ਸੁੰਦਰ ਲਿਖਾਈ ਦਾ ਹੋਣਾ ਬਹੁਤ ਜ਼ਰੂਰੀ
ਵਿਜੈ ਗਰਗ
ਜਦੋਂ ਬੱਚਾ ਬਚਪਨ ’ਚ ਪੈੱਨ ਜਾਂ ਪੈਨਸਿਲ ਫੜਨਾ ਸਿੱਖਦਾ ਹੈ ਤਾਂ ਉਹ ਅਲੱਗ-ਅਲੱਗ ਦੀਵਾਰਾਂ ’ਤੇ ਅਲੱਗ-ਅਲੱਗ ਚਿੱਤਰ ਉਲੀਕਦਾ ਹੈ ਯਾਨੀ ਉਹ ਪੈਨਸਿਲ ਜਾਂ ਪੈੱਨ ਨੂੰ ਹਰ ਥਾਂ ’ਤੇ ਚਲਾਉਂਦਾ ਹੈ, ਜਿਵੇਂ ਦੀਵਾਰਾਂ, ਫਰਸ਼, ਦਰਵਾਜ਼ਿਆਂ, ਹੱਥਾਂ-ਪੈਰਾਂ, ਕੱਪੜਿਆਂ,ਚਾਦਰਾਂ ’ਤੇ, ਜਿੱਥੇ ਵੀ ਉਸ ਨੂੰ ਥਾਂ ਮਿਲਦੀ ਹੈ। ਉਦੋਂ ਉਸ ਨੂੰ ਅੱਖ਼ਰਾਂ ਦਾ ਗਿਆਨ ਨਹੀਂ ਹੁੰਦਾ। ਇਨ੍ਹਾਂ ਅੱਖ਼ਰਾਂ ਦਾ ਗਿਆਨ ਅਰਥਾਤ ਅੱਖ਼ਰਾਂ ਦੀ ਬਣਤਰ ਉਸ ਨੂੰ ਮਾਂ ਜਾਂ ਪਹਿਲੀ ਅਧਿਆਪਕਾ ਹੀ ਸਿਖਾਉਂਦੀ ਹੈ। ਇਨ੍ਹਾਂ ਅੱਖ਼ਰਾਂ ਦੀ ਬਣਤਰ ਨਾਲ ਹੀ ਸੁੰਦਰ ਲਿਖਾਈ ਦਾ ਨਿਰਮਾਣ ਹੁੰਦਾ ਹੈ। ਅੱਜ-ਕੱਲ੍ਹ ਦੇ ਬੱਚੇ ਨਾ ਤਾਂ ਸੁੰਦਰ ਲਿਖਾਈ ਵੱਲ ਕੋਈ ਧਿਆਨ ਦਿੰਦੇ ਹਨ ਤੇ ਨਾ ਹੀ ਅਧਿਆਪਕ ਇਸ ਦਿਸ਼ਾ ’ਚ ਖ਼ਾਸ ਉਪਰਾਲੇ ਕਰਨ ਦੀ ਲੋੜ ਸਮਝਦੇ ਹਨ, ਜਦੋਂਕਿ ਅਸਲੀਅਤ ਇਹ ਹੈ ਕਿ ਭਵਿੱਖ ’ਚ ਸਫਲਤਾ ਲਈ ਸੁੰਦਰ ਲਿਖਾਈ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿਸੇ ਵਿਅਕਤੀ ਦੇ ਸੁਭਾਅ ਤੇ ਸ਼ਖ਼ਸੀਅਤ ਦਾ ਪਤਾ ਉਸ ਦੀ ਹੱਥ ਲਿਖਤ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ। ਜੇ ਅਧਿਆਪਕ ਸੁੰਦਰ ਅੱਖ਼ਰਾਂ ਦਾ ਗਿਆਨ ਬੱਚੇ ਨੂੰ ਬਚਪਨ ਵਿਚ ਹੀ ਦੇ ਦੇਵੇ ਤਾਂ ਵਿਦਿਆਰਥੀ ਦੀ ਪੂਰੀ ਜ਼ਿੰਦਗੀ ਸੁੰਦਰ ਲਿਖਾਈ ਲਿਖਣ ਵਿਚ ਰੁਚੀ ਬਣੀ ਰਹਿੰਦੀ ਹੈ।
