ਭਾਰਤ ਦੇ 70ਵੇਂ ਆਜ਼ਾਦੀ ਦਿਵਸ ਸਮੇਂ ਲਾਲ ਕਿਲੇ ਦੀ ਫਸੀਲ ਉੱਤੋਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੀਆਂ ਇੱਕ ਦੋ ਪੰਗਤੀਆਂ ਨਾਲ ਹੀ, ਭਾਰਤ ਅਤੇ ਪਾਕਿਸਤਾਨ ਦੇ ਆਪਸੀ ਰਿਸ਼ਤਿਆਂ ਵਿੱਚ ਅਚਾਨਕ ਹੀ ਬਹੁਤ ਵੱਡਾ ਬਦਲਾਅ ਆਉਣ ਦੀਆਂ ਕਿਆਸਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਵੇਖਿਆ ਜਾਵੇ ਤਾਂ ਇਹ ਕੋਈ ਛੋਟੀ-ਮੋਟੀ ਗੱਲ ਵੀ ਨਹੀਂ ਹੈ ਕਿਉਂਕਿ ਭਾਰਤ ਨੇ ਪਹਿਲੀ ਵਾਰੀ ਪਾਕਿਸਤਾਨ ਨੂੰ ਅੱਗੋਂ ਹੋ ਕੇ ਵਲਣ ਵਾਲਾ ਪੈਂਤੜਾ ਲਿਆ ਹੈ। ਹੁਣ ਤੱਕ ਤਾਂ ਇਹੀ ਕਿਹਾ ਜਾਂਦਾ ਸੀ ਕਿ ਪਾਕਿਸਤਾਨ ਹੀ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲੰਦਾਜ਼ੀ ਕਰਦਾ ਹੈ ਪਰ ਭਾਰਤ ਦੂਜਿਆਂ ਦੇ ਘਰਾਂ ਵਿੱਚ ਝਾਕਣ ਦਾ ਕੰਮ ਨਹੀਂ ਕਰਦਾ। ਪਰ ਹੁਣ ਭਾਰਤ ਨੇ ਫੈਸਲਾ ਕਰ ਲਿਆ ਲੱਗਦਾ ਹੈ ਕਿ ਪਾਕਿਸਤਾਨ ਦੀ ਉਸ ਦੁਖਦੀ ਰਗ ਨੂੰ ਛੇੜਿਆ ਜਾਵੇ ਜਿਸ ਨੂੰ ਉਹ ਸਾਰੀ ਦੁਨੀਆਂ ਤੋਂ ਲੁਕਾਉਣ ਨੂੰ ਫਿਰਦਾ ਹੈ। ਭਾਰਤ ਸਮਝਦਾ ਹੈ ਕਿ ਪਾਕਿਸਤਾਨ ਅੰਦਰਲੇ ਉਸ ਨਾਸੂਰ ਨੂੰ ਨੰਗਾ ਕੀਤਾ ਜਾਵੇ ਜਿਸ ਵਿੱਚੋਂ ਪਿਛਲੇ 70 ਸਾਲਾਂ ਤੋਂ ਰਾਧ ਵਗ ਰਹੀ ਹੈ। ਪਾਕਿਸਤਾਨ ਦਾ ਉਹ ਜ਼ਖਮ ਹੈ ਬਲੋਚਿਸਤਾਨ ਜਿਸ ਬਾਰੇ ਉਹ ਪੂਰੀ ਦੁਨੀਆਂ ਤੋਂ ਉਹਲਾ ਰੱਖ ਕੇ ਹਰ ਦੇਸ਼ ਵਿੱਚ ਅੱਤਵਾਦ ਫੈਲਾਉਣ ਦਾ ਝੰਡਾਬਰਦਾਰ ਬਣਿਆ ਫਿਰਦਾ ਹੈ। ਬਲੋਚਿਸਤਾਨ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ ਜੋ ਕਿ ਖਣਿਜ ਪਦਾਰਥਾਂ ਨਾਲ ਭਰਪੂਰ ਹੈ। ਪਰ ਅੰਦਰੂਨੀ ਖਾਨਾਜੰਗੀ, ਅੱਤਵਾਦ ਅਤੇ ਸਰਕਾਰੀ ਦਮਨ ਨੇ ਇਸ ਸੂਬੇ ਨੂੰ ਉਜਾੜ ਕੇ ਰੱਖ ਦਿੱਤਾ ਹੈ।
