ਖ਼ਬਰ ਹੈ ਕਿ ਸਾਬਕਾ ਕ੍ਰਿਕਟਰ ਅਤੇ ਕੁਮੈਂਟੇਟਰ ਨਵਜੋਤ ਸਿੰਘ ਸਿੱਧੂ ਦੀ ਸਿਆਸੀ ਹੋਣੀ ਬਾਰੇ ਪੰਜਾਬ ਦੇ ਸਿਆਸੀ ਗਲਆਰਿਆਂ 'ਚ ਤਰਾਂ-ਤਰਾਂ ਦੇ ਚਰਚੇ ਹਨ। ਜਿਥੇ ਕਿਤੇ ਵੀ ਚਾਰ ਬੰਦੇ ਬੈਠੇ ਹਨ, ਉਥੇ ਨਵਜੋਤ ਸਿੰਘ ਸਿੱਧੂ ਦੇ ਭਾਜਪਾ ਤੋਂ ਅਸਤੀਫੇਦੀ ਚਰਚਾ ਕਰ ਰਹੇ ਹਨ। ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਵੀ ਅਜੇ ਤੱਕ ਭਾਜਪਾ ਤੋਂ ਅਸਤੀਫਾ ਨਹੀਂ ਦਿਤਾ। ਉਪਰ ਖਬਰ ਇਹ ਵੀ ਹੈ ਕਿ ਅਕਾਲੀ ਦਲ [ਬਾਦਲ] ਵਲੋਂ ਮੁਅੱਤਲ ਕੀਤੇ ਪਰਗਟ ਸਿੰਘ ਐਮ. ਐਲ. ਏ. ਨੇ ਕਿਹਾਹੈ ਕਿ ਸੁਖਬੀਰ ਨੂੰ ਚਮਚਿਆਂ ਤੇ ਦਲਾਲਾਂ ਨੇ ਘੇਰ ਰੱਖਿਆ ਹੈ ਅਤੇ ਦੂਜੇ ਅਕਾਲੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਸੁਖਬੀਰ ਸਿੰਘ ਨੂੰ ਦਰਯੋਧਨ, ਬਿਕਰਮ ਸਿੰਘ ਮਜੀਠੀਏ ਨੂੰ ਸ਼ੁਕਨੀ ਅਤੇ ਵੱਡੇ ਬਾਦਲ ਨੂੰ ਮਹਾਭਾਰਤ ਦੇ ਧ੍ਰਿਤਰਾਸ਼ਟਰਆਖਕੇ ਪੰਜਾਬ ਦੀ ਸਿਆਸਤ ਗਰਮਾ ਦਿਤੀ ਹੈ। ਇਨਾਂ ਦੋਹਾਂ ਨੇ ਸਿੱਧੂ ਜੋੜੀ ਦੀ ਪ੍ਰਸੰਸਾ ਕੀਤੀ ਹੈ। ਨਵਜੋਤ ਸਿੰਘ ਸਿੱਧੂ ਨੇ ਆਖਿਆ ਹੈ ਕਿ ਉਹ ਹੁਣ ਪੰਜਾਬ ਦੀ ਸੇਵਾ ਕਰਨਗੇ।
ਪੰਜਾਬ 'ਚ ਤਾਂ ਭਾਈ ਪਹਿਲਾ ਹੀ ਸੇਵਾ ਕਰਨ ਵਾਲੇ ਉਤਰੇ ਹੋਏ ਆ, ਕੋਈ ਦਿਲੀਓਂ ਆਇਆ ਹੋਇਐ, ਕੋਈ ਯੂ.ਪੀ ਤੋਂ, ਕੋਈ ਬਿਹਾਰ ਤੋਂ ਆਇਆ ਹੋਇਐ ਅਤੇ ਕੋਈ ਨਾਗਪੁਰੋਂ, ਅਤੇ ਆਹ ਲਉ ਰਹਿੰਦੀ ਕਸਰ ਪਿਛਲੇ ਪੰਜ ਵਰੇ ਬੰਬੇ ਠਹਾਕੇ ਲਾਉਂਦੇ ਰਹੇਸਿੱਧੂ ਹੁਰੀਂ ਪੰਜਾਬ ਆਕੇ ਪੂਰੀ ਕਰ ਦੇਣਗੇ। ਸੇਵਾ ਕਰਨ ਵਾਲੇ ਤਾਂ ਪੰਜਾਬ ਦੇ ਬਾਬੇ ਹੀ ਬਥੇਰੇ ਆ, ਕੋਈ ਡੇਰਿਆਂ 'ਚ ਬੈਠਾ, ਬੀਬੀਆਂ ਦੇ ਸਿਰ ਤੇ ਮੰਤਰ ਫੂਕੀ ਜਾਂਦਾ ਆ, ਕੋਈ ਹੱਥ 'ਚ ਰਾਜ ਨਹੀਂ ਸੇਵਾ ਦਾ ਚਿਮਟਾ ਢੋਲਕ ਫੜਕੇ ਸੰਗਤ ਦਰਸ਼ਨ ਕਰੀਜਾਂਦਾ।ਕੋਈ ਪਾਣੀ ਦੀ ਸੇਵਾ ਕਰੀ ਜਾਂਦਾ ਤੇ ਕੋਈ ਕੈਪਟਨ ਵਰਗਾ ਪਾਣੀ 'ਚ ਮਧਾਣੀ ਪਾਕੇ ਰਿੜਕੀ ਜਾਂਦਾ। ਪੰਜਾਬ ਵਿਚਾਰਾ ਏਕ ਆ ਅਤੇ ਚੂੰਡਣ ਵਾਲੇ ਅਨੇਕ ਆ। ਪਤਾ ਨਹੀਂ ਆ ਨੇਤਾਵਾਂ ਦੀ ਡਾਰ ਜਿਹੀ ਹੁਣ ਕਿਧਰੋਂ ਆ ਗਈ। ਕੋਈ ਆਂਹਦਾ, ਕੁਰਸੀਸਾਂਭਣ ਦਿਉ, ਕਿਸਾਨਾਂ ਨੂੰ ਖੁਦਕੁਸ਼ੀ ਨਹੀਂ ਕਰਨ ਦਿਆਂਗੇ। ਕੋਈ ਆਂਹਦਾ ਰਤਾ ਸਾਹ ਲਓ, “ਦਿਨਾਂ 'ਚ ਬੇਰੁਜ਼ਗਾਰੀ, ਨਸ਼ਾ, ਭ੍ਰਿਸ਼ਟਾਚਾਰ ਖਤਮ ਕਰ ਦਿਆਂਗੇ। ਪਰ ਪਤਾ ਨਹੀਂ ਕਿਉਂ, ਕੋਈ ਨਹੀਂ ਆਂਹਦਾ; ਪੰਜਾਬ 'ਚ ਪੜਾਈ ਸਸਤੀ ਕਰ ਦਿਆਂਗੇ;ਪੰਜਾਬ 'ਚ ਦੁਆਈ ਸਸਤੀ ਕਰ ਦਿਆਂਗੇ; ਪੰਜਾਬ'ਚ ਮਹਿੰਗਾਈ ਨੂੰ ਨੱਥ ਪਾ ਦਿਆਂਗੇ। ਪੰਜਾਬੀਆਂ ਨੂੰ ਰੁਲਣ-ਖੁਲਣ ਲਈ ਵਿਦੇਸ਼ ਜਾਣੋ ਰੋਕ ਦਿਆਂਗੇ। ਪੰਜਾਬ 'ਚ ਗੁੰਡਾ-ਗਰਦੀ ਰੋਕ ਦਿਆਂਗੇ।
ਕਰਨ ਕੀ ਵਿਚਾਰੇ ਨੇਤਾ, ਇਹ ਖਿਡੋਣੇ ਆ। ਜਿੰਨੀ ਕੁ ਚਾਬੀ ਉਪਰੋਂ ਭਰੀ ਜਾਂਦੀ ਆ, ਉਤਨਾ ਕੁ ਹੀ ਬੋਲ ਦਿੰਦੇ ਆ। ਬਾਕੀ ਉਪਰਲਾ ਹੀ ਜਾਣੇ। ਉਂਜ ਨਹੀਂ ਰੀਸਾਂ ਆਗੂਆਂ ਦੀਆਂ, ਜਿਹੜੇ ਪਰਗਟ, ਬੁਲਾਰੀਏ ਵਰਗੇ ਸੁਖਬੀਰ ਦੀ ਹਰ ਵੇਲੇ ਕੌਡੀ ਕੌਡੀਕਰਦੇ ਸੀ, ਤੇ ਸਿੱਧੂ ਵਰਗਿਆਂ ਦਾ ਵੱਡੇ ਬਾਦਲ ਨੂੰ ਬਾਪੂ, ਬਾਪੂ ਕਹਿੰਦਿਆਂ ਮੂੰਹ ਸੁਕਦਾ ਸੀ, ਉਨਾਂ ਦੀ ਕੁਰਸੀ ਢਹਿੰਦੀ ਵੇਖ, ਵਾਹੋ-ਦਾਹੀ ਦੌੜਦੇ ਉਹੀ ਕੁਰਸੀ ਮੱਲਣ ਨੂੰ ਕਾਹਲੇ, ਹੋਏ ਪਏ ਆ।
