ਹੱਕ ਮੰਗਦੇ ਨੌਜਵਾਨਾਂ 'ਤੇ ਡਾਂਗਾਂ ਵਰ੍ਹਾਉਣਾ ਲੋਕਤੰਤਰ ਦਾ ਕਤਲ, ਪੰਜਾਬ ਸਰਕਾਰ ਤੁਰੰਤ ਅਪ੍ਰੈਂਟਿਸਸ਼ਿਪ ਬਹਾਲ ਕਰੇ : ਅਜੇਪਾਲ ਸਿੰਘ ਬਰਾੜ
ਪਟਿਆਲਾ 5 ਜੂਨ, 2026- ਮਿਸਲ ਸਤਲੁਜ ਜਥੇਬੰਦੀ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਆਪਣੀਆਂ ਜਾਇਜ਼ ਅਤੇ ਹੱਕੀ ਮੰਗਾਂ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ 2600 ਅਪ੍ਰੈਂਟਿਸਸ਼ਿਪ ਬੇਰੁਜ਼ਗਾਰ ਸਹਾਇਕ ਲਾਈਨਮੈਨਾਂ (ਏ.ਐਲ.ਐਮ.) ਉੱਤੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਲੋਕਤੰਤਰੀ ਕਦਰਾਂ-ਕੀਮਤਾਂ ਉੱਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ।
ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਸ. ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਪਹਿਲਾਂ ਹੀ ਬੇਰੁਜ਼ਗਾਰੀ, ਆਰਥਿਕ ਤੰਗੀ ਅਤੇ ਭਵਿੱਖ ਦੀ ਅਨਿਸ਼ਚਿਤਤਾ ਨਾਲ ਜੂਝ ਰਹੇ ਹਨ, ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਦੀ ਬਜਾਏ ਉਨ੍ਹਾਂ ਉੱਤੇ ਡਾਂਗਾਂ ਵਰ੍ਹਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਘਟਨਾ ਹੈ ਕਿ ਜਿਨ੍ਹਾਂ ਨੌਜਵਾਨਾਂ ਨੇ ਦੋ ਸਾਲ ਦੀ ਆਈ.ਟੀ.ਆਈ. ਸਿੱਖਿਆ ਹਾਸਲ ਕਰਨ ਤੋਂ ਬਾਅਦ ਚਾਰ-ਚਾਰ ਸਾਲ ਤੱਕ ਅਪ੍ਰੈਂਟਿਸਸ਼ਿਪ ਦੇ ਮੌਕੇ ਦੀ ਉਡੀਕ ਕੀਤੀ, ਅੱਜ ਉਹੀ ਨੌਜਵਾਨ ਆਪਣੇ ਭਵਿੱਖ ਨੂੰ ਬਚਾਉਣ ਲਈ ਸੜਕਾਂ 'ਤੇ ਰੁਲਣ ਲਈ ਮਜਬੂਰ ਹਨ।
ਉਨ੍ਹਾਂ ਦੱਸਿਆ ਕਿ 2600 ਅਪ੍ਰੈਂਟਿਸਸ਼ਿਪ ਅਸਾਮੀਆਂ ਲਈ ਨੌਜਵਾਨਾਂ ਨੇ ਸਖਤ ਮਿਹਨਤ ਕਰਕੇ ਪ੍ਰੀਖਿਆ ਪਾਸ ਕੀਤੀ ਅਤੇ ਟ੍ਰੇਨਿੰਗ ਸ਼ੁਰੂ ਕੀਤੀ, ਪਰ ਹੈਰਾਨੀ ਦੀ ਗੱਲ ਹੈ ਕਿ ਜਦੋਂ ਕਈ ਉਮੀਦਵਾਰਾਂ ਦੀ ਤਿੰਨ ਮਹੀਨੇ ਅਤੇ ਕਈਆਂ ਦੀ ਛੇ ਮਹੀਨੇ ਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਸੀ, ਤਾਂ ਸਰਕਾਰ ਨੇ ਅਚਾਨਕ ਅਪ੍ਰੈਂਟਿਸਸ਼ਿਪ ਪ੍ਰਕਿਰਿਆ ਬੰਦ ਕਰਕੇ ਉਨ੍ਹਾਂ ਨੂੰ ਘਰ ਭੇਜ ਦਿੱਤਾ। ਉਨਾਂ ਕਿਹਾ ਕਿ ਇਹ ਸਿਰਫ਼ ਨੌਜਵਾਨਾਂ ਨਾਲ ਹੀ ਨਹੀਂ, ਸਗੋਂ ਉਨ੍ਹਾਂ ਦੇ ਪਰਿਵਾਰਾਂ ਦੀਆਂ ਉਮੀਦਾਂ ਅਤੇ ਸੁਪਨਿਆਂ ਨਾਲ ਵੀ ਵੱਡਾ ਧੋਖਾ ਹੈ।
ਸ. ਬਰਾੜ ਨੇ ਕਿਹਾ ਕਿ ਜਿਨ੍ਹਾਂ ਹੱਥਾਂ ਨੂੰ ਰੁਜ਼ਗਾਰ ਦੇ ਕੇ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ, ਉਨ੍ਹਾਂ ਹੱਥਾਂ ਨੂੰ ਅੱਜ ਹਥਕੜੀਆਂ ਅਤੇ ਡਾਂਗਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਨੌਜਵਾਨ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਲੋਕਤੰਤਰ ਤਰੀਕੇ ਨਾਲ ਆਪਣੀ ਗੱਲ ਸਰਕਾਰ ਤੱਕ ਪਹੁੰਚਾ ਰਹੇ ਸਨ, ਤਾਂ ਉਨ੍ਹਾਂ ਉੱਤੇ ਲਾਠੀਚਾਰਜ ਕਰਨ ਦੀ ਲੋੜ ਕਿਉਂ ਪਈ?