ਸਹੀ ਪੈੱਨ ਦੀ ਵਰਤੋਂ
ਬੱਚੇ ਨੂੰ ਬਚਪਨ ਤੋਂ ਹੀ ਸਿਆਹੀ ਵਾਲਾ ਪੈੱਨ, ਹੋਲਡਰ ਜਾਂ ਕਲਮ ਦੇ ਕੇ ਅਭਿਆਸ ਕਰਵਾਇਆ ਜਾਵੇ। ਪੁਰਾਤਨ ਸਮੇਂ ’ਚ ਅਕਸਰ ਕੁਝ ਵੀ ਲਿਖਣ ਲਈ ਮੋਰ ਦਾ ਖੰਭ ਵਰਤਿਆ ਜਾਂਦਾ ਸੀ। ਸੋਹਣੀ ਲਿਖਾਈ ਲਿਖਣ ਲਈ ਬਾਲ ਪੈੱਨ ਮਾੜਾ ਮੰਨਿਆ ਜਾਂਦਾ ਹੈ। ਇਸ ਦਾ ਕਾਰਨ ਹੈ ਕਿ ਇਹ ਸੌਖਿਆਂ ਹੀ ਹਰ ਕੋਣ ’ਤੇ ਘੁੰਮ ਜਾਂਦਾ ਹੈ। ਕਲਮ ਜਾਂ ਸਿਆਹੀ ਵਾਲਾ ਪੈੱਨ ਖ਼ਾਸ ਕੋਣ ’ਤੇ ਹੀ ਘੁੰਮਦਾ ਹੈ। ਇਸ ਲਈ ਸਿਆਹੀ ਵਾਲੇ ਪੈੱਨ ਤੇ ਕਲਮ ਨਾਲ ਸੁੰਦਰ ਲਿਖਾਈ ਹੁੰਦੀ ਹੈ।
ਅਭਿਆਸ
ਜੇ ਤੁਸੀਂ ਬੱਚੇ ਨੂੰ ਵੱਖ-ਵੱਖ ਤਰ੍ਹਾਂ ਦੀਆਂ ਲਿਖਣ ਸ਼ੈਲੀਆਂ ਸਿਖਾਉਣਾ ਚਾਹੁੰਦੇ ਹੋ, ਤਾਂ ਬੱਚੇ ਦੇ ਸਾਹਮਣੇ ਉਸ ਸ਼ੈਲੀ ਦਾ ਮਾਡਲ ਹੋਣਾ ਚਾਹੀਦਾ ਹੈ। ਹਰ ਬੱਚੇ ਨੂੰ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਦੀ ਲਿਖਾਈ ਦੇ ਪੰਨੇ ਹਰ ਰੋਜ਼ ਅਭਿਆਸ ਦੇ ਤੌਰ ’ਤੇ ਲਿਖਣੇ ਚਾਹੀਦੇ ਹਨ, ਜਿਸ ਨਾਲ ਉਸ ਦੀ ਲਿਖਾਈ ਸੁੰਦਰ ਹੋ ਸਕਦੀ ਹੈ। ਵਿਦਿਆਰਥੀ ਨੂੰ ਹਰ ਨਵਾਂ ਪੰਨਾ ਲਿਖਣ ਵੇਲੇ ਪਿਛਲੇ ਪੰਨੇ ਦੇ ਅੱਖ਼ਰਾਂ ਦੀ ਖ਼ਰਾਬ ਬਣਤਰ ’ਤੇ ਧਿਆਨ ਦੇਣਾ ਚਾਹੀਦਾ ਹੈ।
