ਖ਼ਬਰ ਹੈ ਕਿ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਰਾਜਪਾਲ ਪੰਜਾਬ ਨੂੰ ਕਿਸਾਨ ਪਰਿਵਾਰਾਂ ਦੀਆਂ ਡੇਢ ਲੱਖ ਚਿੱਠੀਆਂ ਦੇਣ ਲਈ ਕਿਸਾਨਾਂ ਨੇ ਚੰਡੀਗੜ ਵੱਲ ਚਾਲੇ ਪਾਏ। ਇਸ ਜਲੂਸ ਵਿੱਚ ਕਿਸਾਨਾਂ ਨੇ ਦੋ ਬਲਦ ਗੱਡੀਆਂ 'ਤੇ ਚਿੱਠੀਆਂ ਲੱਦੀਆਂ ਹੋਈਆਂ ਸਨ। ਕਿਸਾਨਾਂ ਨੇ ਹੱਥਾਂ ਵਿੱਚ ਕਿਸਾਨਾਂ ਦੀਤਰਸਦੀ ਨੂੰ ਬਿਆਨ ਕਰਦੇ ਬੈਨਰ ਚੁੱਕੇ ਹੋਏ ਸਨ। ਕਿਸਾਨ ਸਰਕਾਰ ਨੂੰ ਪੁੱਛਦੇ ਹਨ ਕਿ ਕੀ ਉਹ ਦੇਸ਼ ਵਿਚ ਆਜ਼ਾਦ ਨਾਗਰਿਕ ਹਨ ਜਾਂ ਮਾਡਰਨ ਗੁਲਾਮ ? ਸਰਕਾਰ ਉਨਾਂ ਨੂੰ ਇਨਸਾਨ ਸਮਝਦੀ ਹੈ ਜਾਂ ਦਾਣੇ ਬਣਾਉਣ ਵਾਲੀ ਮਸ਼ੀਨ? ਕਿਸਾਨਾਂ ਦਾ ਇਹ ਜਲੂਸ ਜਦੋਂ ਚੰਡੀਗੜ ਗੀਤਾ ਭਵਨਕੋਲ ਪੁੱਜਾ ਤਾਂ ਪੁਲਿਸ ਨੇ ਜਲੂਸ ਨੂੰ ਅੱਗੇ ਵਧਣੋਂ ਰੋਕ ਦਿਤਾ।
ਚਿੱਠੀ ਪਾਉ ਡੇਢ ਲੱਖ, ਚਿੱਠੀ ਪਾਉ ਡੇਢ ਕਰੋੜ, ਚਿੱਠੀ ਪਾਉ ਸਵਾ ਅਰਬ, ਜਵਾਬ ਦੇਣ ਲਈ ਸਰਕਾਰ ਕੋਲ ਟਕਾ ਹੈ ਨਹੀਂ, ਜੁਮਲੇ ਤੇ ਗੱਲਾਂ ਬਾਤਾਂ ਸੁਨਣੀਆਂ ਆਂ ਤਾਂ ਆਲ ਇੰਡੀਆ ਰੇਡੀਓ ਲਾਉ ਤੇ ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਸੁਣੋ, ਜੀਹਦੇ ਕੋਲ ਕਿਸਾਨ ਮਜ਼ੂਦਰ ਨੂੰ ਦੇਣ ਲਈ ਲਾਰੇ ਆਅਤੇ ਕਾਰਪੋਰੇਟੀਆਂ ਨੂੰ ਦੇਣ ਲਈ ਰਿਅਇਤਾਂ ਤੇ ਟੈਕਸ ਛੋਟਾਂ। ਪਿਛਲੇ ਦਸ ਵਰਿਆਂ 'ਚ ਭਾਈ ਕਾਰਪੋਰੇਟ ਘਰਣਿਆਂ ਨੂੰ ਦਿਤਾ ਆ ਕੇਂਦਰੀ ਸਰਕਾਰ ਨੇ 42 ਲੱਖ ਕਰੋੜ ਤੇ ਕਿਸਾਨਾਂ ਮਜ਼ੂਦਰਾਂ ਪੱਲੇ ਪਾਈ ਆ ਗਰੀਬੀ, ਜਲਾਲਤ, ਖੁਦਕੁਸ਼ੀਆਂ ਤੇ ਅਨਪੜਤਾ!ਜਿਹੜੀਆਂ ਚਿੱਠੀਆਂ ਤੁਸਾਂ ਸੱਜਣਾਂ ਨੂੰਲਿਖ ਪਾਈਆਂ ਨੇ, ਉਨਾਂ 'ਚ ਜ਼ਰੂਰ ਤੁਸਾਂ ਲਿਖਿਆ ਹੋਊ, ਸਾਡੇ ਬੱਚਿਆਂ ਨੂੰ ਸਿਹਤ ਸਹੂਲਤਾਂ ਨਹੀਂ। ਜ਼ਰੂਰ ਤੁਸਾਂ ਲਿਖਿਆ ਹੋਊ, ਸਾਡੇ ਬੱਚਿਆਂ ਨੂੰ ਸਕੂਲਾਂ 'ਚ ਪੜਨ ਲਈ ਫੱਟੀ, ਬਸਤਾ, ਕੈਦਾ ਨਹੀਂ ਮਿਲਦਾ।ਜਰੂਰ ਤੁਸੀਂ ਲਿਖਿਆ ਹੋਊ ਕਿ ਸਾਡਾ ਰੋਮ-ਰੋਮ ਕਰਜ਼ਾਈ ਆ, ਸਾਡੀਆਂ ਧੀਆਂਵਿਆਹ ਖੁਣੋਂ ਘਰ ਦੀ ਦਹਿਲੀਜ਼ ਬੈਠੀਆਂ ਆਂ!ਜਰੂਰ ਤੁਸੀਂ ਲਿਖਿਆ ਹੋਊ, ਗਰਮੀ ਦੀ ਰੁੱਤੇ ਨੰਗੇ ਪਿੰਡੇ ਰਹਿੰਨੇ ਆ, ਸਰਦੀ ਰੁੱਤੇ ਝੁੰਬਲ ਮਾਰਨ ਲਈ ਖੇਸੀ ਨਹੀਂ, ਬਰਸਾਤ ਚ ਘਰ ਤਿੱਪ ਤਿੱਪ ਚੋਂਦੇ ਆ। ਪਰ ਭਾਈ, ਬੋਲੇ ਅੱਗੇ ਬੀਨ ਵਜਾਉਣ ਦਾ ਕੋਈ ਹੈ ਫਾਇਦਾ?ਉਹ ਭੋਲਿਓ ਪਾਤਸ਼ਾਹੋ,ਸਰਕਾਰ ਦੇ ਪੱਲੇ ਨਾ ਪਾਣੀ ਨਾ ਧਾਣੀ, ਤੁਹਾਡੀ ਚਿੱਠੀ ਮੁੜ ਕਿਥੋਂ ਆਣੀ?