ਉਨਾਂ ਨੇ ਸਪੱਸ਼ਟ ਕੀਤਾ ਕਿ ਮਿਸਲ ਸਤਲੁਜ ਜਥੇਬੰਦੀ 2600 ਬੇਰੁਜ਼ਗਾਰ ਅਪ੍ਰੈਂਟਿਸਸ਼ਿਪ ਸਹਾਇਕ ਲਾਈਨਮੈਨਾਂ ਦੇ ਸੰਘਰਸ਼ ਵਿੱਚ ਪੂਰੀ ਮਜ਼ਬੂਤੀ ਨਾਲ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਪ੍ਰਭਾਵ ਨਾਲ ਅਪ੍ਰੈਂਟਿਸਸ਼ਿਪ ਬਹਾਲ ਕੀਤੀ ਜਾਵੇ, ਸਾਰੇ ਪ੍ਰਭਾਵਿਤ ਨੌਜਵਾਨਾਂ ਨੂੰ ਟ੍ਰੇਨਿੰਗ 'ਤੇ ਵਾਪਸ ਲਿਆ ਜਾਵੇ ਅਤੇ ਉਨ੍ਹਾਂ ਦੇ ਪੱਕੇ ਰੁਜ਼ਗਾਰ ਲਈ ਸਪੱਸ਼ਟ ਨੀਤੀ ਜਾਰੀ ਕੀਤਾ ਜਾਵੇ।
ਸ. ਬਰਾੜ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਨੌਜਵਾਨਾਂ ਦੇ ਭਵਿੱਖ ਨਾਲ ਹੋ ਰਹੇ ਇਸ ਖਿਲਵਾੜ ਨੂੰ ਤੁਰੰਤ ਬੰਦ ਨਾ ਕੀਤਾ ਅਤੇ ਕੋਈ ਠੋਸ ਹੱਲ ਨਾ ਕੱਢਿਆ, ਤਾਂ ਮਿਸਲ ਸਤਲੁਜ ਜਥੇਬੰਦੀ ਨੌਜਵਾਨਾਂ ਦੇ ਹੱਕਾਂ ਦੀ ਰੱਖਿਆ ਲਈ ਸੂਬਾ ਪੱਧਰੀ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਸੂਬਾ੍ਰਸਰਕਾਰ ਦੀ ਹੋਵੇਗੀ।
ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਜ ਅਤੇ ਸੂਬੇ ਦਾ ਭਵਿੱਖ ਉਸ ਦੇ ਨੌਜਵਾਨਾਂ ਨਾਲ ਜੁੜਿਆ ਹੁੰਦਾ ਹੈ ਅਤੇ ਜੋ ਸਰਕਾਰਾਂ ਆਪਣੇ ਨੌਜਵਾਨਾਂ ਦੀਆਂ ਆਸਾਂ ਨੂੰ ਕੁਚਲਦੀਆਂ ਹਨ, ਉਹ ਲੋਕਾਂ ਦੇ ਵਿਸ਼ਵਾਸ ਤੋਂ ਵੀ ਵਾਂਝੀਆਂ ਹੋ ਜਾਂਦੀਆਂ ਹਨ।
- Download Babushahi App
-
-