ਪੈੱਨ ਜਾਂ ਪੈਨਸਿਲ ਨੂੰ ਫੜਨ ਦਾ ਢੰਗ
ਬੱਚੇ ਨੂੰ ਬਚਪਨ ਤੋਂ ਪੈੱਨ ਜਾਂ ਪੈਨਸਿਲ ਫੜਨ ਦਾ ਸਹੀ ਢੰਗ ਨਹੀਂ ਸਿਖਾਇਆ ਜਾਂਦਾ, ਜਿਸ ਕਰਕੇ ਪੈਨਸਿਲ ਨੂੰ ਗ਼ਲਤ ਫੜਨ ਦੇ ਢੰਗ ਨਾਲ ਲਿਖਣ ਵਿਚ ਮੁਸ਼ਕਲ ਆਉਂਦੀ ਹੈ। ਬੱਚੇ ਨੂੰ ਅੰਗੂਠੇ ਤੇ ਦੂਜੀ ਉਂਗਲੀ ਦੇ ਵਿਚਕਾਰ ਪੈਨਸਿਲ ਫੜਨੀ ਸਿਖਾਓ। ਇਸ ਤਰੀਕੇ ਨਾਲ ਪੈਨਸਿਲ ਫੜੀ ਰੱਖਣ ਨਾਲ ਬੱਚੇ ਨੂੰ ਲਿਖਣਾ ਸੌਖਾ ਹੋ ਜਾਵੇਗਾ। ਅਕਸਰ ਬੱਚੇ ਪੈੱਨ ਨੂੰ ਬਹੁਤ ਹੀ ਥੱਲਿਓਂ ਫੜਦੇ ਹਨ, ਜਿਸ ਨਾਲ ਅੱਖ਼ਰਾਂ ਦੀ ਬਣਤਰ ਤਾਂ ਗ਼ਲਤ ਬਣਦੀ ਹੀ ਹੈ ਸਗੋਂ ਲਿਖਾਈ ਤੇਜ਼ ਵੀ ਨਹੀਂ ਹੁੰਦੀ ਤੇ ਜਿਸ ਬਾਂਹ ਨਾਲ ਬੱਚਾ ਲਿਖਦਾ ਹੈ, ਉਸ ਦੀ ਸੈਂਟਰ ਵਾਲੀ ਨਾੜੀ ਜਾਂ ਉਂਗਲਾਂ ਵੀ ਦਰਦ ਕਰਨ ਲੱਗ ਜਾਂਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਪੈੱਨ ਸਵਾ ਇੰਚੀ ਜਾਂ ਡੇਢ ਇੰਚੀ ਉੱਪਰੋਂ ਫੜਨਾ ਸਿਖਾਉਣਾ ਚਾਹੀਦਾ ਹੈ।
ਇੱਕੋ ਆਕਾਰ ਦੇ ਅੱਖ਼ਰਾਂ
ਬੱਚਿਆਂ ਨੂੰ ਪਹਿਲਾਂ ਇੱਕੋ ਆਕਾਰ ਵਾਲੇ ਅੱਖ਼ਰ ਵਾਹੁਣੇ ਸਿਖਾਉਣੇ ਚਾਹੀਦੇ ਹਨ। ਜੇ ਪੰਜਾਬੀ ਦੀ ਗੱਲ ਕਰੀਏ ਤਾਂ ਇਸ ’ਚ ਕਈ ਅੱਖ਼ਰ ਅਜਿਹੇ ਹਨ, ਜਿਨ੍ਹਾਂ ਦੀ ਬਣਤਰ ਆਪਸ ’ਚ ਕਾਫ਼ੀ ਮਿਲਦੀ-ਜੁਲਦੀ ਹੈ, ਜਿਵੇਂ ਖ, ਥ, ਧ, ਪ, ਇਸੇ ਤਰ੍ਹਾਂ ੲ ਟ ਫ ਞ ਆਦਿ। ਇਨ੍ਹਾਂ ਦੇ ਅਭਿਆਸ ਨਾਲ ਬੱਚੇ ਦੇ ਅੱਖ਼ਰਾਂ ਦੀ ਬਣਤਰ ਹੋਰ ਦਰੁਸਤ ਹੋ ਜਾਂਦੀ ਹੈ।