ਮਾਈ ਬੁੱਢੀ ਦੀ ਪੀਂਘ
ਖ਼ਬਰ ਹੈ ਕਿ ਮਨੀਪੁਰ ਦੀ ਇਰੋਮ ਚਾਨੂੰ ਸ਼ਰਮੀਲਾ ਨੇ ਕੁਝ ਦਿਨ ਪਹਿਲਾਂ ਸੋਲਾਂ ਸਾਲਾਂ ਤੋਂ ਜਾਰੀ ਆਪਣੀ ਭੁਖ ਹੜਤਾਲ 2 ਨਵੰਬਰ 2000ਨੂੰ ਸ਼ੁਰੂ ਕੀਤੀ ਸੀ।ਉਸ ਦਿਨ ਮਨੀਪੁਰ ਦੇ ਮਲੋਮ ਸ਼ਹਿਰ ਦੇ ਇੱਕ ਬੱਸ ਅੱਡੇ ਤੋਂ ਬੱਸ ਦਾ ਇੰਤਜਾਰ ਕਰ ਰਹੇ ਦਸ ਲੋਕਾਂ ਨੂੰ ਅਸਾਮ ਰਾਈਫਲਜ਼ ਦੇ ਜਵਾਨਾਂਨੇ ਮਾਰ ਦਿਤਾ ਸੀ। ਮਰਨ ਵਾਲਿਆਂ ਵਿੱਚ 62 ਸਾਲ ਦੀ ਇੱਕ ਔਰਤ ਤੋਂ ਬਿਨਾਂ 18ਵਰਿ•ਆਂ ਦੀ ਸਿਨਮ ਚੰਦਰਮਣੀ ਸੀ, ਜਿਸਨੂੰ 1988 ਵਿਚ ਰਾਸ਼ਟਰੀ ਵੀਰਤਾ ਪੁਰਸਕਾਰ ਸਰਕਾਰ ਵਲੋਂ ਮਿਲਿਆ ਹੋਇਆ ਸੀ। ਉਸੇ ਦਿਨ ਤੋਂ ਅਫਸਮਾ, [ਸਸ਼ਤਰ ਬੱਲ ਵਿਸ਼ੇਸ਼ ਅਧਿਕਾਰ ਕਾਨੂੰਨ]ਜੋ 1958ਵਿੱਚ ਪਾਸ ਕੀਤਾ ਗਿਆ ਸੀ ਅਤੇ ਇਸ ਕਾਨੂੰਨ ਨੂੰ ਉਨਾਂ ਵਿਸ਼ੇਸ਼ ਸਥਾਨਾਂ ਉਤੇ ਲਾਗੂ ਕੀਤਾ ਜਾਂਦਾ ਹੈ, ਜਿਥੇ ਸਰਕਾਰ ਅਨੁਸਾਰ ਵਿਸ਼ੇਸ਼ ਹਾਲਤਾਂ ਹੋਣ, ਨੂੰ ਖਤਮ ਕਰਨ ਲਈ ਇਰੋਮ ਚਾਨੂੰ ਸ਼ਰਮੀਲਾ ਨੇ ਭੁਖ ਹੜਤਾਲ ਕੀਤੀ ਸੀ ਤਾਂ ਕਿ ਅਫਸਮਾ ਅਧੀਨ ਬੇ ਦੋਸ਼ੇ ਲੋਕਾਂ ਦਾ ਕਤਲ ਨਾ ਕੀਤਾ ਜਾਸਕੇ।
ਸਦੀਆਂ ਦਾ ਗੁਲਾਮ ਦੇਸ਼ ਪਹਿਲਾਂ ਗੋਰਿਆਂ ਚੂੰਡ ਲਿਆ, ਨੋਚ ਲਿਆ, ਫਿਰ ਦੇਸੀ ਹਾਕਮਾਂ, ਵਿਦੇਸ਼ੀ ਕਾਨੂੰਨ ਲਾਗੂ ਕਰਕੇ ਠੂੰਹ-ਠਾਂਹ” ਕਰਕੇ ਲੋਕਾਂ ਨੂੰ ਡਰਾ ਲਿਆ, ਧਮਕਾ ਲਿਆ ਤੇ ਮੁੜ ਤਾਕਤ ਚ ਰਹਿਣ ਲਈ ਦੇਸ਼ ਦੇ ਲੋਕਾਂ ਨੂੰ ਥੈਲੇ ਚ ਪਾ ਲਿਆ! ਕਦੇ ਮਨੀਪੁਰ, ਕਦੇ ਪੰਜਾਬ ਕਦੇ ਕਸ਼ਮੀਰ,ਗੋਲੀਆਂ ਦੇ ਸ਼ਰੇ ਚਲਦੇ ਰਹੇ, ਲੋਕਾਂ ਦੀ ਛਾਤੀ ਛਨਣੀ ਕਰਦੇ ਰਹੇ। ਪਰ ਅਜ਼ਾਦੀ ਦੀ ਦੇਵੀ ਮਾਈ ਬੁੱਢੀ ਆਪ ਪੀਂਘ ਝੂਟਦੀ ਰਹੀ, ਸ਼ਰਮੀਲਾ ਵਰਗੀਆਂ ਨੂੰ ਪੀਂਘ ਝੁਟਾਉਦੀ ਰਹੀ ਤੇ ਅਜ਼ਾਦੀ ਦੇ ਗੀਤ ਵੀ ਨਾਲੋ ਨਾਲ ਗੁਣ ਗਣਾਉਂਦੀ ਰਹੀ!
