ਬਠਿੰਡਾ ਪ੍ਰਸ਼ਾਸਨ ਨੇ ਸੰਭਾਵੀ ਹੜ੍ਹਾਂ ਨਾਲ ਨਜਿਠਣ ਲਈ ਆਰੰਭ ਕੀਤੀਆਂ ਤਿਆਰੀਆਂ
ਅਸ਼ੋਕ ਵਰਮਾ
ਬਠਿੰਡਾ, 5 ਜੂਨ 2026 : ਹੜ੍ਹਾਂ ਸਬੰਧੀ ਅਗਾਊਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਦੇ ਨਿਰਦੇਸ਼ਾਂ ਹੇਠ ਸਹਾਇਕ ਕਮਿਸ਼ਨਰ (ਜ) ਸ਼੍ਰੀ ਗੁਰਜਿੰਦਰ ਪਾਲ ਸਿੰਘ ਨੇ ਅੱਜ ਸਾਰੇ ਵਿਭਾਗਾਂ ਨਾਲ ਬੈਠਕ ਕੀਤੀ। ਉਨ੍ਹਾਂ ਦੱਸਿਆ ਕਿ ਜੇਕਰ ਹੜ੍ਹ ਵਰਗੇ ਹਾਲਾਤ ਬਣਦੇ ਹਨ ਤਾਂ ਉਸ ਸਥਿਤੀ 'ਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ, ਜਿਸ ਤਹਿਤ 0164-2862100, 7508018100, 9878421400 ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਬਿਜਲੀ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਪਾਣੀ ਭਰਨ ਦੀ ਸਥਿਤੀ ਚ ਬਿਜਲੀ ਸਪਲਾਈ ਅਤੇ ਬਿਜਲੀ ਦੀਆਂ ਤਾਰਾਂ ਦਾ ਖਾਸ ਖਿਆਲ ਰੱਖਣ ਤਾਂ ਜੋ ਕਿਸੇ ਵੀ ਕਿਸਮ ਦੇ ਕਰੰਟ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਵਾਰਦਾਤ ਨਾ ਵਾਪਰੇ ।
ਉਨ੍ਹਾਂ ਨਗਰ ਨਿਗਮ ਬਠਿੰਡਾ ਨੂੰ ਨਿਰਦੇਸ਼ ਦਿੱਤੇ ਕਿ ਮਾਨਸਾ ਰੋਡ ਅਤੇ ਪਰਸ ਰਾਮ ਨਗਰ ਨੂੰ ਜਾਂਦੇ ਰੇਲਵੇ ਅੰਡਰ ਬ੍ਰਿਜ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਨਗਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਲਈ ਕੁੱਲ ਅੱਠ ਪੰਪ ਲਗਾਏ ਗਏ ਹਨ । ਜੇਕਰ ਇਹ ਪੰਪ ਖ਼ਰਾਬ ਹੋ ਜਾਂਦੇ ਹਨ ਤਾਂ ਦੋ ਹੋਰ ਪੰਪ ਸੈੱਟ ਰੱਖੇ ਗਏ ਹਨ, ਜਿਨ੍ਹਾਂ ਨੂੰ ਲੋੜ ਪੈਣ ਤੇ ਇਕ ਥਾਂ ਤੋਂ ਦੂਜੇ ਥਾਂ ਲਿਜਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ 'ਚ ਸੀਵਰ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ, ਜਿਸ ਲਈ ਤਿੰਨ ਸੁਪਰ ਸੱਕਰ ਮਸ਼ੀਨਾਂ ਲਗਾਈਆਂ ਗਈਆਂ ਹਨ। ਇਸੇ ਤਰ੍ਹਾਂ ਸ਼ਹਿਰ ਚ 13 ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਜਿੱਥੇ ਪਾਣੀ ਭਰ ਜਾਂਦਾ ਹੈ ਅਤੇ ਇਨ੍ਹਾਂ ਇਲਾਕਿਆਂ ਚੋਂ ਪਾਣੀ ਦੀ ਨਿਕਾਸੀ ਲਈ ਵਿਸ਼ੇਸ਼ ਤੌਰ 'ਤੇ ਨਗਰ ਨਿਗਮ ਦਾ ਸਟਾਫ ਤਾਇਨਾਤ ਕੀਤਾ ਗਿਆ ਹੈ । ਇਨ੍ਹਾਂ ਥਾਵਾਂ 'ਚ ਪਾਵਰ ਹਾਊਸ ਰੋਡ, ਪਰਸ ਰਾਮ ਨਗਰ, ਸਿਰਕੀ ਬਾਜ਼ਾਰ ਅਤੇ ਹੋਰ ਇਲਾਕੇ ਸ਼ਾਮਲ ਹਨ।