ਲਾਈਨਦਾਰ ਪੇਜ਼ ਦੀ ਵਰਤੋਂ
ਲਾਈਨਦਾਰ ਪੇਜ਼ ਦੀ ਵਰਤੋਂ ਨਾਲ ਬੱਚੇ ਦੀ ਲਿਖਾਈ ਖ਼ਰਾਬ ਹੁੰਦੀ ਹੈ। ਇਸ ਦੀ ਥਾਂ ਬਿਨਾਂ ਲਾਈਨਦਾਰ ਪੇਜ਼ ’ਤੇ ਲਿਖਣਾ ਸਿਖਾਉਣਾ ਚਾਹੀਦਾ ਹੈ, ਤਾਂ ਜੋ ਬੱਚਾ ਲਿਖਦੇ ਸਮੇਂ ਬਿਨਾਂ ਲਾਈਨ ਤੋਂ ਹੀ ਸਿੱਧੀ ਲਾਈਨ ਵਿਚ ਅੱਖ਼ਰਾਂ ਨੂੰ ਲਿਖ ਸਕੇ।
ਸਲੇਟ ਜਾਂ ਵ੍ਹਾਈਟ ਬੋਰਡ ਦੀ ਵਰਤੋਂ
ਛੋਟੇ ਬੱਚੇ ਨੂੰ ਲਿਖਣਾ ਸਿਖਾਉਣ ਲਈ ਸਲੇਟ ਜਾਂ ਵ੍ਹਾਈਟ ਬੋਰਡ ਅਤੇ ਮਾਰਕਰ ਦੀ ਵਰਤੋਂ ਕਰੋ। ਬੋਰਡ ’ਤੇ ਕੁਝ ਲਿਖ ਕੇ ਬੱਚੇ ਨੂੰ ਦੱਸੋ ਕਿ ਅੱਖ਼ਰ ਕਿਵੇਂ ਸ਼ੁਰੂ ਹੁੰਦਾ ਹੈ। ਬੱਚੇ ਨੂੰ ਕਾਪੀ ਉਦੋਂ ਦਿਉ, ਜਦੋਂ ਤਕ ਉਹ ਇਸ ’ਤੇ ਸਹੀ ਢੰਗ ਨਾਲ ਲਿਖਣਾ ਨਹੀਂ ਸਿੱਖਦਾ। ਜਦੋਂ ਬੱਚਾ ਬੋਰਡ ’ਤੇ ਲਿਖਣਾ ਸਿੱਖ ਲੈਂਦਾ ਹੈ, ਤਾਂ ਉਸ ਨੂੰ ਕਾਗਜ਼ ’ਤੇ ਲਾਈਨਾਂ ਦੇ ਵਿਚਕਾਰ ਲਿਖਣਾ ਸਿਖਾਓ। ਸੁੰਦਰ ਲਿਖਾਈ ਲਈ ਲੱਕੜੀ ਦੀ ਫੱਟੀ ਜਾਂ ਸਲੇਟ ਦਾ ਪ੍ਰਯੋਗ ਸਭ ਤੋਂ ਵਧੀਆ ਮੰਨਿਆ ਗਿਆ ਹੈ ਪਰ ਅੱਜ ਦੇ ਸਮੇਂ ਵਿਚ ਦੋਵੇਂ ਹੀ ਖ਼ਤਮ ਹੋ ਚੁੱਕੀਆਂ ਹਨ। ਇਨ੍ਹਾਂ ਨੂੰ ਦੁਬਾਰਾ ਤੋਂ ਵਰਤੋਂ ’ਚ ਲਿਆਉਣਾ ਚਾਹੀਦਾ ਹੈ।
ਔਖੇ ਅੱਖ਼ਰਾਂ ਦੀ ਬਣਤਰ
ਕੁਝ ਅੱਖ਼ਰ ਇਸ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਨੂੰ ਲਿਖਣ ਵਿਚ ਬੱਚਾ ਔਖਿਆਈ ਮੰਨਦਾ ਹੈ। ਇਸ ਲਈ ਜ਼ਰੂਰੀ ਹੈ ਕਿ ਬੱਚਾ ਉਨ੍ਹਾਂ ਦਾ ਅਭਿਆਸ ਪੂਰੀ ਜ਼ਿੰਦਗੀ ਕਰੇ
ਬੱਚੇ ਦਾ ਬੈਠਣ ਦਾ ਸਥਾਨ
ਬੱਚੇ ਲਈ ਇਹ ਜ਼ਰੂਰੀ ਹੈ ਕਿ ਉਸ ਦੇ ਬੈਠਣ ਦਾ ਸਥਾਨ ਸਹੀ ਹੋਵੇ। ਬੱਚੇ ਦੇ ਸਟੱਡੀ ਟੇਬਲ ਦੀ ਉਚਾਈ ਸਹੀ ਹੋਣੀ ਚਾਹੀਦੀ ਹੈ। ਟੇਬਲ ਇੰਨਾ ਉੱਚਾ ਹੋਣਾ ਚਾਹੀਦਾ ਹੈ, ਜਿਸ ’ਤੇ ਉਹ ਆਰਾਮ ਨਾਲ ਆਪਣੀਆਂ ਕੂਹਣੀਆਂ ਨੂੰ ਟਿਕਾ ਕੇ ਲਿਖ ਸਕੇ। ਇਹ ਵੀ ਜ਼ਰੂਰੀ ਹੈ ਕਿ ਬੱਚੇ ਲਈ ਕੁਰਸੀ ਅਜਿਹੀ ਹੋਣੀ ਚਾਹੀਦੀ ਹੈ ਕਿ ਇਸ ’ਤੇ ਬੈਠਣ ਤੇ ਬੱਚੇ ਦੇ ਪੈਰ ਆਸਾਨੀ ਨਾਲ ਜ਼ਮੀਨ ਤਕ ਪਹੁੰਚ ਸਕਣ, ਤਾਂ ਜੋ ਬੱਚੇ ਨੂੰ ਕੋਈ ਸਮੱਸਿਆ ਨਾ ਆਵੇ।
ਮਾਤਰਾਵਾਂ ਦਾ ਖ਼ਾਸ ਅਭਿਆ
ਸੁੰਦਰ ਲਿਖਾਈ ਲਈ ਜ਼ਰੂਰੀ ਹੈ ਕਿ ਸ਼ਬਦਾਂ ’ਚ ਵਰਤੀਆਂ ਜਾਣ ਵਾਲੀਆਂ ਮਾਤਰਾਵਾਂ ਬਿੰਦੀ, ਟਿੱਪੀ, ਸਿਹਾਰੀ, ਬਿਹਾਰੀ, ਔਂਕੜ ਦੁਲੈਂਕੜ, ਹੋੜਾ, ਕਨੌੜਾ ਸਾਰਿਆਂ ਦਾ ਖ਼ਾਸ ਅਭਿਆਸ ਕੀਤਾ ਜਾਵੇ। ਅਕਸਰ ਅਧਿਆਪਕ ਇਨ੍ਹਾਂ ਵੱਲ ਘੱਟ ਧਿਆਨ ਦਿੰਦੇ ਹਨ।
ਬੱਚੇ ਦਾ ਉਤਸ਼ਾਹ ਵਧਾਉਣਾ
