ਮੁੱਖ ਮੰਤਰੀ ਸਿਹਤ ਯੋਜਨਾ ਲਈ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਖੋਲ੍ਹੇ ਦੋ ਸੀਐਸਸੀ ਸੈਂਟਰ
ਅਸ਼ੋਕ ਵਰਮਾ
ਬਠਿੰਡਾ, 29 ਜਨਵਰੀ 2026 : ਪੰਜਾਬ ਸਰਕਾਰ ਵੱਲੋਂ ਸ਼ੂਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ਅੱਜ ਬਠਿੰਡਾ ਵਿੱਚ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਜਿਸ ਤਹਿਤ ਅੱਜ ਬਠਿੰਡਾ ਦੇ ਪਰਸਰਾਮ ਨਗਰ ਅਤੇ ਖੇਤਾ ਸਿੰਘ ਬਸਤੀ ਵਿੱਚ ਦੋ ਸੀਐਸਸੀ ਸੈਂਟਰ ਖੋਲ੍ਹੇ ਗਏ ਹਨ। ਯੋਜਨਾ ਦੀ ਸ਼ੁਰੂਆਤ ਕਰਦਿਆਂ ਮੇਅਰ ਸ੍ਰੀ ਮਹਿਤਾ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਆਪ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਯੋਜਨਾ ਤਹਿਤ ਪੰਜਾਬੀਆਂ ਨੂੰ 10 ਲੱਖ ਰੁਪਏ ਤੱਕ ਦਾ ਪੂਰੀ ਤਰ੍ਹਾਂ ਮੁਫ਼ਤ ਇਲਾਜ ਮਿਲੇਗਾ।
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੇਅਰ ਸ੍ਰੀ ਮਹਿਤਾ ਨੇ ਦੱਸਿਆ ਕਿ ਸ਼ਹਿਰ ਦੇ ਹਰ ਵਾਰਡ ਵਿੱਚ ਜਲਦੀ ਹੀ ਸੀਐਸਸੀ ਸੈਂਟਰ ਸਥਾਪਤ ਕੀਤੇ ਜਾਣਗੇ, ਤਾਂ ਜੋ ਲੋਕਾਂ ਨੂੰ ਆਪਣੇ ਕਾਰਡ ਬਣਵਾਉਣ ਲਈ ਦੂਰ ਨਾ ਜਾਣਾ ਪਵੇ ਅਤੇ ਉਹ ਆਪਣੇ ਘਰਾਂ ਦੇ ਨੇੜੇ ਇਸ ਸਹੂਲਤ ਤੱਕ ਪਹੁੰਚ ਕਰ ਸਕਣ।
ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ ਇਹ ਸਕੀਮ "ਸਿਹਤਮੰਦ ਅਤੇ ਤੰਦਰੁਸਤ ਪੰਜਾਬ" ਵੱਲ ਇੱਕ ਇਤਿਹਾਸਕ ਕਦਮ ਹੈ। ਉਨ੍ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਪੰਜਾਬੀਆਂ ਦੇ ਬੇਟੇ ਬਣ ਕੇ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਸੀਐਸਸੀ ਸੈਂਟਰਾਂ 'ਤੇ ਸਿਹਤ ਕਾਰਡ ਮੁਫ਼ਤ ਬਣਾਏ ਜਾ ਰਹੇ ਹਨ। ਮੁੱਖ ਮੰਤਰੀ ਸਿਹਤ ਯੋਜਨਾ ਐਪ ਨੂੰ ਮਸ਼ੀਨਾਂ ਨਾਲ ਜੋੜਿਆ ਗਿਆ ਹੈ। ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਪ੍ਰਤੀ ਦਿਨ 40 ਪਰਿਵਾਰਾਂ ਨੂੰ ਨਿਯੁਕਤੀ ਸਲਿੱਪਾਂ ਜਾਰੀ ਕੀਤੀਆਂ ਜਾਣਗੀਆਂ।
ਉਨ੍ਹਾਂ ਉਦਾਹਰਣ ਵਜੋਂ ਦੱਸਿਆ ਕਿ ਜੇਕਰ ਕਿਸੇ ਪਰਿਵਾਰ ਦੇ ਚਾਰ ਮੈਂਬਰ ਹਨ, ਤਾਂ ਰੋਜ਼ਾਨਾ ਲਗਭਗ 160 ਮੈਂਬਰਾਂ ਨੂੰ ਕਵਰ ਕੀਤਾ ਜਾਵੇਗਾ। 10 ਲੱਖ ਰੁਪਏ ਦਾ ਇਹ ਸਿਹਤ ਕਾਰਡ ਪੂਰੇ ਪਰਿਵਾਰ ਲਈ ਵੈਧ ਹੋਵੇਗਾ। ਉਨ੍ਹਾਂ ਦੱਸਿਆ ਕਿ ਲਾਭਪਾਤਰੀ ਸਲਿੱਪ ਪ੍ਰਾਪਤ ਕਰਨ ਤੋਂ 10 ਤੋਂ 15 ਦਿਨਾਂ ਬਾਅਦ ਸੀਐਸਸੀ ਸੈਂਟਰ ਤੋਂ ਆਪਣੇ ਕਾਰਡ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸੀਐਸਸੀ ਸੈਂਟਰ 'ਤੇ ਸਲਿੱਪ ਪ੍ਰਾਪਤ ਕਰਨ ਲਈ ਸਾਰੇ ਪਰਿਵਾਰਕ ਮੈਂਬਰਾਂ ਦੇ ਆਧਾਰ ਕਾਰਡ ਅਤੇ ਵੋਟਰ ਆਈਡੀ ਕਾਰਡ ਲਾਜ਼ਮੀ ਹਨ।
ਮੇਅਰ ਨੇ ਦੱਸਿਆ ਕਿ ਇਹ ਸਕੀਮ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਬਠਿੰਡਾ ਦੇ 95 ਨਿੱਜੀ ਹਸਪਤਾਲਾਂ ਨੂੰ ਕਵਰ ਕਰਦੀ ਹੈ। ਇਸ ਤੋਂ ਇਲਾਵਾ, ਆਯੁਸ਼ਮਾਨ ਕਾਰਡਾਂ ਨੂੰ ਅੱਪਡੇਟ ਕੀਤਾ ਜਾਵੇਗਾ ਅਤੇ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇਗਾ।
ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਬਠਿੰਡਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਸੀਐਸਸੀ ਸੈਂਟਰ 'ਤੇ ਜਾ ਕੇ ਅਪਾਇੰਟਮੈਂਟ ਸਲਿੱਪ ਪ੍ਰਾਪਤ ਕਰਨ ਅਤੇ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ, ਤਾਂ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ "ਸਿਹਤਮੰਦ ਪੰਜਾਬ" ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ।
ਇਸ ਦੌਰਾਨ ਉਨ੍ਹਾਂ ਨਾਲ ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਲਾਲ ਜੈਨ, ਚੇਅਰਮੈਨ ਮਾਰਕੀਟ ਕਮੇਟੀ ਬਠਿੰਡਾ ਸ੍ਰੀ ਬਲਜੀਤ ਸਿੰਘ ਬੱਲੀ, ਚੇਅਰਮੈਨ ਜੰਗਲਾਤ ਵਿਭਾਗ ਸ੍ਰੀ ਰਾਕੇਸ਼ ਪੁਰੀ, ਕੌਂਸਲਰ ਸ੍ਰੀ ਰਤਨ ਰਾਹੀ, ਸ੍ਰੀ ਸਾਧੂ ਸਿੰਘ, ਸ਼੍ਰੀ ਬਲਵਿੰਦਰ ਸਿੰਘ ਬਿੰਦਰ, ਸ੍ਰੀ ਸੋਨੀ ਪ੍ਰਧਾਨ, ਸ਼੍ਰੀ ਪੰਕਜ ਸ਼ਰਮਾ, ਸ੍ਰੀ ਅਸ਼ਵਨੀ ਬੰਟੀ, ਸ੍ਰੀ ਜਸਵਿੰਦਰ ਬਰਾੜ, ਸ੍ਰੀ ਸੰਦੀਪ ਮਾਹਲ ਅਤੇ ਕੋਆਰਡੀਨੇਟਰ ਮੈਡਮ ਅਲਕਾ ਹਾਂਡਾ ਸਮੇਤ ਵੱਡੀ ਗਿਣਤੀ ਵਿੱਚ ਲਾਭਪਾਤਰੀ ਇਸ ਸਮਾਗਮ ਵਿੱਚ ਮੌਜੂਦ ਸਨ।