ਪੰਜਾਬ ਵਿੱਚ ਨਸ਼ਿਆਂ ਦੀ ਅਲਾਮਤ ਦੇ ਖਿਲਾਫ ਸ਼ੁਰੂ ਕੀਤੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਫੈਸਲਾਕੁੰਨ ਜੰਗ ਸਾਬਿਤ ਹੋਵੇਗੀ - ਸ਼ੈਰੀ ਕਲਸੀ
ਰੋਹਿਤ ਗੁਪਤਾ
ਬਟਾਲਾ, 3 ਮਈ 2025 - ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਸ਼ੁਰੂਆਤ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਾ ਰਹਿਤ ਜਿੰਦਗੀ ਜਿਉਣ ਅਤੇ ਲੋਕ ਭਲਾਈ ਦੇ ਇਸ ਕਾਰਜ ਵਿੱਚ ਹਿੱਸਾ ਲੈ ਕੇ ਇਸ ਮੁਹਿੰਮ ਨੂੰ ਲੋਕ ਲਹਿਰ ਬਣਾਉਣ 'ਤੇ ਜੋਰ ਦਿੱਤਾ ਜਾ ਰਿਹਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਬਟਾਲਾ ਦੇ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕੀਤਾ।
ਵਿਧਾਇਕ ਸ਼ੈਰੀ ਕਲਸੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਰਾਜ ਵਿੱਚ ਨਸ਼ਿਆਂ ਦੇ ਜੜ੍ਹੋਂ ਖਾਤਮੇ ਲਈ ਪਿੰਡਾਂ ਦੇ ਪਹਿਰੇਦਾਰ ਦੇ ਰੂਪ ਵਿੱਚ ਵਿਲੱਖਣ ਸ਼ੁਰੂਆਤ ਕੀਤੀ ਗਈ ਹੈ, ਜੋ ਸਹੀ ਮਾਇਨਿਆਂ ਵਿੱਚ ਯੋਧਿਆਂ ਦੀ ਫੌਜ ਹੋਵੇਗੀ। ਪੰਜਾਬ ਵਿੱਚ ਨਸ਼ਿਆਂ ਦੀ ਅਲਾਮਤ ਦੇ ਖਿਲਾਫ ਇਹ ਫੈਸਲਾਕੁੰਨ ਜੰਗ ਸਾਬਿਤ ਹੋਵੇਗੀ। ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਨਸ਼ਾ ਮੁਕਤੀ ਯਾਤਰਾ ਨੂੰ ਹਰੇਕ ਪਿੰਡ ਵਾਰਡ ਤੱਕ ਲਿਜਾ ਕੇ ਲੋਕ ਲਹਿਰ ਬਣਾਇਆ ਜਾਵੇਗਾ, ਤਾਂ ਜੋ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਵੱਲੋਂ ਨਸ਼ਾ ਤਸਕਰਾਂ ਨੂੰ ਸਪੱਸ਼ਟ ਸੁਨੇਹਾ ਹੈ ਕਿ ਜਾਂ ਤਾਂ ਨਸ਼ੇ ਵੇਚਣੇ ਬੰਦ ਕਰ ਦੇਣ ਜਾਂ ਫਿਰ ਪੰਜਾਬ ਛੱਡ ਦੇਣ। ਉਹਨਾਂ ਕਿਹਾ ਕਿ ਪਿੰਡਾਂ ਤੇ ਵਾਰਡ ਪੱਧਰ ਤੇ ਬਣੀਆਂ ਡਿਫੈਂਸ ਕਮੇਟੀਆਂ ਨੂੰ ਨਸ਼ਿਆਂ ਦੇ ਖਾਤਮੇ ਲਈ ਮੋਹਰੀ ਭੂਮਿਕਾ ਨਿਭਾਉਣ ਦੀ ਲੋੜ ਹੈ।
ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਲਈ ਭਾਵੇਂ ਨਸ਼ਿਆਂ ਦੀ ਗੱਲ ਹੋਵੇ, ਭਾਵੇਂ ਪਾਣੀਆਂ ਦੀ, ਡਟ ਕੇ ਪਹਿਰਾ ਦੇ ਰਹੇ ਹਨ। ਸਰਕਾਰ ਇਸ ਮਾਮਲੇ ਵਿੱਚ ਹਰ ਤਰ੍ਹਾਂ ਦੀ ਲੜਾਈ ਲੜਨ ਲਈ ਤਿਆਰ ਹੈ ਤੇ 5 ਮਈ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਸੱਦਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ 'ਤੇ ਕੇਂਦਰ ਸਰਕਾਰ ਨੇ ਗੁਆਂਢੀ ਸੂਬੇ ਹਰਿਆਣਾ ਨੇ ਪਹਿਲਾਂ ਪਾਣੀਆਂ ਨੂੰ ਲੈ ਕੇ ਚਾਲਾਂ ਚੱਲੀਆਂ। ਗੁਆਢੀ ਸੂਬਿਆਂ ਨੂੰ ਰਿਆਇਤਾਂ ਦੇ ਕੇ ਪੰਜਾਬ ਦੇ ਉਦਯੋਗਾਂ ਦਾ ਨੁਕਸਾਨ ਕੀਤਾ। ਹੁਣ ਰਿਪੇਰੀਅਨ ਸੂਬੇ ਦੇ ਹੱਕਾਂ ਉਤੇ ਡਾਕਾ ਮਾਰਨ ਦੀ ਚਾਲ ਚੱਲਣਾ ਬਹੁਤ ਹੀ ਮੰਦਭਾਗੀ ਸੋਚ ਹੈ, ਜੋ ਨਾ ਬਰਦਾਸ਼ਯੋਗ ਹੈ।