ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਥਾਪਨਾ ਦਿਵਸ 24 ਨਵੰਬਰ 2024 'ਤੇ ਵਿਸ਼ੇਸ਼
ਉਚੇਰੀ ਸਿੱਖਿਆ ਦੇ ਸ਼ਾਨਮੱਤੇ ਇਤਿਹਾਸ ਦੀ ਗਵਾਹ ਗੁਰੂ ਨਾਨਕ ਦੇਵ ਯੂਨੀਵਰਸਿਟੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼-ਵਿਦੇਸ਼ ਦੀ ਅਗਾਂਹਵਧੂ ਯੂਨੀਵਰਸਿਟੀ ਕਰਾਰ
ਪੂਰੇ ਸੰਸਾਰ ਵਿਚ ਅੱਜ ਜਦੋੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555 ਵਾਂ ਪ੍ਰਕਾਸ਼ ਵਰ੍ਹਾ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਤਾਂ ਉਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਆਪਣਾ ਸ਼ਾਨਮੱਤਾ 55ਵਾਂ ਸਥਾਪਨਾ ਦਿਵਸ ਪੂਰੇ ਉਤਸ਼ਾਹ ਨਾਲ ਮਨਾ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾਂ ਸ਼ਤਾਬਦੀ ਪ੍ਰਕਾਸ਼ ਦਿਹਾੜੇ 'ਤੇ ਬੜੀ ਦੂਰਦ੍ਰਿਸ਼ਟੀ ਨਾਲ 500 ਏਕੜ ਜਗ੍ਹਾ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾਉਣ ਦਾ ਸਕੰਲਪ ਲਿਆ ਗਿਆ ਸੀ ਜੋ ਉਨ੍ਹਾਂ ਦੀਆਂ ਸਿੱਖਿਆਵਾਂ ਦੇ ਪ੍ਰਚਾਰ-ਪ੍ਰਸਾਰ ਤੋਂ ਇਲਾਵਾ ਗਿਆਨ-ਵਿਗਿਆਨ ਦੇ ਖੇਤਰ ਵਿਚ ਅਗਾਂਹਵਧੂ ਹੋਵੇ।24 ਨਵੰਬਰ 1969 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਰੱਖੀ ਨੀਂਹ ਅੱਜ ਇਹਨੀ ਪੱਕੀ ਹੋ ਚੁੱਕੀ ਹੈ ਕਿ ਇਸ ਦੀਆਂ ਸ਼ਾਖਾਵਾ ਦੇ ਪੱਤੇ ਪੂਰੀ ਦੁਨੀਆ ਵਿਚ ਫੈਲ ਕਿ ਮਹਿਕਾਂ ਬਿਖੇੜ ਰਹੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਿਦਿਆਰਥੀ ਦੁਨੀਆ ਭਰ ਵਿਚ ਜਿੱਥੇ ਵੀ ਹੈ ਉਹ ਇਸ ਦਿਨ ਅੱਗੇ ਜਿੱਥੇ ਨਤਮਸਤਕ ਹੁੰਦਾ ਹੈ ਉੱਥੇ ਯੂਨੀਵਰਸਿਟੀ ਦੇ ਕੈਂਪਸ ਵਿਚ ਵੀ ਯੂਨੀਵਰਸਿਟੀ ਦੇ ਭਾਈਚਾਰੇ ਵੱਲੋਂ ਪੂਰੇ ਉਤਸ਼ਾਹ ਨਾਲ ਯੂਨੀਵਰਸਿਟੀ ਦਾ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 54 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਉਪ-ਕੁਲਪਤੀ ਦੇ ਬਿਨਾਂ ਤਿੰਨ ਵਿਦਵਾਨਾਂ ਵੱਲੋਂ ਵਿੱਦਿਅਕ ਭਾਸ਼ਣ ਦੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਚਾਨਣ ਪਾਇਆ ਜਾਣਾ ਹੈ।ਉਨ੍ਹਾਂ ਵੱਲੋ ਯੂਨੀਵਰਸਿਟੀ ਨੂੰ ਭਵਿੱਖ ਵਿਚ ਕਿਹੜੇ ਕੰਮਾਂ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਦੀ ਨਿਸ਼ਾਨਦੇਹੀ ਵੀ ਕਰਕੇ ਦਿੱਤੀ ਜਾਣੀ ਹੈ ਤਾਂ ਜੋ ਯੂਨੀਵਰਸਿਟੀ ਵਿਸ਼ਵ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਦੇ ਹਾਣ ਦੀ ਹੋ ਜਾਵੇ । ਉਂਝ "ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ 2024" ਵਿਚ ਹੀ ਇਹ ਵਿਸ਼ਵ ਦੀਆਂ ਚੋਟੀ ਦੀਆਂ 23 ਫੀਸਦੀ ਯੂਨੀਵਰਸਿਟੀਆਂ 'ਚ ਆ ਚੁੱਕੀ ਹੈ। ਪੰਜਾਬ ਦੀਆਂ ਚੋਟੀ ਦੀਆਂ ਚਾਰ ਸੰਸਥਾਵਾਂ ਅਤੇ ਉੱਤਰੀ ਭਾਰਤ ਦੀਆਂ ਚੋਟੀ ਦੀਆਂ 10 ਸੰਸਥਾਵਾਂ 'ਚ ਆਪਣਾ ਸਥਾਨ ਬਣਾ ਚੁੱਕੀ ਹੈ। ਇਸ ਤੋਂ ਇਲਾਵਾ ਦੇਸ਼ ਦੀ ਸਿੱਖਿਆ, ਖੋਜ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਮੋਹਰੀ ਯੂਨੀਵਰਸਿਟੀ ਹੋਣ ਦੀ ਮਾਨਤਾ ਨੈਸ਼ਨਲ ਅਸੈਸਮੈਂਟ ਐਂਡ ਐਕ੍ਰੀਡੇਸ਼ਨ ਕੌਂਸਲ ਬੰਗਲੌਰ ਵੱਲੋਂ 3.85 /4.00 ਅੰਕ ਦੇ ਕੇ ਦਿੱਤੀ ਹੋਈ ਹੈ। ਇਹ ਮਾਨਤਾ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਵਿਗਿਆਨ, ਕਲਾ, ਪ੍ਰਬੰਧਨ, ਸੂਚਨਾ ਤਕਨਾਲੋਜੀ, ਮੀਡੀਆ, ਉਦਯੋਗਿਕ ਤਕਨਾਲੋਜੀ, ਵਾਤਾਵਰਣ, ਯੋਜਨਾਬੰਦੀ ਅਤੇ ਆਰਕੀਟੈਕਚਰ ਆਦਿ ਵਿਸ਼ਿਆਂ 'ਚ ਦੇਸ਼ ਦੀ ਉੱਚਕੋਟੀ ਯੂਨੀਵਰਸਿਟੀ ਹੈ। ਇਹ ਯੂਨੀਵਰਸਿਟੀ ਦੇਸ਼ ਦੀ ਵਕਾਰੀ "ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ" 25 ਵਾਰ ਜਿੱਤ ਕੇ ਖੇਡਾਂ ਵਿਚ ਵੀ ਪਹਿਲਾ ਸਥਾਨ ਰੱਖਦੀ ਹੈ। ਇਸ ਨੇ ਹਾਲ ਵਿਚ ਹੀ ਰਾਸ਼ਟਰੀ ਅਤੇ ਅੰਤਰਰਾਸ਼ਰੀ ਖੇਡ ਮੇਲਿਆਂ ਵਿਚ ਆਪਣੀ ਚੰਗੀ ਸ਼ਮੂਲੀਅਤ ਦਰਜ ਕਰਵਾਈ ਹੈ।ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਕੁਲੀਨ "ਸ਼੍ਰੇਣੀ-1" ਅਤੇ "ਉੱਤਮਤਾ ਲਈ ਸੰਭਾਵੀ ਯੂਨੀਵਰਸਿਟੀ",ਨੈਸ਼ਨਲ ਅਸੈਸਮੈਂਟ ਐਂਡ ਐਕ੍ਰੀਡੇਸ਼ਨ ਕੌਂਸਲ ਦੇ ਮਾਨਤਾ ਫਰੇਮਵਰਕ ਨੇ “A++" ਦਾ ਉੱਚਾ ਦਰਜਾ ਦੇ ਕਿ ਪੰਜਾਬ ਦੀ ਇਕਲੌਤੀ ਖੁਦਮੁਖਤਿਆਰ ਯੂਨੀਵਰਸਿਟੀ ਬਣਾ ਦਿੱਤਾ ।ਮਨੁੱਖੀ ਸਰੋਤ ਵਿਕਾਸ ਮੰਤਰਾਲੇ ਭਾਰਤ ਸਰਕਾਰ ਨੇ ਦੇਸ਼ ਦੀਆਂ ਚੋਟੀ ਦੀਆਂ ਦਸ "ਉੱਚ ਪ੍ਰਦਰਸ਼ਨ ਕਰਨ ਵਾਲੀਆਂ ਸਟੇਟ ਪਬਲਿਕ ਯੂਨੀਵਰਸਿਟੀਆਂ" 'ਚ ਰੱਖਿਆ । ਨਿਰਫ਼ ਰੈਂਕਿੰਗ 'ਚ 48ਵਾਂ ਸਥਾਨ ਹਾਸਲ ਕਰਕੇ ਦੇਸ਼ ਦੀਆਂ ਚੋਟੀ ਦੀਆਂ 50 ਯੂਨੀਵਰਸਿਟੀਆਂ ਦੇ ਸਮੂਹ ਦਾ ਹਿੱਸਾ ਹੈ। "ਦ ਵੀਕ-ਹੰਸਾ ਰਿਸਰਚ ਸਰਵੋਤਮ ਯੂਨੀਵਰਸਿਟੀ" ਦੇ ਸਰਵੇਖਣ ਵਿਚ ਉੱਤਰੀ ਜ਼ੋਨ ਦੀਆਂ ਬਹੁ-ਅਨੁਸ਼ਾਸਨੀ ਯੂਨੀਵਰਸਿਟੀਆਂ ਵਿੱਚ 7ਵਾਂ ਅਤੇ ਆਲ ਇੰਡੀਆ ਬਹੁ-ਅਨੁਸ਼ਾਸਨੀ ਯੂਨੀਵਰਸਿਟੀਆਂ 'ਚ 14ਵਾਂ ਸਥਾਨ ਹੈ। "ਇੰਡੀਆ ਟੂਡੇ ਰੈਂਕਿੰਗ" 'ਚ ਭਾਰਤ ਦੀਆਂ ਰਾਜ ਯੂਨੀਵਰਸਿਟੀਆਂ 'ਚ 11ਵਾਂ ਦਰਜਾ ਹੈ। " "ਐਚ-ਇੰਡੈਕਸ 154" ਹੈ। ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਗੁਰੂ ਨਾਨਕ ਅਧਿਐਨ ਵਿਭਾਗ ਅਤੇ ਪੰਜਾਬੀ ਅਧਿਐਨ ਵਿਭਾਗ ਵਿਚ ਪੜ੍ਹਨ ਵਾਲੇ ਸਾਰੇ ਵਿਦਿਆਰਥੀਆਂ ਦੀ ਪੜ੍ਹਾਈ ਮੁਫ਼ਤ ਕੀਤੀ ਹੋਈ ਹੈ।ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਜਿੱਥੇ ਵੱਖ-ਵੱਖ ਸਭਿਆਚਾਰਕ ਅਤੇ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ ਉੱਥੇ ਅੰਤਰਰਾਸ਼ਟਰੀ ਮਾਪਦੰਡ ਵਾਲਾ ਗੋਲਡਨ ਜੁਬਲੀ ਜਿੰਮ ਅਤੇ ਓਪਨ ਜਿੰਮ ਵੀ ਮੌਜੂਦ ਹੈ ਜਿਸ ਦਾ ਯੂਨੀਵਰਸਿਟੀ ਦਾ ਪੂਰਾ ਭਾਈਚਾਰਾ ਲਾਭ ਉਠਾਉਦਾ ਹੈ।ਯੂਨੀਵਰਸਿਟੀ ਕੈਂਪਸ ਹਰੇ ਭਰੇ ਲੈਂਡਸਕੇਪ, ਆਧੁਨਿਕ ਆਰਕੀਟੈਕਚਰ ਅਤੇ ਟਿਕਾਊ ਵਾਤਾਵਰਣ ਦੀ ਸਕਾਰ ਤਸਵੀਰ ਹੈ। ਯੂਨੀਵਰਸਿਟੀ ਦੇ ਕੈਂਪਸ ਵਿਚ 45 ਅਧਿਆਪਨ ਵਿਭਾਗ,ਦੋ ਹੋਰ ਖੇਤਰੀ ਕੈਂਪਸ ਅਤੇ 170 ਮਾਨਤਾ ਪ੍ਰਾਪਤ ਯੂਨੀਵਰਸਿਟੀ ਅਤੇ ਕਾਂਸਟੀਚੂਐਂਟ ਕਾਲਜ ਹਨ। ਨਵੀਂ ਸਿੱਖਿਆ ਨੀਤੀ-2020 ਲਾਗੂ ਹੈ।ਦਾਖਲਾ, ਕਾਉਂਸਲਿੰਗ, ਪੁਨਰ-ਮੁਲਾਂਕਣ, ਪ੍ਰੀਖਿਆਵਾਂ ਦੇ ਨਤੀਜੇ ਅਤੇ ਰਜਿਸਟ੍ਰੇਸ਼ਨ ਦੀ ਸਹੂਲਤ ਆਨਲਾਈਨ ਹੈ।ਐੱਮ.ਐਚ.ਆਰ.ਡੀ, ਡੀ.ਐੱਸ.ਟੀ, ਸੀ.ਐੱਸ.ਆਈ. ਆਰ,ਬੀ.ਏ.ਆਰ.ਸੀ. ਆਦਿ ਸੰਸਥਾਵਾਂ ਨੇ ਕਰੋੜਾਂ ਰੁਪਏ ਦੇ ਵਕਾਰੀ ਪ੍ਰੋਜੈਕਟ ਫੈਕਲਟੀ ਮੈਂਬਰਾਂ ਨੂੰ ਦਿੱਤੇ ਹਨ। ਭਾਭਾ ਪਰਮਾਣੂ ਖੋਜ ਕੇਂਦਰ ਵੱਲੋਂ ਸਥਾਪਿਤ ਚਾਰ ਨੋਡਲ ਕੈਲੀਬ੍ਰੇਸ਼ਨ ਕੇਂਦਰਾਂ ਵਿੱਚੋਂ ਇੱਕ ਯੂਨੀਵਰਸਿਟੀ ਕੈਂਪਸ 'ਚ ਹੈ। ਸੈਂਟਰ ਆਫ਼ ਐਮਰਜਿੰਗ ਲਾਈਫ ਸਾਇੰਸਿਜ਼, ਬੋਟੈਨੀਕਲ ਗਾਰਡਨ, ਸਪੋਰਟਸ ਮੈਡੀਸਨ ਅਤੇ ਫਿਜ਼ੀਓਥੈਰੇਪੀ ਵਿਭਾਗ ਯੂਨੀਵਰਸਿਟੀ ਦਾ ਉਚੇਰੀ ਸਿਖਿਆ ਵਿਚ ਕੱਦ ਉੱਚਾ ਕਰਦੇ ਹਨ। ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ 'ਚ ਉੱਤਰੀ ਭਾਰਤ ਦੀਆਂ ਪ੍ਰਮੁੱਖ ਸੰਸਥਾਵਾਂ ਵਿੱਚੋਂ ਇੱਕ ਯੂਨੀਵਰਸਿਟੀ ਹੈ ਜਿਸ ਨੇ ਵੱਖ-ਵੱਖ ਸਕੀਮਾਂ ਤਹਿਤ 70 ਕਰੋੜ ਰੁਪਏ ਦੇ ਯੰਤਰ ਖਰੀਦੇ ਹਨਅਤੇ ਟੀ.ਸੀ.ਐਸ. ਦੀ ਮਦਦ ਨਾਲ ਆਧੁਨਿਕ ਕੰਪਿਊਟਰ ਲੈਬ ਸਥਾਪਿਤ ਕੀਤਾ । ਜਿਸ ਦੀ ਬਦੌਲਤ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ "ਸਵੱਛ ਕੈਂਪਸ ਰੈਂਕਿੰਗ" ਵਿਚ ਵੱਡੇ ਕੈਂਪਸ ਵਾਲੀਆਂ ਮਲਟੀ-ਸਪੈਸ਼ਲਿਟੀ ਪਬਲਿਕ ਯੂਨੀਵਰਸਿਟੀਆਂ ਵਿਚ ਪਹਿਲਾ ਅਤੇ ਸਮੂਹ ਸਰਕਾਰੀ ਯੂਨੀਵਰਸਿਟੀਆਂ ਦੇ ਵੱਡੇ ਅਤੇ ਛੋਟੇ ਕੈਂਪਸਾਂ 'ਚ ਦੇਸ਼ ਵਿੱਚੋ ਦੂਜਾ ਸਥਾਨ ਦਿੱਤਾ ਗਿਆ। ਜ਼ੀਰੋ-ਡਿਸਚਾਰਜ ਅਤੇ ਪ੍ਰਦੂਸ਼ਣ ਮੁਕਤ ਕੈਂਪਸ 'ਚ ਸੀਵਰੇਜ਼ ਦੇ ਪਾਣੀ ਅਤੇ ਕੂੜੇ ਦੀ ਮੁੜ ਵਰਤੋਂ ਹੁੰਦੀ । ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀਆਂ ਪਹਿਲੀਆਂ ਯੂਨੀਵਰਸਿਟੀਆਂ 'ਚ ਹੈ ਜੋ ਕਿ ਸਪੈਸ਼ਲ ਐਜੂਕੇਸ਼ਨ (ਬਹੁ-ਅਯੋਗਤਾ) ਵਾਲੇ ਕੋਰਸ ਅਤੇ ਹੋਰ ਕਈ ਵਿਸ਼ਿਆਂ ਓ. ਡੀ ਐੱਲ ਰਾਹੀਂ ਆਨਲਾਈਨ ਕੋਰਸ ਕਰਵਾ ਰਹੀ ਹੈ। ਕੈਂਪਸ 'ਚ ਫ੍ਰੀ ਹੌਟਸਪੌਟ ਦੇ ਨਾਲ ਦਫਤਰੀ ਕੰਮ-ਕਾਜ਼ ਦੀ ਰਫਤਾਰ ਵਧਾਉਣ ਲਈ ਈ-ਆਫਿਸ ਹੈ।ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵੱਖ-ਵੱਖ ਕਲੱਬ ਬਣੇ। ਦੇਸ਼-ਵਿਦੇਸ਼ ਦੀਆਂ 92 ਕੰਪਨੀਆਂ ਰਾਹੀਂ 80 ਫੀਸਦੀ ਪਲੇਸਮੈਂਟ ਦਿੱਤੀ ਜਾ ਰਹੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੋਢੀ ਸ੍ਰ ਤੇਜਾ ਸਿੰਘ ਸਮੁੰਦਰੀ ਤੋਂ ਲੈ ਕਿ ਡਾ. ਜਸਪਾਲ ਸਿੰਘ ਸੰਧੂ ਤਕ ਦੇ ਸਾਰੇ ਉਪ-ਕੁਲਪਤੀਆਂ ਵੱਲੋਂ
ਸਮੇਂ-ਸਮੇਂ ਯੂਨੀਵਰਸਿਟੀ ਨੂੰ ਉਚੇਰੀ ਸਿੱਖਿਆ ਦੇ ਖੇਤਰ ਵਿਚ ਬੁਲੰਦੀਆਂ 'ਤੇ ਲੈ ਕਿ ਜਾਣ ਵਿਚ ਅਹਿਮ ਯੋਗਦਾਨ ਪਾਇਆ ਹੈ।