ਜਦੋਂ 2009 ਵਿੱਚ ਮਿਸਰ ਦੇ ਸ਼ਹਿਰ ਸ਼ਰਮ-ਅਲ-ਸ਼ੇਖ ਵਿੱਚ ਗੁੱਟ ਨਿਰਪੇਖ ਲਹਿਰ ਦੇ ਇੱਕ ਖਾਸ ਸੰਮੇਲਨ ਵਿੱਚ, ਭਾਰਤ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਆਪਸ ਵਿੱਚ ਮਿਲੇ ਸਨ ਤਾਂ ਜਿਹੜਾ ਸਾਂਝਾ ਬਿਆਨ ਉਦੋਂ ਜਾਰੀ ਕੀਤਾ ਗਿਆ ਸੀ, ਉਸ ਵਿੱਚ ਪਾਕਿਸਤਾਨ ਨੇ ਜਾਣਬੁੱਝ ਕੇ ਬਲੋਚਿਸਤਾਨ ਦਾ ਟੇਢੇ ਢੰਗ ਨਾਲ ਜ਼ਿਕਰ ਕੀਤਾ ਸੀ। ਉਸਨੇ ਭਾਰਤ ਨੂੰ ਬਲੋਚਿਸਤਾਨ ਵਿੱਚ ਅੱਤਵਾਦ ਫੈਲਾਉਣ ਦਾ ਦੋਸ਼ੀ ਠਹਿਰਾਇਆ ਸੀ। ਉਸਨੇ ਕਿਹਾ ਸੀ ਕਿ ਸਾਨੂੰ ਅਜਿਹੇ ਕੁਝ ਸਬੂਤ ਮਿਲੇ ਹਨ ਜਿੰਨ੍ਹਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਬਲੋਚਿਸਤਾਨ ਵਿੱਚ ਹੋਣ ਵਾਲੀਆਂ ਅੱਤਵਾਦੀ ਕਾਰਵਾਈਆਂ ਵਿੱਚ ਭਾਰਤ ਦਾ ਹੱਥ ਹੈ। ਪਾਕਿਸਤਾਨ ਨੇ ਇਹ ਦੋਸ਼ ਉਦੋਂ ਲਾਇਆ ਸੀ ਜਦੋਂ ਭਾਰਤ ਨੇ ਮੁੰਬਈ ਦੇ ਹੱਤਿਆਰਿਆਂ ਬਾਰੇ ਕਾਰਵਾਈ ਕਰਨ ਲਈ ਪਾਕਿਸਤਾਨ ਨੂੰ ਕਿਹਾ ਸੀ। ਅਸਲ ਵਿੱਚ ਪਾਕਿਸਤਾਨ ਇਹ ਕਹਿਣਾ ਚਾਹੁੰਦਾ ਸੀ ਕਿ ਜੇਕਰ ਉਸਦੀ ਧਰਤੀ ਤੋਂ ਭਾਰਤ ਵਿਰੋਧੀ ਕਾਰਵਾਈਆਂ ਹੁੰਦੀਆਂ ਹਨ ਤਾਂ ਭਾਰਤ ਦੀ ਧਰਤੀ ਤੋਂ ਵੀ ਪਾਕਿਸਤਾਨ ਵਿਰੋਧੀ ਕਾਰਵਾਈਆਂ ਹੋ ਰਹੀਆਂ ਸਨ। ਭਾਵੇਂ ਕਿ ਭਾਰਤ ਨੇ ਪਾਕਿਸਤਾਨ ਦੇ ਇਸ ਦੋਸ਼ ਦਾ ਸਖਤੀ ਨਾਲ ਖੰਡਣ ਕੀਤਾ ਸੀ ਪਰ ਫਿਰ ਵੀ ਇਸ ਮਸਲੇ ਨੇ ਭਾਰਤੀ ਸੰਸਦ ਵਿੱਚ ਵੀ ਭੁਚਾਲ ਲਿਆਈ ਰੱਖਿਆ ਸੀ। ਭਾਜਪਾ ਨੇ ਬਹੁਤ ਜ਼ੋਰ ਸ਼ੋਰ ਨਾਲ ਇਹ ਮੁੱਦਾ ਚੁੱਕਿਆ ਸੀ ਕਿ ਪਾਕਿਸਤਾਨ ਨੂੰ ਸਾਂਝੇ ਬਿਆਨ ਵਿੱਚ ਬਲੋਚਿਸਤਾਨ ਦਾ ਜ਼ਿਕਰ ਕਰਨ ਦੀ ਇਜਾਜ਼ਤ ਕਿਉਂ ਦਿੱਤੀ ਗਈ। ਪਰ ਹੁਣ ਉਸੇ ਹੀ ਭਾਜਪਾ ਦੀ ਸਰਕਾਰ ਦੇ ਪ੍ਰਧਾਨ ਮੰਤਰੀ ਨੇ ਠੋਕ ਵਜਾ ਕੇ ਬਲੋਚਿਸਤਾਨ ਦਾ ਮੁੱਦਾ ਚੁੱਕ ਲਿਆ ਹੈ। ਨਰਿੰਦਰ ਮੋਦੀ ਨੇ ਸਾਫ਼ ਤੌਰ ਉੱਤੇ ਕਿਹਾ ਕਿ ਸਾਨੂੰ ਬਲੋਚੀ ਲੋਕਾਂ ਉੱਪਰ ਹੋ ਰਹੇ ਪਾਕਿਸਤਾਨੀ ਅੱਤਿਆਚਾਰਾਂ ਕਾਰਨ ਬਹੁਤ ਹਮਦਰਦੀ ਹੈ ਅਤੇ ਅਸੀਂ ਉਹਨਾਂ ਦੀ ਆਜ਼ਾਦੀ ਲਹਿਰ ਦੇ ਹੱਕ ਵਿੱਚ ਖੜੇ ਹਾਂ। ਬਹੁਤ ਸਾਰੇ ਵਿਸ਼ਲੇਸ਼ਕਾਂ ਦੀ ਇਹ ਰਾਇ ਹੈ ਕਿ ਮੋਦੀ ਨੇ ਇਹ ਬਿਆਨ, ਨਵਾਜ਼ ਸ਼ਰੀਫ਼ ਦੇ ਉਸ ਬਿਆਨ ਦੇ ਜਵਾਬ ਵਿੱਚ ਦਿੱਤਾ ਹੈ ਜਿਸ ਵਿੱਚ ਸ਼ਰੀਫ਼ ਨੇ 22 ਜੁਲਾਈ 2016 ਨੂੰ ਕਿਹਾ ਸੀ ਕਿ ਅਸੀਂ ਉਸ ਦਿਨ ਦੀ ਉਡੀਕ ਵਿੱਚ ਹਾਂ ਜਦੋਂ ਸਾਰਾ ਕਸ਼ਮੀਰ ਹੀ ਪਾਕਿਸਤਾਨ ਬਣ ਜਾਏਗਾ।
ਭਾਰਤ ਦੇ ਇਸ ਪੈਂਤੜੇ ਦੇ ਪਾਕਿਸਤਾਨ ਵਿੱਚ ਵੱਖ-ਵੱਖ ਪ੍ਰਤੀਕਰਮ ਮਿਲੇ ਹਨ। ਬਲੋਚਿਸਤਾਨ ਦੇ ਵਿਦਰੋਹੀ ਨੇਤਾਵਾਂ ਨੇ ਇਸਦਾ ਖੁੱਲ ਕੇ ਸਵਾਗਤ ਕੀਤਾ ਹੈ। ਮਰਹੂਮ ਬਲੋਚ ਨੇਤਾ ਅਕਬਰ ਖਾਨ ਬੁਗਤੀ ਦੇ ਸਵੈ-ਜਲਾਵਤਨ ਪੋਤਰੇ ਬ੍ਰਹਮਦਾਗ ਬੁਗਤੀ ਨੇ ਇਸ ਨੂੰ ਇੱਕ ਰਾਹਤ ਭਰਿਆ ਬਿਆਨ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਤਾਂ ਬੜੀ ਦੇਰ ਤੋਂ ਇਸ ਤਰਾਂ ਦੇ ਠੰਡੇ ਬੁੱਲੇ ਦੀ ਉਡੀਕ ਕਰ ਰਹੇ ਸਨ। ਉਸਨੇ ਤਾਂ ਇਥੋਂ ਤੱਕ ਵੀ ਕਿਹਾ ਕਿ ਜਿਵੇਂ ਭਾਰਤ ਨੇ 1971 ਵਿੱਚ ਬੰਗਲਾਦੇਸ਼ੀਆਂ ਨੂੰ ਪਾਕਿਸਤਾਨ ਦੇ ਜ਼ੁਲਮਾਂ ਤੋਂ ਨਿਜ਼ਾਤ ਦਿਵਾਈ ਸੀ, ਬਲੋਚ ਵੀ ਉਸੇ ਤਰਾਂ ਦੀ ਉਡੀਕ ਵਿੱਚ ਹਨ। ਦੱਸਣਯੋਗ ਹੈ ਕਿ ਅਕਬਰ ਖਾਨ ਬੁਗਤੀ, ਬਲੋਚਿਸਤਾਨ ਦਾ ਬਹੁਤ ਵੱਡੇ ਕੱਦ ਦਾ ਬਜ਼ੁਰਗ ਆਗੂ ਸੀ ਜਿਸਨੂੰ ਪਰਵੇਜ਼ ਮੁਸ਼ਰਫ ਦੀ ਸਰਕਾਰ ਵੇਲੇ 2006 ਵਿੱਚ ਫੌਜ ਨੇ ਇੱਕ ਆਪਰੇਸ਼ਨ ਵਿੱਚ ਕਤਲ ਕਰ ਦਿੱਤਾ ਸੀ। ਇਸੇ ਤਰਾਂ ਵਿਸ਼ਵ ਬਲੋਚ ਇਸਤਰੀ ਫੋਰਮ ਦੀ ਪ੍ਰਧਾਨ ਨਾਇਲਾ ਬਲੋਚ ਨੇ ਵੀ ਉਮੀਦ ਪ੍ਰਗਟਾਈ ਹੈ ਕਿ ਭਾਰਤ ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ ਵਿੱਚ ਰੱਖ ਕੇ ਪਾਕਿਸਤਾਨ ਦੇ ਜ਼ੁਲਮੋ-ਸਿਤਮ ਦਾ ਪਰਦਾਫ਼ਾਸ਼ ਕਰੇਗਾ। ਪਰ ਇਸਦੇ ਉਲਟ ਬਲੋਚਿਸਤਾਨ ਦੇ ਮੁੱਖ ਮੰਤਰੀ ਸਨਾਉੱਲਾ ਜ਼ਹਿਰੀ ਨੇ ਭਾਰਤ ਦੇ ਇਸ ਬਿਆਨ ਦੀ ਰੱਜਵੀਂ ਨਿੰਦਿਆ ਕੀਤੀ ਹੈ। ਉਸਨੇ ਕਿਹਾ ਕਿ ਸੂਬੇ ਦੇ ਲੋਕ ਅੱਤਵਾਦ ਤੋਂ ਪੀੜਤ ਹਨ ਨਾ ਕਿ ਸਰਕਾਰ ਜਾਂ ਫੌਜ ਤੋਂ। ਨਾਲ ਹੀ ਉਸਨੇ ਬਲੋਚਿਸਤਾਨ ਦਾ ਕਸ਼ਮੀਰ ਨਾਲ ਮੁਕਾਬਲਾ ਕਰਨ ਨੂੰ ਵੀ ਬਿਲਕੁਲ ਗੈਰਵਾਜਬ ਦੱਸਿਆ।
ਨਰਿੰਦਰ ਮੋਦੀ ਦੇ ਇਸ ਬਿਆਨ ਤੋਂ ਬਾਅਦ ਭਾਰਤ ਵਿੱਚ ਵੀ ਇੱਕ ਬਿਲਕੁਲ ਨਵੀਂ ਚਰਚਾ ਚੱਲ ਪਈ ਹੈ।ਇਸ ਵਿੱਚ ਦੋ ਤਰਾਂ ਦੇ ਲੋਕ ਹਨ: ਇਸ ਪੈਂਤੜੇ ਦੇ ਹਮਾਇਤੀ ਅਤੇ ਇਸਦੇ ਵਿਰੋਧੀ। ਇਸਦੇ ਹਮਾਇਤੀਆਂ ਦਾ ਸਾਫ਼ ਕਹਿਣਾ ਹੈ ਕਿ ਪਾਕਿਸਤਾਨ ਨੂੰ ਬੰਦਿਆਂ ਵਾਂਗੂੰ ਸਮਝਾਉਣ ਨਾਲ ਸਮਝ ਨਹੀਂ ਲੱਗਦੀ, ਇਸ ਲਈ ਉਸ ਨੂੰ ਸਮਝਾਉਣ ਦਾ ਇਹੀ ਇੱਕ ਢੰਗ ਹੈ। ਇਸਦਾ ਭਾਵ ਇਹ ਹੈ ਕਿ ਕਸ਼ਮੀਰ ਦੇ ਅੱਤਵਾਦ ਨੂੰ ਆਜ਼ਾਦੀ ਲਹਿਰ ਦੇ ਤੌਰ ਉੱਤੇ ਪ੍ਰਚਾਰਨ ਵਾਲੇ ਪਾਕਿਸਤਾਨ ਨੂੰ ਉਸਦੇ ਘਰ ਅੰਦਰ ਜਾ ਕੇ ਘੇਰਿਆ ਜਾਵੇ। ਉਸ ਨੂੰ ਦੱਸਿਆ ਜਾਵੇ ਕਿ ਇਸ ਹਿਸਾਬ ਨਾਲ ਬਲੋਚਿਸਤਾਨੀਆਂ ਦਾ ਸੰਘਰਸ਼ ਵੀ ਆਜ਼ਾਦੀ ਦਾ ਸੰਘਰਸ਼ ਹੀ ਹੈ। ਇਸ ਨਾਲ ਉਸਦੇ ਕਸ਼ਮੀਰ ਬਾਰੇ ਪੈਂਤੜੇ ਦਾ ਉਸੇ ਹੀ ਭਾਸ਼ਾ ਵਿੱਚ ਜਵਾਬ ਦਿੱਤਾ ਜਾ ਸਕੇਗਾ ਕਿ ਉਹ ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨ ਦੇ ਸੁਫਨੇ ਲੈਂਦਾ ਹੋਇਆ ਕਿਤੇ ਆਪਣਾ ਬਲੋਚਿਸਤਾਨ ਨਾ ਗੁਆ ਬੈਠੇ। ਇਸ ਨਾਲ ਉਸਦਾ ਕਸ਼ਮੀਰ ਤੋਂ ਧਿਆਨ ਵੀ ਭਟਕਾਇਆ ਜਾ ਸਕੇਗਾ। ਪਰ ਇਸ ਪੈਂਤੜੇ ਦੇ ਵਿਰੋਧੀ ਇਹ ਸਮਝਦੇ ਹਨ ਕਿ ਭਾਰਤ ਨੂੰ ਇਹ ਚਾਲ ਪੁੱਠੀ ਵੀ ਪੈ ਸਕਦੀ ਹੈ। ਉਹਨਾਂ ਦਾ ਇਹ ਵਿਚਾਰ ਹੈ ਕਿ ਇਸ ਨਾਲ ਦੁਨੀਆਂ ਵਿੱਚ ਭਾਰਤ ਦਾ ਅੱਤਵਾਦ-ਵਿਰੋਧੀ ਅਕਸ ਖਰਾਬ ਹੋ ਸਕਦਾ ਹੈ। ਇਸ ਨਾਲ ਬਾਹਰੀ ਦੁਨੀਆਂ ਭਾਰਤ ਨੂੰ ਵੀ ਪਾਕਿਸਤਾਨ ਵਰਗਾ ‘ਅੱਗ-ਲਾਊ ਦੇਸ਼’ ਹੀ ਸਮਝਣਗੇ। ਇਸ ਨਾਲ ਸੰਯੁਕਤ ਰਾਸ਼ਟਰ ਅਤੇ ਹੋਰ ਆਲਮੀ ਸੰਸਥਾਵਾਂ ਵਿੱਚ ਭਾਰਤ ਦਾ ਵਕਾਰ ਘਟੇਗਾ। ਇਸਦਾ ਸਪਸ਼ਟ ਮਤਲਬ ਇਹ ਹੋਇਆ ਕਿ ਇਸ ਨਾਲ ਅੱਤਵਾਦ ਤੋਂ ਪੀੜਤ ਦੇਸ਼ਾਂ ਵਿੱਚ ਭਾਰਤ ਨੂੰ ਵੀ ਪਾਕਿਸਤਾਨ ਵਾਂਗੂੰ ਹੀ ਵੇਖਿਆ ਜਾਵੇਗਾ।
ਫਿਰ ਵੀ, ਇੱਥੇ ਇਹ ਵੇਖਣ ਦੀ ਲੋੜ ਹੈ ਕਿ ਨਰਿੰਦਰ ਮੋਦੀ ਦਾ ਇਹ ਪੈਂਤੜਾ, ਭਾਰਤ ਵੱਲੋਂ ਪਾਕਿਸਤਾਨ ਨੂੰ ਦਬਕਾ ਲਾਉਣ ਖਾਤਰ ਹੀ ਹੈ ਜਾਂ ਅਸੀਂ ਇਸ ਬਾਰੇ ਸੱਚਮੁੱਚ ਹੀ ਗੰਭੀਰ ਹਾਂ। ਵੇਖਿਆ ਜਾਵੇ ਤਾਂ ਇਸ ਨਾਲ ਚੀਨ ਨੂੰ ਵੀ ਅਸਿੱਧੇ ਰੂਪ ਵਿੱਚ ਦਬਕਾਇਆ ਗਿਆ ਹੈ ਜਿਹੜਾ ਕਿ ਪਾਕਿਸਤਾਨ ਨੂੰ ਸੌ ਖੂੰਨ ਵੀ ਮਾਫ਼ ਕਰਨ ਨੂੰ ਤਿਆਰ ਰਹਿੰਦਾ ਹੈ। ਚੀਨ-ਪਾਕਿਸਤਾਨ ਆਰਥਿਕ ਲਾਂਘਾ ਜੋ ਕਿ ਚੀਨ ਸਰਕਾਰ ਲਈ ਬਹੁਤ ਵੱਡੀ ਪ੍ਰਾਪਤੀ ਹੈ, ਇਸੇ ਹੀ ਬਲੋਚਿਸਤਾਨ ਵਿਚੋਂ ਗੁਜ਼ਰਦਾ ਹੈ। ਚੀਨ ਦੀ ਪਾਕਿਸਤਾਨ ਵਿਚਲੀ ਗਵਾਦਰ ਬੰਦਰਗਾਹ ਬਲੋਚਿਸਤਾਨ ਵਿੱਚ ਹੀ ਪੈਂਦੀ ਹੈ। ਨਾਲੇ ਇਹ ਲਾਂਘਾ ਸਿਰਫ ਬਲੋਚਿਸਤਾਨ ਵਿਚੋਂ ਹੀ ਨਹੀਂ ਬਲਕਿ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿਚੋਂ ਵੀ ਗੁਜ਼ਰਦਾ ਹੈ। ਇਸੇ ਲਈ ਨਰਿੰਦਰ ਮੋਦੀ ਨੇ ਬਲੋਚਿਸਤਾਨ, ਮਕਬੂਜ਼ਾ ਕਸ਼ਮੀਰ ਅਤੇ ਗਿਲਗਿਤ ਦੀ ਗੱਲ ਛੇੜੀ ਹੋ ਸਕਦੀ ਹੈ ਤਾਂ ਕਿ ਪਾਕਿਸਤਾਨ ਅਤੇ ਚੀਨ ਨੂੰ ਚਿਤਾਇਆ ਜਾ ਸਕੇ ਕਿ ਉਹਨਾਂ ਦੀ ਇਹ ਸ਼ਾਹਰਗ ਉਹਨਾਂ ਇਲਾਕਿਆਂ ਵਿਚੋਂ ਗੁਜ਼ਰਦੀ ਹੈ ਜਿੱਥੇ ਭਾਰਤ ਦੇ ਹਮਾਇਤੀ ਲੋਕ ਬੈਠੇ ਹਨ। ਇਸ ਲਈ ਭਾਰਤ ਵੱਲੋਂ ਇਹ ਸੁਨੇਹਾ ਬੀਜਿੰਗ ਅਤੇ ਇਸਲਾਮਾਬਾਦ ਦੋਹਾਂ ਲਈ ਹੀ ਦਿੱਤਾ ਗਿਆ ਹੋ ਸਕਦਾ ਹੈ ਕਿ ਹੁਣ ਤੁਹਾਨੂੰ ਤੁਹਾਡੀ ਹੀ ਭਾਸ਼ਾ ਵਿੱਚ ਜਵਾਬ ਦਿੱਤਾ ਜਾਵੇਗਾ। ਪਰ ਇਸ ਪੈਂਤੜੇ ਦੇ ਦੂਰਗਾਮੀ ਨਤੀਜੇ ਕੀ ਨਿਕਲਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇਹ ਵੀ ਆਉਣ ਵਾਲੇ ਸਮੇਂ ਵਿੱਚ ਹੀ ਸਾਫ਼ ਹੋਵੇਗਾ ਕਿ ਇਹ ਨਰਿੰਦਰ ਮੋਦੀ ਦਾ ਸ਼ਬਦੀ-ਬਾਣ ਹੀ ਸੀ ਜਾਂ ਸੱਚਮੁੱਚ ਹੀ ਉਹ ਇਸਨੂੰ ਆਪਣੀ ਕੂਟਨੀਤੀ ਦਾ ਹਥਿਆਰ ਬਣਾਉਣਾ ਚਾਹੁੰਦੇ ਹਨ।
-
ਜੀ. ਐੱਸ. ਗੁਰਦਿੱਤ, ਲੇਖਕ
gurditgs@gmail.com
9417193193
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.