17 ਕਿਲੋਮੀਟਰ ਨਹਿਰੀ ਖਾਲਿਆਂ ਨੂੰ ਪੱਕਾ ਕਰਨ ਦਾ ਵਿਧਾਇਕ ਮਾਣੂਕੇ ਨੇ ਕੀਤਾ ਉਦਘਾਟਨ
ਜਗਰਾਓਂ,28 ਜਨਵਰੀ (ਦੀਪਕ ਜੈਨ)
ਹਲਕਾ ਜਗਰਾਉਂ ਦੇ ਕਿਸਾਨਾਂ ਲਈ ਇੱਕ ਬਹੁਤ ਹੀ ਖੁਸ਼ੀ ਵਾਲੀ ਖਬਰ ਸਾਂਝੀ ਕਰਦਿਆਂ, ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਦੱਸਿਆ ਕਿ ਜਲ ਸਰੋਤ ਵਿਭਾਗ ਵੱਲੋਂ ਪਿੰਡ ਅਖਾੜਾ ਵਿਖੇ ਖਾਲਾਂ ਦੀ ਕਾਇਆ-ਕਲਪ ਕਰਨ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਜੈਕਟ ਨਾਲ ਪਿਛਲੇ ਲੰਬੇ ਸਮੇਂ ਤੋਂ ਨਹਿਰੀ ਪਾਣੀ ਤੋਂ ਵਾਂਝੇ ਰਕਬੇ ਨੂੰ ਮੁੜ ਸਿੰਚਾਈ ਹੇਠ ਲਿਆਂਦਾ ਜਾਵੇਗਾ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਦੱਸਿਆ ਕਿ ਮੋਘਾ ਬੁਰਜੀ ਨੰ. 3110/ਖੱਬਾ ਅਤੇ 9370/ਖੱਬਾ ਆਫ ਅਖਾੜਾ ਡਿਸਟੀ (ਪਿੰਡ ਅਖਾੜਾ) ਵਿਖੇ ਖਾਲ ਬਣਾਉਣ ਦਾ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਾਲਾਂ ਨੂੰ ਪੱਕਾ ਕਰਨ ਲਈ ਸਰਕਾਰ ਵੱਲੋਂ ਲਗਭਗ 345.0 ਲੱਖ ਰੁਪਏ (3.45 ਕਰੋੜ) ਦੀ ਰਾਸ਼ੀ ਖਰਚ ਕੀਤੀ ਜਾਵੇਗੀ ਅਤੇ ਇਨ੍ਹਾਂ ਖਾਲਾਂ ਦੀ ਕੁੱਲ ਲੰਬਾਈ 17.0 ਕਿਲੋਮੀਟਰ ਹੋਵੇਗੀ।