ਖੰਨਾ ਪੁਲਿਸ ਦਾ ਵੱਡਾ ਖੁਲਾਸਾ: ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ FIR ਦਰਜ; ਆਪਣੇ 'ਤੇ ਹੀ ਚਲਵਾਈ ਸੀ ਗੋਲੀ, ਸਾਥੀ ਗ੍ਰਿਫ਼ਤਾਰ
Ravinder Singh
ਖੰਨਾ 24 ਜੂਨ 2026- ਖੰਨਾ ਪੁਲਿਸ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਜਸਵੰਤ ਸਿੰਘ ਚੀਮਾ ਅਤੇ ਉਸਦੇ ਸਾਥੀ ਲਾਡੀ ਰਾਠੌਰ ਖ਼ਿਲਾਫ਼ ਰੰਗਦਾਰੀ, ਧੋਖਾਧੜੀ ਅਤੇ ਝੂਠੀ ਸ਼ਿਕਾਇਤ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਲਾਡੀ ਰਾਠੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਜਸਵੰਤ ਚੀਮਾ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਨਵਰੀ 2026 ਵਿੱਚ ਦੋਰਾਹਾ ਨੇੜੇ ਹੋਈ ਕਥਿਤ ਫਾਇਰਿੰਗ ਦੀ ਘਟਨਾ ਅਸਲ ਵਿੱਚ ਇੱਕ ਸੋਚੀ-ਸਮਝੀ ਸਾਜ਼ਿਸ਼ ਸੀ।
ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ 25 ਜਨਵਰੀ 2026 ਨੂੰ ਜਸਵੰਤ ਚੀਮਾ ਨੇ ਦੋਰਾਹਾ ਥਾਣੇ ਵਿੱਚ ਸ਼ਿਕਾਇਤ ਦਿੱਤੀ ਸੀ ਕਿ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਸਦੀ ਇਨੋਵਾ ਗੱਡੀ 'ਤੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਚਲਾਈ। ਉਸ ਨੇ ਜਲੰਧਰ ਦੇ ਦੋ ਵਿਅਕਤੀਆਂ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕਰਵਾਇਆ ਸੀ। ਪਰ ਜਾਂਚ ਦੌਰਾਨ ਨਾ ਤਾਂ ਮੌਕੇ ਤੋਂ ਕੋਈ ਖੋਲ ਬਰਾਮਦ ਹੋਇਆ ਅਤੇ ਨਾ ਹੀ ਕਿਸੇ ਗਵਾਹ ਨੇ ਫਾਇਰਿੰਗ ਦੀ ਪੁਸ਼ਟੀ ਕੀਤੀ।
ਸੀਸੀਟੀਵੀ ਫੁਟੇਜ, ਕਾਲ ਡਿਟੇਲਾਂ ਅਤੇ ਲੋਕੇਸ਼ਨ ਦੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਚੀਮਾ ਘਟਨਾ ਤੋਂ ਪਹਿਲਾਂ ਆਪਣੀ ਗੱਡੀ ਇੱਕ ਸੁੰਨਸਾਨ ਥਾਂ 'ਤੇ ਲੈ ਗਿਆ ਸੀ। ਅੱਗੇ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਲਾਡੀ ਰਾਠੌਰ ਦੇ ਲਾਇਸੈਂਸੀ 32 ਬੋਰ ਪਿਸਤੌਲ ਨਾਲ ਇਨੋਵਾ 'ਤੇ ਗੋਲੀ ਚਲਾਈ ਗਈ ਸੀ। ਪੁਲਿਸ ਨੇ ਉਸ ਕੋਲੋਂ ਪਿਸਤੌਲ, ਮੈਗਜ਼ੀਨ, ਇੱਕ ਜਿੰਦਾ ਰੌਂਦ ਅਤੇ ਖਾਲੀ ਖੋਲ ਬਰਾਮਦ ਕਰ ਲਿਆ ਹੈ।
ਪੁਲਿਸ ਮੁਤਾਬਕ ਇਹ ਸਾਰਾ ਡਰਾਮਾ ਜ਼ਮੀਨੀ ਸੌਦੇ ਵਿੱਚ ਕਰੋੜਾਂ ਰੁਪਏ ਹੜੱਪਣ ਅਤੇ ਪੈਸੇ ਵਾਪਸ ਮੰਗਣ ਵਾਲੇ ਲੋਕਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਲਈ ਰਚਿਆ ਗਿਆ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਸਾਲ 2018 ਵਿੱਚ ਵੀ ਇਸੇ ਤਰ੍ਹਾਂ ਦੀ ਫਾਇਰਿੰਗ ਦੀ ਕਹਾਣੀ ਬਣਾਕੇ ਇੱਕ ਝੂਠਾ ਕੇਸ ਦਰਜ ਕਰਵਾਇਆ ਗਿਆ ਸੀ। ਪੁਲਿਸ ਨੇ ਮਾਮਲੇ ਵਿੱਚ ਹੋਰ ਧਾਰਾਵਾਂ ਸ਼ਾਮਲ ਕਰਕੇ ਜਾਂਚ ਤੇਜ਼ ਕਰ ਦਿੱਤੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਜਤਾਈ ਹੈ।
- Download Babushahi App
-
-