ਸਹਾਇਕ ਕਮਿਸ਼ਨਰ (ਜ) ਨੇ ਨਿਰਦੇਸ਼ ਦਿੱਤੇ ਕਿ 15 ਜੂਨ ਤੋਂ ਪਹਿਲਾਂ-ਪਹਿਲਾਂ ਸ਼ਹਿਰ ਦੇ ਸੀਵਰ ਦੀ ਸਫਾਈ ਮੁਕੰਮਲ ਕਰ ਲਈ ਜਾਵੇ। ਨਾਲ ਹੀ ਉਨ੍ਹਾਂ ਕਿਹਾ ਹੀ ਪੰਪ ਮਸ਼ੀਨਾਂ 'ਤੇ ਤਾਇਨਾਤ ਕਰਮਚਾਰੀਆਂ ਦੀ ਡਿਊਟੀ ਕ੍ਰਮਵਾਰ ਲਗਾਈ ਜਾਵੇ ਅਤੇ ਤੁਰੰਤ ਪਾਣੀ ਦਾ ਹੱਲ ਕੱਢਣ ਸਬੰਧੀ ਨਿਰਦੇਸ਼ ਦਿੱਤੇ ਜਾਣ।
ਸਿੰਜਾਈ ਵਿਭਾਗ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿਚੋਂ 623 ਕਿਲੋ ਮੀਟਰ ਲੰਬੀਆਂ ਨਹਿਰਾਂ ਆਦਿ ਨਿਕਲਦੀਆਂ ਹਨ ਜਿਨ੍ਹਾਂ ਦੀ ਸਫਾਈ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਰਵਾ ਲਈ ਗਈ ਹੈ। ਨਾਲ ਹੀ 20000 ਗੱਟਿਆਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ, ਜਿਨ੍ਹਾਂ ਦੀ ਵਰਤੋਂ ਕਿਸੇ ਵੀ ਕਿਸਮ ਦੇ ਪਾੜ ਦੌਰਾਨ ਕੀਤੀ ਜਾ ਸਕਦੀ ਹੈ। ਪਸ਼ੂ ਪਾਲਣ ਵਿਭਾਗ ਨੇ ਦੱਸਿਆ ਕਿ ਜ਼ਿਲ੍ਹੇ 'ਚ ਟੀਮਾਂ ਬਣਾਈਆਂ ਗਈਆਂ ਹਨ ਜਿੰਨ੍ਹਾਂ ਵੱਲੋਂ ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਰੋਕਣ ਦੇ ਟੀਕੇ ਅਤੇ ਗੱਲ ਘੋਟੂ ਬਿਮਾਰੀ ਰੋਕਣ ਦੇ ਟੀਕੇ ਲਗਾਏ ਜਾ ਰਹੇ ਹਨ। ਮੰਡੀ ਬੋਰਡ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਤਰਪਾਲਾਂ ਅਤੇ ਲਾਈਟਾਂ ਦਾ ਪ੍ਰਬੰਧ ਕਰਕੇ ਰੱਖਣ ਤਾਂ ਜੋ ਲੋੜ ਅਨੁਸਾਰ ਇਸ ਨੂੰ ਆਮ ਜਨਤਾ ਨੂੰ ਵਰਤੋਂ ਲਈ ਦਿੱਤਾ ਜਾ ਸਕੇ । ਜ਼ਿਲ੍ਹਾ ਸਿੱਖਿਆ ਅਫਸਰ ਨੂੰ ਨਿਰਦੇਸ਼ ਦਿੱਤੇ ਕਿ ਹੜ੍ਹਾਂ ਦੀ ਸਥਿਤੀ 'ਚ ਉਨ੍ਹਾਂ ਹੇਠਾਂ ਪੈਂਦੇ ਸਕੂਲਾਂ ਨੂੰ ਰਿਲੀਫ਼ ਕੇਂਦਰ ਵੱਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ ਇਸ ਕਰਕੇ ਉਹ ਇਸ ਸਬੰਧੀ ਪ੍ਰਬੰਧ ਮੁਕੰਮਲ ਰੱਖਣ।
ਇਸ ਮੌਕੇ ਐੱਸ.ਪੀ. ਸ਼੍ਰੀ ਕਰਮਜੀਤ ਸਿੰਘ ਸੰਧਾਵਾਲੀਆ, ਜ਼ਿਲ੍ਹਾ ਖੇਡ ਅਫਸਰ ਸ਼੍ਰੀ ਰੁਪਿੰਦਰ ਪਾਲ ਸਿੰਘ ਅਤੇ ਹੋਰਨਾਂ ਵਿਭਾਗਾਂ ਦੇ ਮੁਖੀ ਆਦਿ ਹਾਜ਼ਰ ਸਨ ।