ਉਂਜ ਪੰਜਾਬ 'ਚ ਤਾਂ ਨੇਤਾ ਇਸ ਕੁਰਸੀ ਨੂੰ ਸਾਂਭਣ ਲਈ ਹਰ ਹਰਬਾ ਵਰਤ ਰਹੇ ਆ। ਕੋਈ ਹੱਥ ਕਲਮ ਫੜੀ ਫਿਰਦਾ, ਕੋਈ ਡਾਂਗ। ਕੋਈ ਟੈਲੀਵੀਜ਼ਨ ਤੇ ਅੰਧਾ ਧੁੰਦ ਬੋਲੀ ਜਾਂਦਾ, ਕੋਈ ਅਖ਼ਬਾਰਾਂ 'ਚ ਅੱਖਰ ਕਾਲੇ ਕਰੀ ਜਾਂਦਾ। ਆਪੋ ਆਪਣੇਹਥਿਆਰ,ਆਪੋ ਆਪਣੀਆਂ ਫੋਜਾਂ ਲਈ ਫਿਰਦੇ ਨੇਤਾ ਨਾ ਦਿਨੇ ਸੌਂਦੇ ਆ ਨਾ ਰਾਤ। ਐਨਾ ਮਹੌਲ ਗਰਮ ਹੋਇਐ ਪਿਐ ਪੰਜਾਬ ਦਾ, ਇਵੇਂ ਲਗਦਾ ਜਿਵੇਂ ਲਾਮ ਲੱਗੀ ਹੋਵੇ। ਜਰਨੈਲ ਆਪਣੀ ਥਾਂ, ਸਿਪਾਹੀ ਆਪਣੀ ਥਾਂ, ਪਿਆਦੇ ਆਪਣੀ ਥਾਂ, ਪੂਰੇ ਤਿਆਰ-ਵਰ-ਤਿਆਰ! ਇਹੋ ਜਿਹਾ ਜੋਸ਼ੋ-ਖਰੋਸ਼ ਵੇਖ ਕੇ ਅੱਜ ਜੇ ਕਿਧਰੇ ਕਬਰਾਂ 'ਚੋਂ ਸ਼ਾਹ ਮੁਹੰਮਦ ਉਠ ਪਵੇ ਤਾਂ ਬੱਸ ਇਹੋ ਗੱਲ ਆਖੇ, “ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ।” ਅੱਗੋਂ ਉਹਦੇ ਤੋਂ ਵੀ ਕੋਈ ਅੱਖਰ ਉਚਾਰਿਆ ਨਹੀਂ ਜਾਣਾ ਪੰਜਾਬ ਦੀ ਹਾਲਤ ਦੇਖਕੇ।ਕਿਉਂਕਿ ਨੇਤਾਵਾਂ ਨੂੰ ਕੀ? ਪੰਜਾਬ ਮਰੇ! ਪੰਜਾਬ ਡੁਬੇ। ਪੰਜਾਬ ਜਲੇ। ਪੰਜਾਬ ਲੁਟਿਆ ਜਾਏ। ਪੰਜਾਬ ਪਵੇ ਢੱਠੇ ਖੂਹ 'ਚ। ਉਨਾਂ ਨੂੰ ਤਾਂ ਭਾਈ ਹਰ ਹੀਲੇ ਕੁਰਸੀ ਚਾਹੀਦੀ ਆ ਤੇ ਇਹਦੇ ਲਈ ਉਹ ਭਾਈ ਤੇਗ ਵੀ ਵਾਹੁੰਣਗੇ, ਪੈਸਾ ਧੈਲਾ ਵੀ ਗੁਆ ਦਣਗੇ ਅਤੇਮਿੱਠੀ-ਮੀਸਣੀ ਬੋਲੀ ਵੀ ਬੋਲਣਗੇ। ਤੇ ਸ਼ਾਹ ਮੁਹੰਮਦ ਤਾਂ ਭਾਈ ਇਹੋ ਜਿਹੀਆਂ ਕਈ ਜੰਗਾਂ ਪਹਿਲਾਂ ਹੀ ਅੱਖੀਂ ਵੇਖ ਚੁੱਕਾ!!
