DC ਆਦਿੱਤਿਆ ਉੱਪਲ ਵਲੋਂ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਨਾਲ ਸਬੰਧਤ ਮੁਸ਼ਕਿਲਾਂ ਸਬੰਧੀ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ
ਵੱਖ-ਵੱਖ ਵਿਭਾਗਾਂ ਵਲੋਂ ਟਰੇਡਰਜ਼ ਕਮਿਸ਼ਨ ਨਾਲ ਸਬੰਧਤ ਮੁਸ਼ਕਿਲਾਂ ਦਾ ਕੀਤਾ ਗਿਆ ਨਿਪਟਾਰਾ
ਰੋਹਿਤ ਗੁਪਤਾ
ਗੁਰਦਾਸਪੁਰ, 24 ਜੂਨ ਆਦਿਤਿਆ ਉੱਪਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਟਰੇਡਰਜ਼ ਕਮਿਸ਼ਨ ਗੁਰਦਾਸਪੁਰ ਨਾਲ ਸਬੰਧਤ ਮੁਸ਼ਕਿਲਾਂ ਸਬੰਧੀ ਰੀਵੀਉ ਮੀਟਿੰਗ ਕਰਕੇ ਮੁਸ਼ਕਿਲਾਂ ਹੱਲ ਲਈ ਕੀਤੇ ਜਾ ਕੰਮਾਂ ਦੀ ਜਾਣਕਾਰੀ ਲਈ ਗਈ। ਇਸ ਮੌਕੇ ਆਬਜ਼ਰਵਰ ਟਰੇਡਰਜ਼ ਕਮਿਸ਼ਨ ਪੰਜਾਬ ਆਸ਼ੂਤੋਸ਼ ਦੱਤਾ, ਧਰਮਿੰਦਰ ਸ਼ੇਰੂ ਸਟੇਟ ਮੈਂਬਰ ਟਰੇਡਰਜ਼ ਕਮਿਸ਼ਨ ਪੰਜਾਬ, ਚਰਨਜੀਤ ਸਿੰਘ ਪਾਰੋਵਾਲ, ਜ਼ਿਲ੍ਹਾ ਇੰਚਾਰਜ ਟਰੇਡਰਜ਼ ਕਮਿਸ਼ਨ ਗੁਰਦਾਸਪੁਰ ਸਮੇਤ ਸਿਵਲ ਤੇ ਪੁਲਿਸ ਅਧਿਕਾਰੀ ਅਤੇ ਗੁਰਦਾਸਪੁਰ ਦੇ ਸਾਰੇ ਸੱਤਾਂ ਹਲਕਿਆਂ ਦੇ ਚੇਅਰਮੈਨਾਂ ਨੇ ਸ਼ਿਰਕਤ ਕੀਤੀ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਟਰੇਡਰਜ਼ ਕਮਿਸ਼ਨ ਨਾਲ ਸਬੰਧਤ ਮੁਸ਼ਕਿਲਾਂ ਸਬੰਧੀ ਵੱਖ ਵੱਖ ਵਿਭਾਗਾਂ ਵਲੋਂ ਕੀਤੇ ਗਏ ਕੰਮਾਂ ਅਤੇ ਜਿਨ੍ਹਾਂ ਮੁਸ਼ਕਿਲਾਂ ਦਾ ਨਿਪਟਾਰਾ ਅਜੇ ਤੱਕ ਨਹੀ ਕੀਤਾ ਗਿਆ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਲਈ ਗਈ।
ਮੀਟਿੰਗ ਦੌਰਾਨ ਅਧਿਕਾਰੀਆਂ ਦੱਸਿਆ ਕਿ ਟਰੇਡਰਸ ਕਮਿਸ਼ਨ ਨਾਲ ਸਬੰਧਤ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਜਿਵੇਂ ਕਿ ਮੰਡੀ ਸੰਗਲਪੂਰਾ ਰੋਡ ਗੁਰਦਾਸਪੁਰ ਉੱਪਰ ਪਾਣੀ ਦੀ ਨਿਕਾਸੀ ਦੀ ਸੱਮਸਿਆ ਸੀ, ਜੋ ਕਿ ਸੰਬੰਧਤ ਵਿਭਾਗ ਵਲੋਂ ਪਹਿਲ ਦੇ ਆਧਾਰ 'ਤੇ ਪਾਣੀ ਦੀ ਨਿਕਾਸੀ ਲਈ ਪੂਲੀ ਦੀ ਮੁਰੰਮਤ ਕਰਵਾ ਕੇ ਹੱਲ ਕੀਤੀ ਗਈ। ਇਸੇ ਤਰ੍ਹਾਂ ਹੀ ਮੇਹਰ ਚੰਦ ਰੋਡ ਗੁਰਦਾਸਪੁਰ ਵਿਖੇ ਗੰਦੇ ਨਾਲੇ ਦੇ ਬੰਦ ਹੋਣ ਸਬੰਧੀ ਸ਼ਿਕਾਇਤ ਸੀ, ਜੋ ਕਿ ਸੰਬੰਧਤ ਵਿਭਾਗ ਵਲੋਂ ਹੱਲ ਕਰ ਦਿੱਤੀ ਗਈ ਹੈ ।ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਵੱਖ ਵੱਖ ਹਲਕਿਆ ਨਾਲ ਸਬੰਧਤ ਮੁਸ਼ਕਿਲਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਗਿਆ ਹੈ ਅਤੇ ਬਾਕੀ ਰਹਿੰਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਦਾ ਕੰਮ ਪ੍ਕਿਰਿਆ ਅਧੀਨ ਹੈ ਅਤੇ ਇਹ ਮੁਸ਼ਕਿਲਾਂ ਦਾ ਜਲਦ ਹੱਲ ਕਰਵਾ ਦਿੱਤੀਆਂ ਜਾਣਗੀਆਂ।
ਮੀਟਿੰਗ ਵਿੱਚ ਜਿਲ੍ਹਾ ਟਰੇਡਰਜ਼ ਕਮਿਸ਼ਨ ਦੀਆਂ ਵੱਖ ਵੱਖ ਮੁਸ਼ਕਿਲਾਂ ਜਿਵੇਂ ਸੜਕ ਦੀ ਰਿਪੇਅਰ ਕਰਨ ਸਬੰਧੀ, ਗੰਦੇ ਪਾਣੀ ਦੀ ਨਿਕਾਸੀ ਸਬੰਧੀ, ਪਬਲਿਕ ਟਾਇਲਟਸ ਬਣਾਉਣ ਸਬੰਧੀ, ਸਫਾਈ ਸਬੰਧੀ, ਬਜਾਰਾਂ ਵਿੱਚ ਕੀਤੇ ਨਾਜਾਇਜ਼ ਕਬਜਿਆਂ ਸਬੰਧੀ, ਸਟਰੀਟ ਲਾਈਟਾਂ ਸਬੰਧੀ ਅਤੇ ਪੁਲਿਸ ਨਾਲ ਸਬੰਧਤ ਵੱਖ ਵੱਖ ਮੁਸ਼ਕਿਲਾਂ ਦੱਸੀਆਂ ਗਈਆਂ। ਜਿਨ੍ਹਾਂ ਦਾ ਸਬੰਧਤ ਅਧਿਕਾਰੀਆਂ ਵਲੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਵਪਾਰੀਆਂ ਨੂੰ ਹੋਰ ਸੁਚੱਜੇ ਢੰਗ ਨਾਲ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਕਿਹਾ।
ਇਸ ਮੌਕੇ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਗੁਰਦਾਸਪੁਰ ਦੇ ਜ਼ਿਲ੍ਹਾ ਇੰਚਾਰਜ ਚਰਨਜੀਤ ਸਿੰਘ ਪਾਰੋਵਾਲ ਨੇ ਦੱਸਿਆ ਕਿ ਵਪਾਰੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਸਰਕਾਰ ਦੇ ਪੋਰਟਲ ’ਤੇ ਸ਼ਿਕਾਇਤਾਂ ਦਰਜ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੇ ਹੱਲ ਦੀ ਨਿਗਰਾਨੀ ਵੀ ਕੀਤੀ ਜਾ ਰਹੀ ਹੈ, ਜਿਸ ਸਬੰਧੀ ਇਹ ਮੀਟਿੰਗ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਕੀਤੀ ਜਾਂਦੀ ਹੈ।
ਮੀਟਿੰਗ ਦੌਰਾਨ ਵਪਾਰੀਆਂ ਦੀ ਭਲਾਈ, ਜਨਤਕ ਸੇਵਾਵਾਂ ਅਤੇ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਸਬੰਧੀ ਮਸਲਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਵਪਾਰੀਆਂ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਗੰਭੀਰਤਾ ਨਾਲ ਸੁਣਿਆ ਗਿਆ ਅਤੇ ਸਬੰਧਤ ਅਧਿਕਾਰੀਆਂ ਨੇ ਉਨ੍ਹਾਂ ਦੇ ਜਲਦ ਨਿਪਟਾਰੇ ਦਾ ਭਰੋਸਾ ਦਿੱਤਾ।
ਇਸ ਮੌਕੇ ਕੁਲਦੀਪ ਚੰਦ ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ , ਜੁਗਰਾਜ ਸਿੰਘ ਐਸ ਪੀ ਗੁਰਦਾਸਪੁਰ, ਰਮਨਦੀਪ ਸਿੰਘ ਐਸ ਪੀ ਬਟਾਲਾ, ਕਿਰਪਾਲ ਸਿੰਘ ਚੇਅਰਮੈਨ ਵਪਾਰ ਕਮਿਸ਼ਨ ਹਲਕਾ ਬਟਾਲਾ, ਵਿਪਨ ਸੋਨੀ ਚੇਅਰਮੈਨ ਹਲਕਾ ਡੇਰਾ ਬਾਬਾ ਨਾਨਕ, ਚੇਅਰਮੈਨ ਰਾਜੀਵ ਸੈਣੀ ਹਲਕਾ ਦੀਨਾਨਗਰ, ਵਿਸ਼ਾਲ ਸਿੰਘ, ਰੁਪਿੰਦਰ ਸਿੰਘ ਰੋਮੀ ਚੇਅਰਮੈਨ ਸ਼੍ਰੀ ਹਰਗੋਬਿੰਦਪੁਰ ਸਾਹਿਬ, ਚੇਅਰਮੈਨ ਅਸ਼ਵਨੀ ਦੁੱਗਲ ਹਲਕਾ ਕਾਦੀਆਂ, ਚੇਅਰਮੈਨ ਗੁਰਪ੍ਰੀਤ ਸਿੰਘ ਹਲਕਾ ਫਤਹਿਗੜ੍ਹ ਚੂੜੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।