ। ਜੇਕਰ ਕੂੜੇ ਸਬੰਧੀ ਕੋਈ ਵੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਤੁਰੰਤ ਨਗਰ ਕੌਂਸਲ ਨਾਲ ਸੰਪਰਕ ਕੀਤਾ ਜਾਵੇ।