ਸਾਡਾ ਵੀ ਖਿਆਲ ਰੱਖਣਾ ਜੀ
ਖ਼ਬਰ ਹੈ ਕਿ ਕੇਂਦਰ ਸਰਕਾਰ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਡੁਪਲੀਕੇਟ ਤੇ ਗਲਤ ਤਰੀਕੇ ਨਾਲ ਸਬਸਿਡੀ ਵਾਲੇ ਗੈਸ ਸਿਲੰਡਰ ਲੈਣ ਵਾਲਿਆਂ ਤੇ ਰੋਕ ਲਗਾਕੇ ਕੇਂਦਰ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ 21ਹਜ਼ਾਰ ਕਰੋੜ ਰੁਪਏ ਦੀ ਬੱਚਤ ਕੀਤੀ ਹੈ।ਮੰਤਰਾਲੇ ਵਲੋਂ ਦਿਤੀ ਜਾਣਕਾਰੀ ਮੁਤਾਬਕ 1 ਅਪ੍ਰੈਲ 2015 ਤੱਕ 334 ਕਰੋੜ ਗਲਤ ਤੇ ਡੁਪਲੀਕੇਟ ਗਾਹਕਾਂ ਦੀ ਪਛਾਣ ਕੀਤੀ ਗਈ ਸੀ ਜੋ ਪਿਛਲੇ ਕਈ ਸਾਲਾਂ ਤੋਂ ਸਬਸਿਡੀ ਵਾਲੇ ਗੈਸ ਸਿਲੰਡਰ ਹਾਸਲਕਰ ਰਹੇ ਸਨ।
ਚਲੋ ਚੰਗਾ ਹੋਇਆ ਕੁਝ ਬੱਚਤ ਤਾਂ ਹੋਈ ਸਰਕਾਰ ਨੂੰ। ਨਹੀਂ ਤਾਂ ਭਾਈ ਮੰਤਰੀਆਂ, ਸੰਤਰੀਆਂ, ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰੇ ਹੀ ਖਜ਼ਾਨੇ ਨੂੰ ਸਾਹ ਨਹੀਂ ਲੈਣ ਦੇਂਦੇ, ਜਿਨਾਂ ਦੇ ਜਹਾਜ਼, ਕਾਰਾਂ ਪੈਟਰੋਲ ਪੀ ਜਾਂਦੇ ਆ, ਮਿਲਦੇ ਨਿੱਤ ਦੇ ਭੱਤੇ ਖਜ਼ਾਨੇ ਖਾਲੀਕਰੀ ਜਾਂਦੇ ਆ। ਮੰਤਰੀਆਂ ਨੂੰ ਦੌਰੇ ਤੇ ਦੌਰਾ ਪਿਆ ਰਹਿੰਦਾ ਤੇ ਉਨਾਂ ਦੌਰਿਆਂ ਨੂੰ 'ਵੇਖਕੇ ਦੇਸ਼ ਦੀ ਜਨਤਾ “ ਗਰੀਬੀ ਦੇ ਵੱਡੇ ਦੌਰ” 'ਚ ਸ਼ਾਮਲ ਹੁੰਦੀ ਜਾਂਦੀ ਆ, ਜਿਨਾਂ ਨੂੰ ਦੋ ਡੰਗ ਦਾ ਸਾਦਾ ਭੋਜਨ ਵੀ ਨਸੀਬ ਨਹੀਂ ਹੁੰਦਾ। ਆਹ ਭਾਈ ਮਨ ਕੀ ਬਾਤਵਾਲਿਓ ਸਾਡਾ ਖਿਆਲ ਰੱਖਣਾ ਜੀ, ਕੋਈ ਹੋਰ ਨਵੀਂ ਸਕੀਮੀ ਸ਼ੁਰਲੀ ਛੱਡਣ ਤੋਂ ਪਹਿਲਾਂ, ਆਹ ਕੀਤੀ ਹੋਈ ਬੱਚਤ ਵਿਚੋਂ ਸਾਡੇ ਪੱਲੇ ਵੀ ਚਾਰ ਦਾਣੇ ਪਾ ਦੇਣਾ ਤਾਂ ਕਿ ਅਸੀਂ ਵੀ ਆਪਣੇ ਢਿੱਡ ਨੂੰ ਝੁਲਕਾ ਦੇ ਸਕੀਏ!
