ਵਿਸ਼ਵ ਜੇਤੂ ਦਾ ਸ਼ਾਹੀ ਸਵਾਗਤ: ਚਿਤਕਾਰਾ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਅੰਡਰ-19 ਉਪ-ਕਪਤਾਨ ਵਿਹਾਨ ਮਲਹੋਤਰਾ ਦਾ ਕੈਂਪਸ ਪਹੁੰਚਣ 'ਤੇ ਨਿੱਘਾ ਅਭਿਨੰਦਨ
ਭਾਰਤ ਦੀ ਰਿਕਾਰਡ 6ਵੀਂ ਵਿਸ਼ਵ ਕੱਪ ਜਿੱਤ ਦਾ ਹਿੱਸਾ ਰਹੇ ਵਿਹਾਨ ਨੂੰ ਡਾ. ਮਧੁ ਚਿਤਕਾਰਾ ਵੱਲੋਂ 2 ਲੱਖ ਰੁਪਏ ਦੇ ਇਨਾਮ ਨਾਲ ਕੀਤਾ ਗਿਆ ਸਨਮਾਨਿਤ
ਰਾਜਪੁਰਾ/ਚੰਡੀਗੜ੍ਹ: 19 ਫਰਵਰੀ 2026: ਅੰਡਰ-19 ਕ੍ਰਿਕਟ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਟੀਮ ਦੇ ਉਪ-ਕਪਤਾਨ ਵਿਹਾਨ ਮਲਹੋਤਰਾ ਦਾ ਅੱਜ ਚਿਤਕਾਰਾ ਯੂਨੀਵਰਸਿਟੀ ਕੈਂਪਸ ਪਹੁੰਚਣ 'ਤੇ ਬੇਮਿਸਾਲ ਅਤੇ ਜੋਸ਼ੀਲਾ ਸਵਾਗਤ ਕੀਤਾ ਗਿਆ। ਯੂਨੀਵਰਸਿਟੀ ਦੇ ਬੀਬੀਏ (BBA) ਪਹਿਲੇ ਸਾਲ ਦੇ ਵਿਦਿਆਰਥੀ ਵਿਹਾਨ ਨੇ ਇੰਗਲੈਂਡ ਵਿਰੁੱਧ ਫਾਈਨਲ ਵਿੱਚ ਸ਼ਾਨਦਾਰ ਜਿੱਤ ਦਰਜ ਕਰਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।
ਜਿਵੇਂ ਹੀ ਵਿਹਾਨ ਮਲਹੋਤਰਾ ਕੈਂਪਸ ਵਿੱਚ ਦਾਖਲ ਹੋਏ, ਪੂਰਾ ਮਾਹੌਲ ਤਾਲੀਆਂ ਦੀ ਗੂੰਜ ਅਤੇ 'ਭਾਰਤ ਮਾਤਾ ਦੀ ਜੈ' ਦੇ ਨਾਅਰਿਆਂ ਨਾਲ ਭਰ ਗਿਆ। ਵਿਦਿਆਰਥੀਆਂ ਅਤੇ ਸਟਾਫ ਨੇ ਫੁੱਲਾਂ ਦੀ ਵਰਖਾ ਕਰਕੇ ਆਪਣੇ ਸਿਤਾਰੇ ਦਾ ਸਵਾਗਤ ਕੀਤਾ। ਵਿਹਾਨ ਨੇ ਟੂਰਨਾਮੈਂਟ ਦੌਰਾਨ ਨਾ ਸਿਰਫ਼ ਆਪਣੀ ਬੱਲੇਬਾਜ਼ੀ ਬਲਕਿ ਸ਼ਾਨਦਾਰ ਲੀਡਰਸ਼ਿਪ ਨਾਲ ਸਭ ਦਾ ਦਿਲ ਜਿੱਤ ਲਿਆ।
ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਡਾ. ਮਧੁ ਚਿਤਕਾਰਾ ਨੇ ਵਿਹਾਨ ਨੂੰ ਉਸ ਦੀ ਅਦੁੱਤੀ ਪ੍ਰਾਪਤੀ ਲਈ ₹2 ਲੱਖ ਦਾ ਚੈੱਕ ਭੇਟ ਕੀਤਾ। ਡਾ. ਮਧੁ ਚਿਤਕਾਰਾ ਨੇ ਕਿਹਾ ਕਿ "ਵਿਹਾਨ ਦੀ ਸਫਲਤਾ ਅਨੁਸ਼ਾਸਨ ਅਤੇ ਦ੍ਰਿੜਤਾ ਦੀ ਮਿਸਾਲ ਹੈ। ਉਹ ਨਵੇਂ ਭਾਰਤ ਦਾ ਚਿਹਰਾ ਹੈ ਜੋ ਨਿਡਰ ਹੈ। ਸਾਨੂੰ ਮਾਣ ਹੈ ਕਿ ਵਿਸ਼ਵ ਪੱਧਰ 'ਤੇ ਦੇਸ਼ ਦਾ ਨਾਂ ਚਮਕਾਉਣ ਵਾਲਾ ਖਿਡਾਰੀ ਸਾਡੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ।"
ਆਪਣੇ ਅਨੁਭਵ ਸਾਂਝੇ ਕਰਦਿਆਂ ਵਿਹਾਨ ਨੇ ਕਿਹਾ, "ਵਿਸ਼ਵ ਕੱਪ ਜਿੱਤਣਾ ਇੱਕ ਸੁਪਨਾ ਸੀ, ਪਰ ਆਪਣੇ ਕੈਂਪਸ ਵਾਪਸ ਆ ਕੇ ਮਿਲਿਆ ਪਿਆਰ ਬਹੁਤ ਹੀ ਖ਼ਾਸ ਹੈ। ਪੜ੍ਹਾਈ ਅਤੇ ਕ੍ਰਿਕਟ ਦੇ ਵਿਚਕਾਰ ਤਾਲਮੇਲ ਬਣਾਉਣ ਵਿੱਚ ਮੇਰੇ ਪ੍ਰੋਫੈਸਰਾਂ ਅਤੇ ਯੂਨੀਵਰਸਿਟੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਇਹ ਸਨਮਾਨ ਮੈਨੂੰ ਭਵਿੱਖ ਵਿੱਚ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕਰੇਗਾ।"
ਜਾਣਕਾਰੀ ਅਨੁਸਾਰ, ਭਾਰਤ ਨੇ ਰਿਕਾਰਡ 6ਵੀਂ ਵਾਰ ਅੰਡਰ-19 ਵਿਸ਼ਵ ਕੱਪ ਜਿੱਤਿਆ। ਵਿਹਾਨ ਮਲਹੋਤਰਾ ਟੀਮ ਦੇ ਉਪ-ਕਪਤਾਨ ਵਜੋਂ ਅਹਿਮ ਭੂਮਿਕਾ ਵਿੱਚ ਸਨ। ਚਿਤਕਾਰਾ ਯੂਨੀਵਰਸਿਟੀ ਦੇ ਪਹਿਲੇ ਵਿਦਿਆਰਥੀ ਬਣੇ ਜਿਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਟਰਾਫੀ ਚੁੱਕੀ।