ਜਦੋਂ ਬੱਚਾ ਚੰਗਾ ਲਿਖਦਾ ਹੈ ਤਾਂ ਇਹ ਜ਼ਰੂਰੀ ਹੈ ਕਿ ਚੰਗੇ ਲਿਖਣ ਲਈ ਬੱਚੇ ਦੀ ਤਾਰੀਫ਼ ਕਰੋ। ਇਸ ਨਾਲ ਉਸ ਦਾ ਉਤਸ਼ਾਹ ਵਧੇਗਾ ਤੇ ਉਹ ਵਧੀਆ ਲਿਖਾਈ ’ਚ ਲਿਖਣ ਦੀ ਹੋਰ ਕੋਸ਼ਿਸ਼ ਕਰੇਗਾ। ਬੱਚੇ ਨੂੰ ਲਿਖਣ ਦੇ ਪ੍ਰਾਜੈਕਟ ਦੇ ਕੇ ਉਸ ਦੀ ਲਿਖਤ ਨੂੰ ਸੁਧਾਰਨ ਲਈ ਵੀ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਤੁਸੀਂ ਉਸ ਨੂੰ ਬਹੁਤ ਸਾਰੇ ਪ੍ਰਾਜੈਕਟ ਦਿਉ। ਅਰਥਾਤ ਵੱਖ-ਵੱਖ ਤਰ੍ਹਾਂ ਦੇ ਕੈਲੀਗ੍ਰਾਫੀ ਨਮੂਨਿਆਂ ਲਈ ਬੱਚੇ ਨੂੰ ਪ੍ਰੇਰਿਤ ਕੀਤਾ ਜਾਵੇ।
ਪ੍ਰੀਖਿਆ ਲਈ ਜ਼ਰੂਰੀ
ਆਮ ਤੌਰ ’ਤੇ ਬੱਚੇ ਸੁੰਦਰ ਲਿਖਾਈ ਵੱਲ ਧਿਆਨ ਨਹੀਂ ਦਿੰਦੇ। ਉਹ ਸਮਝਦੇ ਹਨ ਕਿ ਪੜ੍ਹਾਈ ਵਿਚ ਚੰਗਾ ਪ੍ਰਦਰਸ਼ਨ ਕਰਨ ਲਈ ਸੁੰਦਰ ਲਿਖਾਈ ਦਾ ਹੋਣਾ ਜ਼ਰੂਰੀ ਨਹੀਂ ਹੈ ਪਰ ਜਦੋਂ ਪ੍ਰੀਖਿਆ ਵਿਚ ਸਾਰੇ ਸਹੀ ਉੱਤਰ ਲਿਖਣ ਦੇ ਬਾਵਜੂਦ ਉਨ੍ਹਾਂ ਨੂੰ ਸਾਫ਼ ਲਿਖਾਈ ਨਾ ਹੋਣ ਕਰਕੇ ਘੱਟ ਅੰਕ ਮਿਲਦੇ ਹਨ।
ਲਿਖਾਈ ਸਾਫ਼ ਨਾ ਹੋਣ ਕਰਕੇ ਅਧਿਆਪਕ ਬੱਚੇ ਦਾ ਪੇਪਰ ਸਹੀ ਢੰਗ ਨਾਲ ਨਹੀਂ ਪੜ੍ਹ ਪਾਉਂਦੇ, ਜਿਸ ਕਾਰਨ ਉਨ੍ਹਾਂ ਨੂੰ ਜਵਾਬ ਸਹੀ ਹੋਣ ਦੇ ਬਾਵਜੂਦ ਘੱਟ ਅੰਕ ਆਉਂਦੇ ਹਨ। ਇਸ ਲਈ ਲਿਖਾਈ ਦਾ ਸੁੰਦਰ ਤੇ ਸਪਸ਼ਟ ਹੋਣਾ ਬਹੁਤ ਜ਼ਰੂਰੀ ਹੈ।
-
ਵਿਜੈ ਗਰਗ, ਸੇਵਾਮੁਕਤ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.