ਜਿਸ ਦੀ ਬਦੌਲਤ ਯੂਨੀਵਰਸਿਟੀ ਦੇ ਵਿਦਿਆਰਥੀ ਸਿਰਫ ਰਾਸ਼ਟਰੀ ਅਤੇ ਅੰਤਰਾਸ਼ਟੀ ਪੱਧਰ ਦੇ ਸਰਕਾਰੀ ਅਤੇ ਗੈਰ -ਸਰਕਾਰੀ ਆਦਰਿਆਂ ਦੇ ਵਿਚ ਉੱਚੇ ਅਹੁਦਿਆਂ 'ਤੇ ਹੀ ਨਹੀਂ ਪਹੁੰਚੇ ਹੋਏ ਸਗੋਂ ਉਹ ਗਿਆਨਵਾਨ ਅਤੇ ਸਿਹਤਮੰਦ ਸਭਿਅਕ ਸਮਾਜ ਸਿਰਜਣ ਵਿਚ ਵੀ ਅਹਿਮ ਭੂਮਿਕਾ ਰਹੇ ਹਨ। ਇਸ ਸਮੇਂ ਯੂਨੀਵਰਸਿਟੀ ਦਾ ਸਮੁੱਚਾ ਭਾਈਚਾਰਾ ਜਿੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਿਸ਼ਵ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿਚ ਸ਼ੁਮਾਰ ਕਰਨ ਲਈ ਲਗਾਤਾਰ ਮਿਹਨਤ ਕਰ ਰਿਹਾ ਉੱਥੇ ਯੂਨੀਵਰਸਿਟੀ ਨੂੰ ਅੱਗੇ ਲੈ ਕਿ ਜਾਣ ਵਾਲਿਆ ਦਾ ਧੰਨਵਾਦ ਵੀ ਕਰਦਾ ਹੈ ਅਤੇ ਨਿਰੰਤਰ ਸਹਿਯੋਗ ਦੇਣ ਲਈ ਯੂਨੀਵਰਸਿਟੀ ਨਾਲ ਜੁੜਨ ਅਤੇ 55ਵੇਂ ਸਥਾਪਨਾ ਦਿਵਸ ਦੇ ਜਸ਼ਨਾਂ ਦਾ ਹਿੱਸਾ ਬਣਨ ਦਾ ਸੱਦਾ ਵੀ ਦਿੰਦਾ ਹੈ। ਸਥਾਪਨਾ ਦਿਵਸ ਦਾ ਇਹ ਮਹੱਤਵਪੂਰਨ ਦਿਨ ਯੂਨੀਵਰਸਿਟੀ ਦੇ ਮਿਸ਼ਨ ਦੀ ਵਚਨਬੱਧਤਾ ਨੂੰ ਦੁਹਰਾਉਦਾ ਹੈ ਕਿ ਜਿਸ ਦ੍ਰਿਸ਼ਟੀ ਨਾਲ ਇਸ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਉਸੇ ਦ੍ਰਿਸ਼ਟੀ ਵਿਚ ਅੱਗੇ ਵੱਧ ਦੀ ਹੋਈ ਉਚੇਰੀ ਸਿੱਖਿਆ ਦੇ ਖੇਤਰ ਵਿਚ ਕ੍ਰਾਂਤੀ ਲਿਉਣ ਦਾ ਕੰਮ ਕਰੇਗੀ।ਜਿਵੇ ਪਹਿਲਾ ਯੂਨੀਵਰਸਿਟੀ ਨੇ "ਵਾਤਾਵਰਣ ਸਥਿਰਤਾ ਅਤੇ ਡਿਜੀਟਲ ਪਰਿਵਰਤਨ" ਵਿਚ ਪਹਿਲਕਦਮੀਆਂ ਕੀਤੀਆਂ ਹਨ ਉਵੇਂ ਹੀ ਭਵਿੱਖ ਵਿਚ ਯੂਨੀਵਰਸਿਟੀ ਦਾ ਉਦੇਸ਼ ਨਵੀਆਂ ਉਚਾਈਆਂ ਨੂੰ ਛੂਹਣਾ , ਚੰਗੇ ਅਤੇ ਉਸਾਰੂ ਸਬੰਧਾਂ ਨੂੰ ਸਥਾਪਿਤ ਕਰਨਾ ਅਤੇ ਨੈਤਿਕ ਕਦਰਾਂ -ਕੀਮਤਾਂ ਕਾਇਮ ਰਹਿਣ ਦਾ ਸਕੰਲਪ ਲੈਂਦੀ ਹੈ। ਆਓ ਮਿਲ ਕੇ, ਨਵੀਂ ਊਰਜਾ ਅਤੇ ਉਦੇਸ਼ ਨੇ ਨਾਲ ਯੂਨੀਵਰਸਿਟੀ ਦੇ 55ਵੇਂ ਸਥਾਪਨਾ ਸਮਾਰੋਹ ਦਾ ਹਿੱਸਾ ਬਣੀਏ।
-
ਪ੍ਰਵੀਨ ਪੁਰੀ, ਡਾਇਰੈਕਟਰ ਲੋਕ ਸੰਪਰਕ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।
purigndu@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.