ਬਈ ਵਾਹ! ਬਰਸਾਤਾਂ ਬਾਅਦ ਕਿਸੇ ਵੇਖੀ ਹੈ ਮਾਈ ਬੁੱਢੀ ਦੀ ਪੀਂਘ? ਕਦੇ ਕਿਸੇ ਵੇਖਿਆ ਹੈ ਨਿਤਰੇ ਹੋਏ ਪਾਣੀਆਂ ਵਿੱਚ ਸੂਰਜ ਦੀਆਂ ਕਿਰਨਾਂ ਦਾ ਲੁਕਣ-ਮੀਟੀ ਖੇਡਣ ਦਾ ਨਜ਼ਾਰਾ?
ਮਾਈ ਬੁੱਢੀ ਦੀ ਪੀਂਘ ਤਾਂ ਭਾਈ ਸੱਤਾ ਦੇ ਵਿਹੜੇ ਦੀ ਹਲਚਲ ਹੁੰਦੀ ਆ। ਹੈ ਕਿ ਨਾ?
ਗਿਰਗਿਟ
ਖ਼ਬਰ ਹੈ ਕਿ ਦਲਿਤਾਂ ਉਤੇ ਅਤਿਆਚਾਰ ਮਾਮਲੇ ਵਿੱਚ ਸੜਕਾਂ ਪਰ ਉਤਰਨ ਨੂੰ ਬੇਤਾਬ ਰਹਿਣ ਵਾਲੇ ਜਿਆਦਾਤਰ ਸਾਂਸਦ ਇਸ ਵਿਸ਼ੇ ਉਤੇ ਲੋਕ ਸਭਾ ਵਿੱਚ ਹੋ ਰਹੀ ਚਰਚਾ ਤੋਂ ਹੀ ਦੂਰ ਨਜ਼ਰ ਆਏ।ਚਰਚਾ ਦੇ ਸਾਢੇ ਚਾਰ ਘੰਟੇ ਬੀਤ ਜਾਣ ਤੋਂ ਬਾਅਦ ਵੀ ਕਈ Àੁਘੇ ਨੇਤਾਵਾਂ ਸਮੇਤ ਇੱਕਤਿਹਾਈ ਸਾਂਸਦ ਸਦਨ ਵਿੱਚ ਨਹੀਂ ਸਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕਾਂਗਰਸੀ ਮੀਤ ਪ੍ਰਧਾਨ ਰਾਹੁਲ ਗਾਂਧੀ, ਮੁਲਾਇਮ ਸਿੰਘ ਯਾਦਵ, ਆਦਿ ਦਲਿਤਾਂ ਉਤੇ ਚਰਚਾ ਦੌਰਾਨ ਗੈਰਹਾਜ਼ਰ ਰਹੇ। ਦਲਿਤਾਂ ਦੇ ਖਿਲਾਫ ਹੋ ਰਹੀਆਂ ਹਿੰਸਕ ਘਟਨਾਵਾਂ ਉਤੇ ਵਿਰੋਧੀ ਧਿਰ ਦੇ ਹਮਲੇ ਦੀ ਗਰਮੀ ਝੱਲਰਹੀ ਮੋਦੀ ਸਰਕਾਰ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਉਤੇ ਪਲਟ ਬਾਰ ਕਰਦਿਆਂ ਕਿਹਾ ਕਿ ਕਾਂਗਰਸ ਦੇ 55 ਵਰਿਆਂ ਦੇ ਸਮੇਂ ਵਿਚ ਦਲਿਤਾਂ ਦੇ ਹਿੱਤ 'ਚ ਜੋ ਨਹੀਂ ਹੋਇਆ, ਮੋਦੀ ਸਰਕਾਰ ਨੇ ਸਿਰਫ ਦੋ ਸਾਲ ਦੇ ਸਮੇਂ 'ਚ ਕਰ ਦਿਖਾਇਆ ਹੈ।
ਬਿਲਕੁਲ ਠੀਕ! ਕਾਂਗਰਸ, ਦਲਿਤਾਂ ਨੂੰ ਕੁਟਦੀ ਰਹੀ ਤੇ ਫਿਰ ਉਨਾਂ ਦੇ ਜ਼ਖਮ ਪਲੋਸਦੀ ਰਹੀ। ਭਾਜਪਾ ਸਰਕਾਰ ਮਰੀ ਗਊ ਦੇ ਚੰਮ ਲਾਹੁਣ ਬਦਲੇ, ਦਲਿਤਾਂ ਦੇ ਚੰਮ ਲਾਹੁਣ ਲਈ ਆਪਣੇ “ਸੂਰਮਿਆਂ” ਨੂੰ ਉਕਸਾਉਂਦੀ ਰਹੀ! ਤਦੇ ਤਾਂ “ਸੂਰਮੇ” ਆਂਹਦੇ ਆ, ਦਲਿਤ ਆ ਕੁਟਾਪੇ ਦੇ ਹੱਕਦਾਰ!ਦਲਿਤ ਆ ਭੁਖ, ਨੰਗ, ਦੁੱਖ, ਗਰੀਬੀ ਦੇ ਹੱਕਦਾਰ!
ਉਂਜ ਭਾਈ ਬੜਾ ਤੇਹ ਜਾਗਦਾ ਰਾਹੁਲ ਗਾਂਧੀ ਨੂੰ ਆਪਣੇ ਪਿੰਡਾਂ ਦੇ ਦੌਰਿਆਂ ਦੌਰਾਨ, ਸਿੱਧਾ ਹੀ ਦਲਿਤ ਦੀ ਕੋਠੜੀ 'ਚ ਜਾਊ, ਬੁਢੀ ਕਮਜ਼ੋਰ ਮਾਂ ਨੂੰ ਕਹੂ, ਹਮ ਵੀ ਆਪਕੇ ਸਾਥ ਚਾਏ ਪੀਏਂਗੇ। ਮੋਦੀ ਨੂੰ ਵੀ ਚਾਹ, ਰੋਟੀ ਦਲਿਤਾਂ ਦੇ ਵਿਹੜਿਆਂ ਦੀ ਹੀ ਚੰਗੀ ਲਗਦੀ ਆ। ਪਰ ਭਾਈ ਇਹ ਤਾਂ ਹੁੰਦਾਆ, ਨਿਰਾ ਸੁਪਨਾ ਜਿਹਾ ਉਨਾਂ ਦਾ! ਫਿਰ ਦਿਲੀ ਗਏ, ਪੁਰਾਣੀਆਂ ਗੱਲਾਂ ਠੁੱਸ! ਆਪਣੀ ਕੋਠੀ ਗਦੇਲਿਆਂ 'ਚ ਜਾ ਸੁੱਤੇ, ਪਿਛਲਾ ਸੁਪਨਾ ਹੋ ਜਾਂਦਾ ਕਫੂਰ! ਸੰਸਦ 'ਚ ਜਾ ਕੇ ਤਾਂ ਭਾਈ ਨੀਂਦ ਹੀ ਲਾਹੁੰਦੇ ਆ, ਬਾਹਰ ਕਿਧਰੇ ਲੋਕ ਸੌਂਣ ਦਿੰਦੇ ਆ, ਭੀੜਾਂ ਇੱਕਠੀਆਂ ਕਰ ਲੈਂਦੇ ਆ। ਨੇਤਾ ਜੀਜਿੰਦਾਬਾਦ ਦੇ ਨਾਹਰੇ ਲਾਈ ਜਾਂਦੇ ਆ। ਅਤੇ ਨੇਤਾ ਭਾਈ ਬਾਹਾਂ ਟੁੰਗਕੇ ਜੇਕਰ ਦਲਿਤ ਆ ਤਾਂ ਦਲਿਤਾਂ ਦੇ, ਜੇ ਕਿਸਾਨ ਆ ਤਾਂ ਕਿਸਾਨਾਂ ਦੇ, ਜੇ ਵਪਾਰੀ ਆ ਤਾਂ ਵਪਾਰੀਆਂ ਦੇ, ਜੇ ਮੁਲਾਜ਼ਮ ਆ ਤਾਂ ਮੁਲਾਜ਼ਮ ਦੇ ਗੁਣ ਗਾਈ ਜਾਂਨੇ ਆ, ਉਨਾਂ ਨੂੰ ਪਤਿਆਈ ਜਾਂਦੇ ਆ।