ਸੌਂ ਜਾ ਬੇਬੀ ਸੌਂ ਜਾ
ਖ਼ਬਰ ਹੈ ਕਿ ਗੁਜਰਾਤ ਵਿੱਚ ਦਲਿਤਾਂ ਦੀ ਕੁੱਟਮਾਰ ਦੇ ਮਾਮਲੇ ਨੂੰ ਲੈਕੇ ਪਾਰਲੀਮੈਂਟ ਵਿੱਚ ਭਾਰੀ ਹੰਗਾਮਾ ਹੋਇਆ। ਜਦੋਂ ਸਦਨ ਵਿਚ ਗਰਮਾ ਗਰਮ ਬਹਿਸ ਚੱਲ ਰਹੀ ਸੀ, ਉਸ ਵੇਲੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੀਂਦ ਦਾ ਮਜ਼ਾ ਲੈ ਰਹੇ ਸਨ।ਜਦੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਇਸ ਮੁੱਦੇ ਉਤੇ ਬਿਆਨ ਦੇ ਰਹੇ ਸਨ, ਉਦੋਂ ਰਾਹੁਲ ਆਪਣੀ ਸੀਟ 'ਤੇ ਸੁੱਤੇ ਨਜ਼ਰ ਆਏ! ਵੱਡਿਆਂ ਦਾ ਜ਼ੁਲਮ ਜ਼ਬਰ ਸਹਿ ਰਿਹਾ ਜਦ ਭਾਈ ਦੇਸ਼ ਹੀ ਸੁੱਤਾ ਪਿਆ, ਤਾਂ ਦੇਸ਼ ਦਾ ਵੱਡਾ ਨੇਤਾ ਵੀ ਤਾਂ ਲੋਕਾਂ ਵਿਚੋਂ ਹੀ ਆ।ਨੇਤਾ ਨੂੰ ਨਾ ਰੋਂਦੇ ਲੋਕ ਦੀਹਦੇ ਆ ਨਾ ਨੰਗੇ ਭੁੱਖੇ। ਉਹਨੂੰ ਨਾ ਕੁੱਟ ਖਾ ਰਹੇ ਲੋਕ ਦੀਹਦੇ ਆ, ਨਾ ਗੋਲੀਆਂ ਖਾ ਰਹੇ। ਉਹ ਤਾਂ ਕੁੰਭਕਰਨ ਦੀ ਨੀਂਦ ਸੁੱਤਾ ਪਿਆ। ਵੈਸੇ ਆਪਣਾ ਆਹ ਲਾਡਲਾ ਰਾਹੁਲ ਤਾਂ ਹਾਲੀ ਸੌਂਣ ਦੀ ਵੱਡਿਆਂ ਤੋਂ ਟਰੇਂਨਿੰਗ ਹੀ ਲੈ ਰਿਹਾ,ਹੋਰ ਵੱਡਾ ਨੇਤਾ ਬਨਣ ਦੀ। ਇਹ ਤਾਂ ਵਿਚਾਰਾ ਕਦੇ ਕਦੇ ਨੀਂਦਰੋਂ ਉਠਕੇ ਗਰੀਬਾਂ ਦੀਆਂ ਕੁਲੀਆਂ 'ਚ ਚਾਹ ਦੀਆਂ ਚੁਸਕੀਆਂ ਲਾ ਆਉਂਦਾ, ਉਨਾਂ ਦੇ ਬੱਚਿਆਂ ਨਾਲ ਲੁਕਣ ਮੀਟੀ ਖੇਡ ਆਉਂਦਾ ਅਤੇ ਆਉਂਦਾ ਹੋਇਆ, ਬੱਚਿਆਂ ਨੂੰ ਥਪਕੀ ਦੇਕੇ ਸੁਆਉਣਲਈ ਲੋਰੀ ਗਾ ਆਉਂਦਾ, “ਸੌ ਜਾ ਬੇਬੀ ਸੌਂ ਜਾ” ਤਾਂ ਕਿ ਬੇਬੀ ਸੁੱਤਾ ਰਹੇ, ਉਹਦੇ ਮਾਂ-ਪਾਪਾ ਉਹਦੇ ਲਈ ਦੁਧ-ਪਾਣੀ ਦੇ ਜੁਗਾੜ 'ਚ ਲੱਗੇ ਰਹਿਣ ਤੇ ਆਪਣਾ ਨੇਤਾ ਬੇਫਿਕਰ ਹੋ ਆਪਣੇ ਕੁਰਸੀ ਤੇ ਸੁੱਤਾ ਰਹੇ।
ਨਾ ਮੁੱਖ ਮੋੜ ਵੇ ਸੱਜਣਾ
ਖ਼ਬਰ ਹੈ ਕਿ ਪੰਜਾਬ ਸਰਕਾਰ ਨੇ ਭਾਵੇਂ ਪ੍ਰਵਾਸੀ ਭਾਰਤੀਆਂ ਦੇ ਮਸਲੇ ਹੱਲ ਕਰਨ ਲਈ ਐਨ ਆਰ ਆਈ ਕਮਿਸ਼ਨ ਬਨਾਉਣ ਦੀ ਪਹਿਲ ਕੀਤੀ ਸੀ ਪਰ ਇਸ ਕਮਿਸ਼ਨ ਲਈ ਪੰਜਾਬ ਸਰਕਾਰ ਨੇ ਨਿਯਮ ਤਹਿ ਨਹੀਂ ਕੀਤੇ ਅਤੇ ਨਾ ਹੀ ਕਮਿਸ਼ਨ ਨੂੰਪੂਰੀਆਂ ਸ਼ਕਤੀਆਂ ਦਿਤੀਆਂ ਹਨ। ਪੰਜਾਬ ਸਰਕਾਰ ਨੇ ਕਮਿਸ਼ਨ ਨਵੰਬਰ 2011 'ਚ ਬਣਾਇਆ ਸੀ, ਜਿਸ ਤੋਂ ਐਨ. ਆਰ. ਆਈਜ ਨੂੰ ਉਮੀਦਾਂ ਬਣੀਆ ਸਨ ਕਿ ਉਨਾਂ ਦੇ ਮਸਲੇ ਹੱਲ ਹੋ ਜਾਣਗੇ।
ਐਨ. ਆਰ. ਆਈ. ਭਾਈ ਤਾਂ ਪੰਜਾਬ ਦੀ ਸਰਕਾਰ ਨੂੰ ਟਕੇ ਸੇਰ ਨਹੀਂ ਪੁੱਛਦੇ। ਬੱਸ ਇਕੋ ਗੱਲ ਆਖੀ ਜਾਂਦੇ ਆ, “ਪੰਜਾਬ ਸਰਕਾਰ ਬੜੀ ਮਾੜੀ ਆ, ਪ੍ਰਵਾਸੀਆਂ ਦਾ ਭਲਾ ਕੋਈ ਨਹੀਂ ਕਰਦੀ”। ਤਦੇ ਭਾਈ ਅੱਕੀ, ਥੱਕੀ, ਲਾਰਾ-ਲੱਪਾ ਸਰਕਾਰ ਨੇ'ਪ੍ਰਵਾਸੀਆਂ ਤੋਂ ਮੁਖ ਮੋੜ ਲਿਆ। ਜਿਹੜੀ ਸਰਕਾਰ ਕੁਝ ਖਾਸ ਪ੍ਰਵਾਸੀਆਂ ਨੂੰ ਹੂਟਰਾਂ ਵਾਲੀਆਂ ਗੱਡੀਆਂ ਤੇ ਹੂਟੇ ਦਿੰਦੀ ਸੀ, ਹੱਥੀ ਛਾਵਾਂ ਕਰਦੀ ਸੀ, ਉਹ ਤਾਂ ਭਾਈ ਰੁਸੀ ਬੈਠੀ ਆ। ਕੀ ਕਰੇ ਪੰਜਾਬ ਦੀ ਸਰਕਾਰ, ਬਥੇਰਾ ਆਂਹਦੀ ਰਹੀ ਪ੍ਰਵਾਸੀਆਂ ਨੂੰ“ਨਾ ਮੁਖ ਮੋੜ ਵੇ ਸੱਜਣਾ” ਸਾਨੂੰ ਤਾਂ ਤੇਰੀ ਲੋੜ ਵੇ ਸੱਜਣਾ, ਪਰ ਸੱਜਣਾ ਨੇ ਸਰਕਾਰ ਦੀ ਸੁਣੀ ਕੋਈ ਨਾ ਅਤੇ ਸਰਕਾਰ ਨੇ ਕਰਤੇ ਪ੍ਰਵਾਸੀਆਂ ਲਈ ਬੂਹੇ ਬੰਦ, ਬਾਰੀਆਂ ਬੰਦ। ਹੁਣ ਤਾਂ ਭਾਈ ਸਿੰਮ ਸਿੰਮ ਖੁਲ ਜਾ ਉਦੋਂ ਹੋਊ, ਜਦੋਂ ਪ੍ਰਵਾਸੀ ਅਗਲੀ ਸਰਕਾਰਲਈ ਰਾਹ ਖੋਲ ਦੇਣਗੇ। ਹੈ ਕਿ ਨਾ?
ਨਹੀਂ ਰੀਸਾਂ ਦੇਸ਼ ਪੰਜਾਬ ਦੀਆਂ
ਭਾਰਤ ਦੀ ਇੱਕ ਸੁਰੱਖਿਆ ਸੰਸਥਾ ਸੀ ਆਈ ਐਸ. ਐਫ ਦਾ ਗਠਨ ਦੇਸ਼ ਦੀਆਂ ਸਰਵਜਨਕ ਉਦਯੋਗਿਕ ਸੰਸਥਾਵਾਂ ਦੀ ਸੁਰੱਖਿਆ ਲਈ 2009 ਵਿਚ ਹੋਇਆ ਸੀ। ਪਰ ਹੁਣ ਇਸ ਸੁਰੱਖਿਆ ਬੱਲ ਦੇ 1128 ਜਵਾਨ ਅੱਠ ਨਿਜੀ ਸੰਗਠਨਾ ਟਾਟਾ,ਰਿਲਾਇਨਸ, ਇਨਫੋਸਿਸ, ਪੰਤਾਜਲੀ ਆਦਿ ਦੀ ਨਿੱਜੀ ਸੁਰੱਖਿਆ 'ਚ ਲੱਗੇ ਹੋਏ ਹਨ। ਇਸ ਬੱਲ ਦੇ ਹਰੇਕ ਜਵਾਨ ਦਾ ਖਰਚਾ ਪ੍ਰਤੀ ਸਾਲ 5.57 ਲੱਖ ਰੁਪਏ ਹੈ ਜੋ ਇਹ ਨਿੱਜੀ ਕੰਪਨੀਆਂ ਚੁਕਦੀਆਂ ਹਨ।
ਇੱਕ ਵਿਚਾਰ
ਜੇਕਰ ਮੇਰੀ ਬੋਲੀ ਦਾ ਦਾਇਰਾ ਸੀਮਤ ਹੈ, ਤਾਂ ਇਸਦਾ ਅਰਥ ਹੈ ਕਿ ਮੇਰੀ ਦੁਨੀਆਂ ਸੰਕੀਰਨ ਹੈ ; ਲੁਡਵਿਗ ਵਿਟਮੇਂਸਟਾਈਨ
-
ਗੁਰਮੀਤ ਸਿੰਘ ਪਲਾਹੀ, Writer , Poet and Columnist
gurmitpalahi@yahoo.com
981580207
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.