ਉਂਜ ਭਾਈ ਵੇਖੋ ਨਾ, ਸਾਂਸਦ ਨੂੰ ਕਿਧਰੇ ਕੰਮ ਥੋੜੇ ਆ। ਉਨਾਂ ਕੋਲ ਤਾਂ ਪੈਸਾ ਸੰਭਾਲਣ ਜੋਗਾ ਵੀ ਸਮਾਂ ਨਹੀਂ, ਦਲਿਤਾਂ ਨੁੰ ਕਿਵੇਂ ਸੰਭਾਲਣ? ਨੇਤਾ, ਭਾਈ ਜਦੋਂ ਵੱਡਾ ਨੇਤਾ ਬਣ ਜਾਂਦਾ ਆ, ਤਾਂ ਉਹ ਬਣ ਜਾਂਦਾ ਆ ਗਿਰਗਿਟ, ਜਿਵੇਂ ਦਾ ਚਾਹੋ ਉਵੇਂ ਦਾ ਹੀ ਰੰਗ ਬਦਲਣ ਵਾਲਾ। ਹੈ ਕਿ ਨਾ?
ਆਹ ਤਾਂ ਬੜੀ ਮਾੜੀ ਹੋਈ!
ਖ਼ਬਰ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਸਰਕਾਰ ਵਲੋਂ ਆਪਣੇ ਚਹੇਤਿਆਂ ਨੂੰ ਚੇਅਰਮੈਨੀਆਂ ਦੇਣ ਦਾ ਮਕਸਦ ਖਟਾਈ ਵਿਚ ਪੈਂਦਾ ਦਿਖਾਈ ਦੇ ਰਿਹਾ ਹੈ। ਪਾਵਰਕੌਮ ਨਾਲ ਸਬੰਧਤ ਝਗੜਿਆਂ ਦੇ ਨਿਬੇੜੇ ਲਈ ਬਨਣ ਵਾਲੀਆਂ ਕਮੇਟੀਆਂ ਦੇ ਸਿਆਸੀ ਚੇਅਰਮੈਨ ਲਾਉਣ ਲਈਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਮਨਜੂਰੀ ਤਾਂ ਦੇ ਦਿਤੀ ਹੈ ਪਰ ਚੇਅਰਮੈਨਾਂ ਲਈ ਤਜ਼ਵੀਜ਼ਤ ਠਾਠ- ਬਾਠ ਵਾਲੇ ਭੱਤੇ ਤੇ ਸੁਵਿਧਾਵਾਂ ਉਤੇ ਕੈਂਚੀ ਚਲਾ ਦਿਤੀ ਹੈ। ਹੁਣ ਪੰਜਾਬ ਵਿੱਚ 125 ਚੇਅਰਮੈਨ ਕੇਵਲ ਰੁਤਬੇ ਲਈ ਕੰਮ ਕਰਨ ਵਾਲੇ ਲੱਭਣੇ ਪੈਣਗੇ।
ਪੰਜਾਬ 'ਚ 'ਰਾਜ ਨਹੀਂ ਸੇਵਾ' ਦਾ ਯੁੱਗ ਆ ਭਾਈ! ਜਿਵੇਂ ਹੁਣ ਵਾਲੇ 'ਰਾਜੇ' “ਰਾਜ” ਵਿੱਚ “ਰਾਜ” ਨਾਲ “ਰਾਜ” ਕਰਦੇ ਆ, ਉਵੇਂ ਹੀ ਇਹ ਨਵੇਂ ਬਣਨ ਵਾਲੇ ਚੇਅਰਮੈਨ ਕਰ ਲਿਆ ਕਰਨਗੇ। ਉਂਜ ਵੀ ਭਾਈ ਜਦੋਂ ਬੰਦੇ ਦੇ ਫੀਤੀ ਲੱਗ ਜਾਂਦੀ ਆ, ਸੌ ਸਲਾਮਾਂ ਕਰਨ ਵਾਲੇ ਲੱਭ ਪੈਂਦੇ ਆ। ਜਦੋਂ ਕਾਰਉਤੇ ਲਾਲ ਬੱਤੀ ਲੱਗ ਜਾਂਦੀ ਆ, ਭਾਵੇਂ ਕਾਰ ਆਪੇ ਮੁੱਲ ਲਈਉ ਹੀ ਕਿਉਂ ਨਾ ਹੋਵੇ, ਬੰਦੇ ਦਾ 'ਸਮਾਜ' 'ਚ ਰੁਤਬਾ ਵੱਧ ਜਾਂਦਾ ਆ। ਬੰਦਾ “ਛੋਟਿਆਂ” ਨਾਲ ਆਕੜ ਕੇ ਬੋਲਦਾ, ਵੱਡਿਆਂ ਬਰੋਬਰ ਖਲੋਕੇ ਉਪਰਲੀ 'ਆਮਦਨ' ਨੂੰ ਹੱਥ ਪਾਉਣ ਜੋਗਾ ਹੋ ਜਾਂਦਾ ਆ।
ਉਂਜ ਆਹ ਤਾਂ ਬੜੀ ਮਾੜੀ ਹੋਈ। ਨਾ ਕੋਈ ਭੱਤਾ,ਨਾ ਤਨਖਾਹ, ਨਾ ਦਫਤਰ, ਨਾ ਚਾਹ ਨਾ ਪਾਣੀ। ਨਾ ਕੋਈ ਕੰਮ, ਨਾ ਥੱਲੇ ਕੋਈ ਸਰਕਾਰੀ ਕਾਰ! ਕੋਈ ਹਾਕਮਾਂ ਨੂੰ ਪੁਛੇ, ਇਹ ਚੇਅਰਮੈਨੀ ਕਿਹੋ ਜਿਹੀ ਆ ਸਰਕਾਰ?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਸਾਲ 2015 'ਚ ਭਾਰਤ ਵਿੱਚ 5,01,423 ਸੜਕੀ ਦੁਰਘਟਨਾਵਾਂ ਵਿੱਚ 1,46,133 ਲੋਕ ਮਾਰੇ ਗਏ। ਔਸਤਨ ਇੱਕ ਘੰਟੇ ਵਿੱਚ 17 ਲੋਕਾਂ ਦੀ ਮੌਤ ਹੋਈ।
ਸਾਲ 2015 'ਚ ਭਾਰਤ ਵਿੱਚ ਮਾਨਵ ਅਧਿਕਾਰ ਉਲੰਘਣਾ ਦੇ 1,17,428 ਮਾਮਲੇ ਦਰਜ਼ ਹੋਏ, ਜਦਕਿ ਸਾਲ 2014 ਵਿੱਚ 1,13,871 ਅਤੇ ਸਾਲ 2013 ਵਿੱਚ 97,911 ਮਾਮਲੇ ਦਰਜ਼ ਹੋਏ ਹਨ।
ਇੱਕ ਵਿਚਾਰ
ਜੇਕਰ ਅਸੀਂ ਮੰਨਦੇ ਹਾਂ ਕਿ ਆਉਣ ਵਾਲਾ ਕੱਲ, ਅੱਜ ਨਾਲੋਂ ਚੰਗਾ ਹੋਏਗਾ, ਤਾਂ ਅਸੀਂ ਅੱਜ ਦੀਆਂ ਔਖਿਆਈਆਂ ਨੂੰ ਝੱਲ ਸਕਦੇ ਹਾਂ ………..ਥਿਕ ਨਾਤ ਹਾਨ ।
-
ਗੁਰਮੀਤ ਪਲਾਹੀ,
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.